Russia-US Talks: ਰੂਸ-ਅਮਰੀਕਾ ਨੇ ਸਬੰਧ ਸੁਧਾਰਨ ਤੇ ਯੂਕਰੇਨ ਜੰਗ ਦੇ ਖ਼ਾਤਮੇ ਬਾਰੇ ਕੀਤੀ ਚਰਚਾ, ਪਰ ਕੀਵ ਨੂੰ ਰੱਖਿਆ ਲਾਂਭੇ
ਦੋਵੇਂ ਮੁਲਕ ਇਕ-ਦੂਜੇ ਦੀਆਂ ਰਾਜਧਾਨੀਆਂ (ਮਾਸਕੋ ਤੇ ਵਾਸ਼ਿੰਗਟਨ) ਵਿਚਲੇ ਆਪੋ-ਆਪਣੇ ਸਫ਼ਾਰਤਖ਼ਾਨਿਆਂ ’ਚ ਅਮਲਾ ਬਹਾਲ ਕਰਨ ਲਈ ਹੋਏ ਸਹਿਮਤ; ਯੂਕਰੇਨ ਦੀ ਸ਼ਮੂਲੀਅਤ ਰਹਿਤ ਕਿਸੇ ਮੀਟਿੰਗ ਦੇ ਫ਼ੈਸਲੇ ਨਹੀਂ ਮੰਨਾਂਗੇ: ਜ਼ੇਲੇਂਸਕੀ
ਰਿਆਧ, 18 ਫਰਵਰੀ
ਰੂਸ ਅਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਮੰਗਲਵਾਰ ਨੂੰ ਸਾਊਦੀ ਅਰਬ ਵਿੱਚ ਮਿਲੇ ਅਤੇ ਆਪਸੀ ਸਬੰਧਾਂ ਨੂੰ ਸੁਧਾਰਨ ਅਤੇ ਨਾਲ ਹੀ ਯੂਕਰੇਨ ਜੰਗ ਖ਼ਤਮ ਕਰਨ ਬਾਰੇ ਵਿਚਾਰਾਂ ਕੀਤੀਆਂ। ਇਹ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਦੇ ਅਧੀਨ ਅਮਰੀਕੀ ਵਿਦੇਸ਼ ਨੀਤੀ ਵਿੱਚ ਵੱਡੀ ਅਤੇ ਅਹਿਮ ਤਬਦੀਲੀ ਨੂੰ ਦਰਸਾਉਂਦੀ ਹੈ।
ਉਂਝ ਇਸ ਮੀਟਿੰਗ ਵਿੱਚ ਕੋਈ ਵੀ ਯੂਕਰੇਨੀ (ਕੀਵ) ਅਧਿਕਾਰੀ ਮੌਜੂਦ ਨਹੀਂ ਸੀ। ਨਾਲ ਹੀ ਅਜਿਹਾ ਉਸ ਸਮੇਂ ਹੋ ਰਿਹਾ ਹੈ, ਜਦੋਂ ਇਸ ਸੰਕਟਗ੍ਰਸਤ ਮੁਲਕ (ਯੂਕਰੇਨ) ਦੇ ਕਰੀਬ ਤਿੰਨ ਸਾਲ ਪਹਿਲਾਂ ਸ਼ੁਰੂ ਹੋਈ ਇਸ ਮਾਰੂ ਜੰਗ ਵਿੱਚ ਰੂਸੀ ਫੌਜਾਂ ਦੇ ਜ਼ੋਰ ਅੱਗੇ ਪੈਰ ਉੱਖੜਦੇ ਦਿਖਾਈ ਦੇ ਰਹੇ ਹਨ।
ਇਸ ’ਤੇ ਟਿੱਪਣੀ ਕਰਦਿਆਂ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (President Volodymyr Zelenskyy) ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਹਫ਼ਤੇ ਦੀ ਗੱਲਬਾਤ ਦੇ ਕਿਸੇ ਵੀ ਨਤੀਜੇ ਨੂੰ ਸਵੀਕਾਰ ਨਹੀਂ ਕਰੇਗਾ, ਜੇ ਇਸ ਵਿਚ ਕੀਵ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਯੂਰਪੀ ਸਹਿਯੋਗੀਆਂ ਨੇ ਵੀ ਯੂਕਰੇਨ ਨੂੰ ਲਾਂਭੇ ਕੀਤੇ ਜਾਣ ਉਤੇ ਚਿੰਤਾ ਪ੍ਰਗਟ ਕੀਤੀ ਹੈ।
ਯੂਕਰੇਨ ਨੂੰ ਲਾਂਭੇ ਰੱਖਦਿਆਂ ਹੋਈ ਇਸ ਮੀਟਿੰਗ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ (US Secretary of State Marco Rubio), ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Russian Foreign Minister Sergey Lavrov) ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਹ ਮੀਟਿੰਗ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਉਤੇ ਜਮੀ ਬਰਫ਼ ਨੂੰ ਪਿਘਲਾਉਣ 'ਤੇ ਕੇਂਦ੍ਰਿਤ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ, ਜਿਨ੍ਹਾਂ ਦੇ ਸਬੰਧ ਯੂਕਰੇਨ ਜੰਗ ਕਾਰਨ ਦਹਾਕਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਏ ਹਨ।
ਮੀਟਿੰਗ ਤੋਂ ਬਾਅਦ ਰੂਬੀਓ ਨੇ ਕਿਹਾ ਕਿ ਦੋਵੇਂ ਧਿਰਾਂ ਵਾਸ਼ਿੰਗਟਨ ਅਤੇ ਮਾਸਕੋ ਵਿੱਚ ਆਪੋ-ਆਪਣੇ ਸਫ਼ਾਰਤਖ਼ਾਨਿਆਂ ਵਿੱਚ ਅਮਲੇ ਨੂੰ ਬਹਾਲ ਕਰਨ ਲਈ ਸਹਿਮਤ ਹੋਈਆਂ ਹਨ ਤਾਂ ਜੋ ਯੂਕਰੇਨ ਸ਼ਾਂਤੀ ਵਾਰਤਾ, ਦੁਵੱਲੇ ਸਬੰਧਾਂ ਅਤੇ ਸਹਿਯੋਗ ਨੂੰ ਵਧੇਰੇ ਵਿਆਪਕ ਤੌਰ 'ਤੇ ਸਮਰਥਨ ਦੇਣ ਲਈ ਮਿਸ਼ਨ ਬਣਾਏ ਜਾ ਸਕਣ। ਦੋਵੇਂ ਦੂਤਾਵਾਸ ਕਈ ਸਾਲਾਂ ਦੌਰਾਨ ਵੱਡੀ ਗਿਣਤੀ ਵਿੱਚ ਡਿਪਲੋਮੈਟਾਂ ਨੂੰ ਕੱਢੇ ਜਾਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। -ਏਪੀ