ਰੂਸ ਨੇ ਕੀਵ ’ਤੇ ਪੰਜ ਘੰਟੇ ਦਾਗੇ ਮਿਜ਼ਾਈਲ ਤੇ ਡਰੋਨ
ਕੀਵ, 26 ਸਤੰਬਰ
ਯੂਕਰੇਨ ਦੀ ਹਵਾਈ ਸੈਨਾ ਨੇ ਰਾਜਧਾਨੀ ਕੀਵ ’ਤੇ ਰੂਸ ਵੱਲੋਂ ਰਾਤ ਭਰ ਕੀਤੇ ਹਮਲਿਆਂ ਦਾ ਪੰਜ ਘੰਟੇ ਤੱਕ ਮੁਕਾਬਲਾ ਕੀਤਾ। ਰੂਸੀ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਨਾਲ ਯੂਕਰੇਨ ਦੇ ਪਾਵਰ ਗਰਿੱਡ ਨੂੰ ਮੁੜ ਨੁਕਸਾਨ ਪੁੱਜਾ ਹੈ। ਇਨ੍ਹਾਂ ਹਮਲਿਆਂ ’ਚ ਦੋ ਜਣੇ ਜ਼ਖ਼ਮੀ ਹੋਏ ਹਨ। ਯੂਕਰੇਨ ਦੀ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਹਮਲਿਆਂ ਕਾਰਨ ਸ਼ਹਿਰ ’ਚ ਕਿੰਡਰਗਾਰਟਨ, ਗੈਸ ਪਾਈਪ ਲਾਈਨ ਅਤੇ 20 ਕਾਰਾਂ ਨੁਕਸਾਨੀਆਂ ਗਈਆਂ ਹਨ। ਸੰਯੁਕਤ ਰਾਸ਼ਟਰ ਅਨੁਸਾਰ ਬਿਜਲੀ ਨੈੱਟਵਰਕ ’ਤੇ ਹਮਲਿਆਂ ਕਾਰਨ ਯੂਕਰੇਨ ਦੀ ਤਕਰੀਬਨ 70 ਫੀਸਦ ਉਰਜਾ ਸਮਰੱਥਾ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਕਈ ਪਾਸੇ ਬਲੈਕ ਆਊਟ ਦਾ ਵੀ ਸਾਹਮਣਾ ਕਰਨਾ ਪਿਆ। ਖੇਤਰੀ ਗਵਰਨਰ ਸਵਿਤਲਾਨਾ ਓਨਿਸ਼ਚੁਕ ਨੇ ਕਿਹਾ ਕਿ ਯੂਕਰੇਨ ਦੇ ਪੱਛਮੀ ਇਵਾਨੋ-ਫਰੈਂਕਵਿਸਟ ਖੇਤਰ ’ਚ ਊਰਜਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ, ਜਿਸ ਕਾਰਨ ਇਸ ਖੇਤਰ ਦੇ ਕੁਝ ਹਿੱਸਿਆਂ ’ਚ ਬਲੈਕ ਆਊਟ ਹੋ ਗਿਆ। ਦੱਖਣੀ ਮਾਇਕੋਲਾਈਵ ਖੇਤਰ ’ਚ ਪਾਵਰ ਗਰਿੱਡ ਨੂੰ ਵੀ ਨਿਸ਼ਾਨਾ ਬਣਾਇਆ ਗਿਆ। -ਏਪੀ
ਬਾਇਡਨ ਵੱਲੋਂ ਯੂਕਰੇਨ ਨੂੰ ਅੱਠ ਅਰਬ ਡਾਲਰ ਦੀ ਮਦਦ ਦਾ ਐਲਾਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕੀਵ ਨੂੰ ਰੂਸੀ ਹਮਲਿਆਂ ਖ਼ਿਲਾਫ਼ ਇਹ ਜੰਗ ਜਿੱਤਣ ’ਚ ਮਦਦ ਲਈ ਯੂਕਰੇਨ ਨੂੰ ਅੱਠ ਅਰਬ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਦੀ ਅਮਰੀਕਾ ਯਾਤਰਾ ਦੌਰਾਨ ਇਹ ਪ੍ਰਤੀਬੱਧਤਾ ਜ਼ਾਹਿਰ ਕੀਤੀ। ਇਸ ਵਿੱਚ 130 ਕਿਲੋਮੀਟਰ ਤੱਕ ਦੀ ਸਰਹੱਦ ਨਾਲ ਗਲਾਈਡ ਬੰਬਾਂ ਦੀ ਪਹਿਲੀ ਖੇਪ ਵੀ ਸ਼ਾਮਲ ਹੈ। ਬਾਇਡਨ ਨੇ ਕਿਹਾ ਕਿ ਯੂਕਰੇਨ ਦੀ ਹਮਾਇਤ ਕਰਨਾ ਅਮਰੀਕਾ ਦੀ ਤਰਜੀਹ ਹੈ। -ਰਾਇਟਰਜ਼