ਰੂਸ ਵੱਲੋਂ ਯੂਕਰੇਨ ’ਚ ਅਹਿਮ ਕਸਬੇ ’ਤੇ ਕਬਜ਼ੇ ਦਾ ਦਾਅਵਾ
ਕੀਵ, 6 ਜਨਵਰੀ
ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ ਪੂਰਬੀ ਯੂਕਰੇਨ ’ਚ ਅਹਿਮ ਕਸਬੇ ਕੁਰਾਖੋਵ ’ਤੇ ਕਬਜ਼ਾ ਕਰ ਲਿਆ ਹੈ। ਤਕਰੀਬਨ ਤਿੰਨ ਸਾਲ ਤੋਂ ਚੱਲ ਰਹੀ ਜੰਗ ਦੌਰਾਨ ਦੋਨੇਤਸਕ ਖ਼ਿੱਤੇ ’ਚ ਰੂਸ ਦਾ ਇਕ ਹੋਰ ਅਹਿਮ ਨਗਰ ’ਤੇ ਕਬਜ਼ਾ ਹੋ ਗਿਆ ਹੈ। ਉਂਜ ਯੂਕਰੇਨੀ ਅਧਿਕਾਰੀਆਂ ਨੇ ਇਸ ਦਾਅਵੇ ਦਾ ਕੋਈ ਖੰਡਨ ਨਹੀਂ ਕੀਤਾ ਹੈ। ਅਮਰੀਕਾ ’ਚ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਲਫ਼ ਲੈਣ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਹੋਰ ਤਿੱਖੀ ਹੋ ਗਈ ਹੈ ਤਾਂ ਜੋ ਸੰਭਾਵੀ ਸ਼ਾਂਤੀ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਲਾਹਾ ਲਿਆ ਜਾ ਸਕੇ।
ਕੁਰਾਖੋਵ, ਯੂਕਰੇਨੀ ਫੌਜ ਦਾ ਪੂਰਬੀ ਜੰਗੀ ਮੁਹਾਜ਼ ’ਤੇ ਅਹਿਮ ਮਜ਼ਬੂਤ ਗੜ੍ਹ ਸੀ, ਜਿਥੇ ਸਨਅਤੀ ਜ਼ੋਨ, ਥਰਮਲ ਪਾਵਰ ਪਲਾਂਟ ਅਤੇ ਜਲ ਭੰਡਾਰ ਹਨ। ਪਿਛਲੇ ਸਾਲ ਨਵੰਬਰ ’ਚ ਖ਼ਬਰ ਏਜੰਸੀ ਨੇ ਦੱਸਿਆ ਸੀ ਕਿ ਕੁਰਾਖੋਵ ’ਚ 7 ਤੋਂ 10 ਹਜ਼ਾਰ ਲੋਕ ਅਜੇ ਵੀ ਟਿਕੇ ਹੋਏ ਹਨ। ਜੰਗ ਤੋਂ ਪਹਿਲਾਂ ਉਥੋਂ ਦੀ ਆਬਾਦੀ ਹੁਣ ਨਾਲੋਂ ਦੁੱਗਣੀ ਸੀ।
ਕਸਬੇ ’ਤੇ ਲਗਾਤਾਰ ਹਮਲੇ ਹੋ ਰਹੇ ਸਨ ਜਿਸ ਕਾਰਨ ਉਥੋਂ ਦੀਆਂ ਜ਼ਿਆਦਾਤਰ ਇਮਾਰਤਾਂ ਢਹਿ-ਢੇਰੀ ਹੋ ਚੁੱਕੀਆਂ ਹਨ। ਰੂਸ ਵੱਲੋਂ ਨੇੜਲੇ ਪੋਕਰੋਵਸਕ ਖੇਤਰ ’ਤੇ ਵੀ ਕਬਜ਼ੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੂਸ ਅਤੇ ਯੂਕਰੇਨ ਦਰਮਿਆਨ ਬੀਤੇ ਲੰਬੇ ਸਮੇਂ ਤੋਂ ਜੰਗ ਚੱਲ ਰਹੀ ਹੈ। ਅਮਰੀਕਾ ਤੇ ਹੋਰਨਾਂ ਯੂਰਪੀ ਮੁਲਕਾਂ ਵੱਲੋਂ ਯੂਕਰੇਨ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ। -ਏਪੀ