For the best experience, open
https://m.punjabitribuneonline.com
on your mobile browser.
Advertisement

ਰੂਸ ਵੱਲੋਂ ਪੱਤਰਕਾਰਾਂ ਸਣੇ 92 ਅਮਰੀਕੀਆਂ ਦੇ ਦਾਖ਼ਲੇ ’ਤੇ ਪਾਬੰਦੀ

07:13 AM Aug 30, 2024 IST
ਰੂਸ ਵੱਲੋਂ ਪੱਤਰਕਾਰਾਂ ਸਣੇ 92 ਅਮਰੀਕੀਆਂ ਦੇ ਦਾਖ਼ਲੇ ’ਤੇ ਪਾਬੰਦੀ
Advertisement

ਮਾਸਕੋ, 29 ਅਗਸਤ
ਰੂਸੀ ਵਿਦੇਸ਼ ਮੰਤਰਾਲੇ ਨੇ 92 ਹੋਰ ਅਮਰੀਕੀਆਂ ਦੇ ਦੇਸ਼ ਵਿਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਵਿਚ ਕੁਝ ਕਾਰੋਬਾਰੀ, ਕਾਨੂੰਨ ਏਜੰਸੀਆਂ ਦੇ ਲੋਕ ਤੇ ਪੱਤਰਕਾਰ ਵੀ ਸ਼ਾਮਲ ਹਨ, ਜੋ ਪਹਿਲਾਂ ਰੂਸ ਵਿਚ ਕੰਮ ਕਰ ਚੁੱਕੇ ਹਨ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਾਬੰਦੀ ਬਾਇਡਨ ਪ੍ਰਸ਼ਾਸਨ ਵੱਲੋਂ ਰੂਸ ਖਿਲਾਫ਼ ਪੜ੍ਹਾਏ ਜਾਂਦੇ ਪਾਠ ਦੀ ਜਵਾਬੀ ਕਾਰਵਾਈ ਵਜੋਂ ਕੀਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਕਿ ਜਿਨ੍ਹਾਂ ਪੱਤਰਕਾਰਾਂ ’ਤੇ ਪਾਬੰਦੀ ਲਾਈ ਗਈ ਹੈ, ਉਹ ਮੋਹਰੀ ਲਿਬਰਲ-ਆਲਮੀ ਪ੍ਰਕਾਸ਼ਨਾਵਾਂ ਨਾਲ ਸਬੰਧਤ ਹਨ ਅਤੇ ਰੂਸ ਤੇ ਰੂਸੀ ਫ਼ੌਜ ਖਿਲਾਫ਼ ਫ਼ਰਜ਼ੀ ਤੇ ਗਲ਼ਤ ਜਾਣਕਾਰੀ ਛਾਪਣ ਵਿਚ ਸ਼ਾਮਲ ਹਨ। ਅਮਰੀਕੀਆਂ ’ਤੇ ਪਾਬੰਦੀ ਸਬੰਧੀ ਨਵੀਂ ਲਿਸਟ ਵਿਚ ਵਾਲ ਸਟਰੀਟ ਜਰਨਲ ਦੀ ਮੁੱਖ ਸੰਪਾਦਕ ਐਮਾ ਟਕਰ ਸਣੇ 11 ਮੌਜੂਦਾ ਜਾਂ ਸਾਬਕਾ ਸਟਾਫ਼ ਮੈਂਬਰ ਸ਼ਾਮਲ ਹਨ। ਟਕਰ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਈਵਾਨ ਗਰਸ਼ਕੋਵਿਚ ਦੀ ਜਾਸੂਸੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਤੇ ਸਜ਼ਾ ਲਈ ਰੂਸ ਦੀ ਲਗਾਤਾਰ ਨੁਕਤਾਚੀਨੀ ਕਰਦੀ ਰਹੀ ਹੈ। ਗਰਸ਼ਕੋਵਿਚ ਨੂੰ 16 ਮਹੀਨੇ ਸਲਾਖਾਂ ਪਿੱਛੇ ਰਹਿਣ ਮਗਰੋਂ ਇਸੇ ਮਹੀਨੇ ਕੈਦੀਆਂ ਦੀ ਅਦਲਾ-ਬਦਲੀ ਰਹਿਤ ਰਿਹਾਅ ਕੀਤਾ ਗਿਆ ਹੈ। ਇਸੇ ਤਰ੍ਹਾਂ ਕੀਵ ਦੇ ਬਿਊਰੋ ਚੀਫ਼ ਐਂਡਰਿਊ ਕਰੈਮਰ ਸਣੇ ਨਿਊ ਯਾਰਕ ਟਾਈਮਜ਼ ਦੇ ਪੰਜ ਪੱਤਰਕਾਰ ਅਤੇ ਦਿ ਵਾਸ਼ਿੰਗਟਨ ਪੋਸਟ ਦੇ ਚਾਰ ਪੱਤਰਕਾਰ ਪਾਬੰਦੀਸ਼ੁਦਾ ਪੱਤਰਕਾਰਾਂ ਵਿਚ ਸ਼ਾਮਲ ਹਨ। ਸੂਚੀ ਵਿਚ ਸ਼ਾਮਲ ਹੋਰਨਾਂ ਅਮਰੀਕੀਆਂ ਵਿਚ ਕਾਨੂੰਨ ਏਜੰਸੀਆਂ, ਅਕਾਦਮਿਕ ਅਤੇ ਕਾਰੋਬਾਰੀ ਤੇ ਥਿੰਕ ਟੈਂਕ ਨਾਲ ਸਬੰਧਤ ਲੋਕ ਹਨ। ਵਿਦੇਸ਼ ਮੰਤਰਾਲੇ ਦੀ ਸੂਚੀ ਮੁਤਾਬਕ ਰੂਸ ਹੁਣ ਤੱਕ 2000 ਅਮਰੀਕੀਆਂ ਦੇ ਮੁਲਕ ਵਿਚ ਦਾਖਲੇ ’ਤੇ ਪਾਬੰਦੀ ਲਾ ਚੁੱਕਾ ਹੈ। -ਏਪੀ

Advertisement

Advertisement
Advertisement
Author Image

joginder kumar

View all posts

Advertisement