ਰੂਸ ਕੋਲ ਕਲੱਸਟਰ ਬੰਬਾਂ ਦਾ ਲੋੜੀਂਦਾ ਭੰਡਾਰ: ਪੂਤਨਿ
ਕੀਵ, 16 ਜੁਲਾਈ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਨੇ ਕਿਹਾ ਕਿ ਰੂਸ ਕੋਲ ਕਲੱਸਟਰ ਬੰਬਾਂ ਦਾ ਲੋੜੀਂਦਾ ਭੰਡਾਰ ਹੈ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਯੂਕਰੇਨ ਨੇ ਇਸ ਵਿਵਾਦਤ ਹਥਿਆਰ ਦੀ ਵਰਤੋਂ ਕੀਤੀ ਤਾਂ ਰੂਸ ਇਸ ਕਾਰਵਾਈ ਦਾ ਢੁੱਕਵਾਂ ਜਵਾਬ ਦੇਵੇਗਾ।
ਅਮਰੀਕਾ ਵੱਲੋਂ ਯੂਕਰੇਨ ਨੂੰ ਕਲੱਸਟਰ ਹਥਿਆਰ ਮੁਹੱਈਆ ਕਰਵਾਏ ਜਾਣ ਮਗਰੋਂ ਪੂਤਨਿ ਨੇ ਕਿਹਾ ਕਿ ਰੂਸ ਨੇ ਹੁਣ ਤੱਕ ਯੂਕਰੇਨ ਖ਼ਿਲਾਫ਼ ਜੰਗ ’ਚ ਕਲਸਟਰ ਬੰਬਾਂ ਦੀ ਵਰਤੋਂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ, ‘ਹੁਣ ਤੱਕ ਅਸੀਂ ਇਹ ਨਹੀਂ ਕੀਤਾ। ਅਸੀਂ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਸਾਨੂੰ ਅਜਿਹਾ ਕਰਨ ਦੀ ਲੋੜ ਹੈ।’ ਰੂਸੀ ਰਾਸ਼ਟਰਪਤੀ ਨੇ ਇਹ ਗੱਲ ਇੱਕ ਟੀਵੀ ਇੰਟਰਵਿਊ ਦੌਰਾਨ ਕਹੀ ਹੈ। ਰੋਸੀਆ ਟੀਵੀ ਰਿਪੋਰਟਰ ਪਾਵੇਲ ਜ਼ਾਰੂਬਨਿ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਇਸ ਇੰਟਰਵਿਊ ਦੇ ਹਿੱਸੇ ਪ੍ਰਕਾਸ਼ਤ ਕੀਤੇ ਹਨ। ਪੈਂਟਾਗਨ ਨੇ ਲੰਘੇ ਵੀਰਵਾਰ ਦੱਸਿਆ ਸੀ ਕਿ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਗਏ ਕਲੱਸਟਰ ਹਥਿਆਰ ਯੂਕਰੇਨ ਪਹੁੰਚ ਗਏ ਹਨ। ਅਮਰੀਕਾ ਇਨ੍ਹਾਂ ਹਥਿਆਰਾਂ ਨੂੰ ਕੀਵ ਨੂੰ ਉਸ ਦੇ ਹਮਲੇ ਵਧਾਉਣ ਅਤੇ ਰੂਸ ਦੇ ਮੋਹਰੀ ਮੋਰਚਿਆਂ ਤੋਂ ਅੱਗੇ ਵਧਣ ’ਚ ਮਦਦ ਕਰਨ ਲਈ ਲੋੜੀਂਦੇ ਹਥਿਆਰਾਂ ਦੇ ਇਕ ਰੂਪ ਵਜੋਂ ਦੇਖਦਾ ਹੈ। -ਏਪੀ
ਰੂਸ ਨੇ ਡਰੋਨ ਹਮਲੇ ਕੀਤੇ: ਯੂਕਰੇਨ
ਯੂਕਰੇਨ ਦੀ ਫੌਜ ਨੇ ਕਿਹਾ ਕਿ ਲੰਘੇ 24 ਘੰਟਿਆਂ ਅੰਦਰ ਰੂਸ ਨੇ ਯੂਕਰੇਨ ’ਤੇ ਇਰਾਨ ’ਚ ਬਣੇ ਸ਼ਾਹਿਦ ਡਰੋਨ, ਦੋ ਕਰੂਜ਼ ਮਿਜ਼ਾਈਲਾਂ ਤੇ ਦੋ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮਿਜ਼ਾਈਲਾਂ ਦਾਗੀਆਂ ਹਨ। ਇਸ ਤੋਂ ਇਲਾਵਾ ਰੂਸ ਵੱਲੋਂ 40 ਹਵਾਈ ਹਮਲੇ ਤੇ 46 ਰਾਕੇਟ ਹਮਲੇ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਵੱਲੋਂ ਲਗਾਤਾਰ ਯੂਕਰੇਨ ਪੂਰਬੀ ਸਨਅਤੀ ਖੇਤਰ ’ਤੇ ਹਮਲੇ ਕੀਤੇ ਜਾ ਰਹੇ ਹਨ। ਦੋਨੇਸਤਕ ਖੇਤਰ ਦੇ ਗਵਰਨਰ ਪਾਵਲੋ ਕਿਰੀਲੈਂਕੋ ਨੇ ਕਿਹਾ ਕਿ ਰੂਸ ਵੱਲੋਂ ਕੀਤੇ ਗਏ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖ਼ਮੀ ਹੋਇਆ ਹੈ। ਇਸੇ ਤਰ੍ਹਾਂ ਖਰਸੌਨ ਦੇ ਦੱਖਣੀ ਖੇਤਰ ’ਚ ਦੋ ਬੱਚੇ ਜ਼ਖ਼ਮੀ ਹੋ ਗਏ ਹਨ।