ਰੂਸ ਨੇ ਨਵੇਂ ਵਰ੍ਹੇ ਮੌਕੇ ਯੂਕਰੇਨ ’ਤੇ ਰਿਕਾਰਡ ਡਰੋਨ ਦਾਗ਼ੇ
ਕੀਵ, 1 ਜਨਵਰੀ
ਰੂਸ ਨੇ ਨਵੇਂ ਵਰ੍ਹੇ ਮੌਕੇ ਯੂਕਰੇਨ ’ਤੇ ਰਿਕਾਰਡ 90 ਡਰੋਨ ਦਾਗ਼ੇ। ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਵੀ ਜਵਾਬੀ ਹਮਲੇ ਕੀਤੇ ਹਨ। ਖ਼ਿੱਤੇ ਦੇ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਓਲੇਹ ਕੀਪਰ ਨੇ ਕਿਹਾ ਕਿ 87 ਡਰੋਨਾਂ ਨੂੰ ਮਾਰ ਸੁੱਟਿਆ ਪਰ ਉਨ੍ਹਾਂ ’ਚੋਂ ਇਕ ਦਾ ਮਲਬਾ ਓਡੇਸਾ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ’ਤੇ ਡਿੱਗਿਆ ਜਿਸ ਕਾਰਨ 15 ਸਾਲ ਦੇ ਇਕ ਲੜਕੇ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਮਲਬੇ ਕਾਰਨ ਕੁਝ ਥਾਵਾਂ ’ਤੇ ਅੱਗ ਵੀ ਲੱਗ ਗਈ। ਲੀਵ ’ਚ ਰੋਮਨ ਸ਼ੁਖੇਵਿਚ ਨੂੰ ਸਮਰਪਿਤ ਇਕ ਅਜਾਇਬਘਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਡੁਬਲਿਆਨੀ ’ਚ ਇਕ ਯੂਨੀਵਰਸਿਟੀ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਧਰ ਯੂਕਰੇਨ ਵੱਲੋਂ ਰੂਸੀ ਕਬਜ਼ੇ ਵਾਲੇ ਇਲਾਕੇ ਦੋਨੇਤਸਕ ’ਚ ਕੀਤੇ ਗਏ ਹਮਲੇ ਦੌਰਾਨ ਚਾਰ ਵਿਅਕਤੀ ਮਾਰੇ ਗਏ ਅਤੇ 13 ਹੋਰ ਜ਼ਖ਼ਮੀ ਹੋ ਗਏ। ਰੂਸੀ ਮੀਡੀਆ ਮੁਤਾਬਕ ਮ੍ਰਿਤਕਾਂ ’ਚ ਇਕ ਪੱਤਰਕਾਰ ਵੀ ਸ਼ਾਮਲ ਹੈ ਪਰ ਹੋਰ ਵੇਰਵੇ ਨਹੀਂ ਦਿੱਤੇ ਗਏ। ਖੇਤਰੀ ਗਵਰਨਰ ਵਯਾਚੇਸਲਾਵ ਗਲੈਡਕੋਵ ਨੇ ਕਿਹਾ ਕਿ ਰੂਸੀ ਸਰਹੱਦ ’ਤੇ ਪੈਂਦੇ ਸ਼ੇਬੇਕਿਨੋ ਕਸਬੇ ਉਪਰ ਗੋਲਾਬਾਰੀ ਦੌਰਾਨ ਇਕ ਵਿਅਕਤੀ ਹਲਾਕ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। -ਏਪੀ