ਰੂਸ ਨੇ ਮਾਸਕੋ ’ਤੇ ਯੂਕਰੇਨੀ ਡਰੋਨ ਹਮਲਾ ਨਾਕਾਮ ਕੀਤਾ
ਮਾਸਕੋ, 4 ਜੁਲਾਈ
ਰੂਸੀ ਹਵਾਈ ਫੌਜ ਨੇ ਅੱਜ ਦਾਅਵਾ ਕੀਤਾ ਕਿ ਉਸ ਨੇ ਮਾਸਕੋ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਕਾਰਨ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਸੀ। ਨਿੱਜੀ ਬਲ ‘ਵੈਗਨਰ’ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਵੱਲੋਂ ਰੂਸ ਖ਼ਿਲਾਫ਼ ਬਾਗ਼ੀ ਰੁਖ਼ ਦਿਖਾਉਣ ਦੇ ਲਗਪਗ 11 ਦਿਨ ਮਗਰੋਂ ਮਾਸਕੋ ’ਤੇ ਡਰੋਨ ਰਾਹੀਂ ਹਮਲੇ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਖੇਤਰ ’ਤੇ ਹਮਲੇ ਦੀ ਅਧਿਕਾਰਿਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਸਕੋ ਦੇ ਬਾਹਰੀ ਇਲਾਕੇ ਵਿੱਚ ਪੰਜ ਵਿੱਚੋਂ ਚਾਰ ਡਰੋਨ ਨਸ਼ਟ ਕਰ ਦਿੱਤੇ ਗਏ, ਜਦਕਿ ਇੱਕ ਡਰੋਨ ਨੂੰ ਤਕਨੀਕੀ ਮਦਦ ਨਾਲ ਨਕਾਰਾ ਕੀਤਾ ਗਿਆ।
ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਡਰੋਨ ਹਮਲੇ ਕਾਰਨ ਅਧਿਕਾਰੀਆਂ ਨੂੰ ਮਾਸਕੋ ਦੇ ਨੁਕੋਵੋ ਹਵਾਈ ਅੱਡੇ ’ਤੇ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ ਅਤੇ ਉਡਾਣਾਂ ਨੂੰ ਦੋ ਹੋਰ ਹਵਾਈ ਅੱਡਿਆਂ ਵੱਲ ਮੋੜਨਾ ਪਿਆ। ਨੁਕੋਵੋਂ ਮਾਸਕੋ ਤੋਂ ਲਗਪਗ 15 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ ਸਥਿਤ ਹੈ। -ਏਪੀ
ਚੇਚਨੀਆ ਵਿੱਚ ਪੱਤਰਕਾਰ ਅਤੇ ਵਕੀਲ ’ਤੇ ਹਮਲਾ
ਮਾਸਕੋ: ਨਕਾਬਪੋਸ਼ ਹਮਲਾਵਰਾਂ ਨੇ ਰੂਸ ਦੇ ਚੇਚਨੀਆ ਸੂਬੇ ਵਿੱਚ ਅੱਜ ਇੱਕ ਪੱਤਰਕਾਰ ਅਤੇ ਵਕੀਲ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਖੇਤਰ ਵਿੱਚ ਵੱਡੇ ਪੱਧਰ ’ਤੇ ਜਾਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਕੜੀ ਤਹਿਤ ਇਹ ਤਾਜ਼ਾ ਘਟਨਾ ਹੈ। ਨੋਵਾਯਾ ਗਜ਼ੇਟਾ ਦੀ ਪੱਤਰਕਾਰ ੲਿਲੀਨਾ ਮਿਲਾਸ਼ਿਨਾ ਅਤੇ ਵਕੀਲ ਅਲੈਕਜ਼ੈਂਡਰ ਨੇਮੋਵ ਦੋ ਸਥਾਨਕ ਕਾਰਕੁਨਾਂ ਦੀ ਮਾਂ ਜ਼ੇਰੇਮਾ ਮੁਸਾਯੇਵਾ ਦੇ ਮੁਕੱਦਮੇ ਵਿੱਚ ਹਿੱਸਾ ਲੈਣ ਲਈ ਚੇਚਨੀਆ ਪਹੁੰਚੇ ਸਨ। ਉਨ੍ਹਾਂ ਦੇ ਪੁੱਤਰਾਂ ਨੇ ਚੇਚਨੀਆ ਦੇ ਅਧਿਕਾਰੀਆਂ ਨੂੰ ਚੁਣੌਤੀ ਦਿੱਤੀ ਹੈ। ਹਵਾਈ ਅੱਡੇ ਦੇ ਬਾਹਰ ਪੱਤਰਕਾਰ ਅਤੇ ਵਕੀਲ ਦੇ ਵਾਹਨ ਨੂੰ ਕਈ ਕਾਰਾਂ ਨੇ ਘੇਰ ਲਿਆ ਅਤੇ ਕਈ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ’ਤੇ ਬੰਦੂਕਾਂ ਤਾਨ ਦਿੱਤੀਆਂ ਅਤੇ ਉਨ੍ਹਾਂ ਦੇ ਉਪਕਰਨ ਤੋੜ ਦਿੱਤੇ। -ਏਪੀ