ਰੂਸ ਨੇ ਖਾਰਕੀਵ ਦੀ ਪੰਜ ਮੰਜ਼ਿਲਾ ਇਮਾਰਤ ’ਤੇ ਬੰਬ ਸੁੱਟਿਆ, 12 ਜ਼ਖ਼ਮੀ
ਕੀਵ, 3 ਅਕਤੂਬਰ
ਯੂਰਕੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੀ ਪੰਜ ਮੰਜ਼ਿਲਾ ਇਮਾਰਤ ’ਤੇ ਰੂਸ ਵੱਲੋਂ ਸੁੱਟੇ ਗਏ ਗਲਾਈਡ ਬੰਬ ਨਾਲ ਤਿੰਨ ਵਰ੍ਹਿਆਂ ਦੀ ਬੱਚੀ ਸਮੇਤ 12 ਵਿਅਕਤੀ ਜ਼ਖ਼ਮੀ ਹੋ ਗਏ। ਬੰਬ ਬੁੱਧਵਾਰ ਰਾਤ ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ ਵਿਚਕਾਰ ਫਟਿਆ ਜਿਸ ਕਾਰਨ ਅੱਗ ਲੱਗ ਗਈ।
ਖਾਰਕੀਵ ਦੇ ਰਿਜਨਲ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਅੱਗ ਬੁਝਾਊ ਦਸਤੇ ਦੇ ਮੈਂਬਰਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜੰਗ ’ਚ ਗਲਾਈਡ ਬੰਬ ਦੀ ਆਮ ਤੌਰ ’ਤੇ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ’ਚ ਖ਼ੌਫ਼ ਪੈਦਾ ਕਰਨ ਦੇ ਨਾਲ ਨਾਲ ਯੂਕਰੇਨੀ ਫ਼ੌਜ ਨੂੰ ਵੀ ਢਾਹ ਲਗਾਈ ਜਾ ਰਹੀ ਹੈ। ਯੂਕਰੇਨ ਕੋਲ ਗਲਾਈਡ ਬੰਬਾਂ ਦੇ ਟਾਕਰੇ ਲਈ ਕੋਈ ਢੁੱਕਵਾਂ ਹਥਿਆਰ ਨਹੀਂ ਹੈ।
ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਖਾਰਕੀਵ ’ਤੇ ਹਮਲੇ ਤੋਂ ਸਾਬਤ ਹੋ ਗਿਆ ਹੈ ਕਿ ਪੱਛਮੀ ਭਾਈਵਾਲਾਂ ਨੂੰ ਮੁਲਕ ਦੀ ਫੌਰੀ ਹਮਾਇਤ ਕਰਨੀ ਚਾਹੀਦੀ ਹੈ। ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਬੁੱਧਵਾਰ ਰਾਤ 105 ਸ਼ਾਹਿਦ ਡਰੋਨ ਦਾਗ਼ੇ ਸਨ ਜਿਨ੍ਹਾਂ ’ਚੋਂ 78 ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ। ਉਧਰ ਰੂਸੀ ਫ਼ੌਜ ਨੇ ਕਿਹਾ ਕਿ ਉਨ੍ਹਾਂ 113 ਯੂਕਰੇਨੀ ਡਰੋਨ ਹਵਾ ’ਚ ਹੀ ਫੁੰਡ ਦਿੱਤੇ। ਇਹ ਡਰੋਨ ਬੇਲਗ੍ਰਾਦ, ਬ੍ਰਿਯਾਂਸਕ, ਕੁਰਸਕ ਅਤੇ ਵੋਰੋਨੇਜ਼ ਵੱਲ ਦਾਗ਼ੇ ਗਏ ਸਨ। -ਏਪੀ