ਰੂਸ ਵੱਲੋਂ ਯੂਕਰੇਨ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਜ਼ੋਰਦਾਰ ਹਮਲਾ
* ਕੀਵ ਦੇ ਆਲੇ-ਦੁਆਲੇ ਕਈ ਥਾਈਂ ਅੱਗ ਲੱਗੀ
ਕੀਵ, 27 ਅਗਸਤ
ਰੂਸ ਨੇ ਬੀਤੀ ਰਾਤ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਪੂਰੇ ਯੂਕਰੇਨ ਨੂੰ ਮੁੜ ਨਿਸ਼ਾਨਾ ਬਣਾਇਆ ਜਿਸ ’ਚ ਪੰਜ ਵਿਅਕਤੀ ਮਾਰੇ ਗਏ। ਇਨ੍ਹਾਂ ਹਮਲਿਆਂ ਮਗਰੋਂ ਰਾਜਧਾਨੀ ਕੀਵ ਦੇ ਬਾਹਰੀ ਇਲਾਕਿਆਂ ’ਚ ਕਈ ਥਾਈਂ ਅੱਗ ਲੱਗ ਗਈ। ਇਸ ਤੋਂ ਇਕ ਦਿਨ ਪਹਿਲਾਂ ਰੂਸ ਨੇ ਯੂਕਰੇਨ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਯੂਕਰੇਨ ਦੇ ਦੱਖਣੀ ਖਣਨ ਅਤੇ ਸਨਅਤੀ ਸ਼ਹਿਰ ਕ੍ਰਿਵੀ ਰਿਹਸਟ੍ਰੱਕ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੈਕਸਾਂਡਰ ਵਿਲਕੁਲ ਮੁਤਾਬਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਵੱਲੋਂ ਸੋਮਵਾਰ ਨੂੰ ਕੀਤੇ ਗਏ ਹਮਲੇ ਮਗਰੋਂ ਕੀਵ ’ਚ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਰਾਤ ਨੂੰ ਘੱਟੋ ਘੱਟ ਪੰਜ ਵਾਰ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ। ਖੇਤਰੀ ਪ੍ਰਸ਼ਾਸਕ ਨੇ ਦੱਸਿਆ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ ਰੂਸ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤੇ ਗਏ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਪਰ ਮਲਬੇ ਕਾਰਨ ਜੰਗਲ ’ਚ ਅੱਗ ਲੱਗ ਗਈ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ 100 ਤੋਂ ਵਧ ਮਿਜ਼ਾਈਲਾਂ ਅਤੇ ਇੰਨੀ ਹੀ ਗਿਣਤੀ ’ਚ ਡਰੋਨ ਹਮਲੇ ਨੂੰ ਘਿਨਾਉਣੀ ਹਰਕਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲਿਆਂ ’ਚ ਜਨਤਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸੇ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਧਾਨ ਮੰਤਰੀ ਡੇਨਿਸ ਸ਼ਮਿਹਾਲ ਨੇ ਕਿਹਾ ਕਿ ਰੂਸੀ ਦਹਿਸ਼ਤਗਰਦਾਂ ਵੱਲੋਂ ਮੁੜ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਭਾਈਵਾਲ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੰਬੀ ਦੂਰੀ ਦੇ ਹਥਿਆਰ ਯੂਕਰੇਨ ਨੂੰ ਦੇਣ ਅਤੇ ਰੂਸ ਅੰਦਰ ਹਮਲਿਆਂ ਦੀ ਇਜਾਜ਼ਤ ਦਿੱਤੀ ਜਾਵੇ। ਉਧਰ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਚਾਰ ਯੂਕਰੇਨੀ ਮਿਜ਼ਾਈਲਾਂ ਨੂੰ ਕੁਰਸਕ ਖ਼ਿੱਤੇ ’ਚ ਡੇਗ ਦਿੱਤਾ ਗਿਆ ਜਿਥੇ ਰੂਸੀ ਫੌਜ ਨੂੰ ਯੂਕਰੇਨ ਨਾਲ ਲੋਹਾ ਲੈਣਾ ਪੈ ਰਿਹਾ ਹੈ। ਖ਼ਿੱਤੇ ’ਚ ਜੰਗ ਨੇ ਉਥੇ ਪਰਮਾਣੂ ਪਾਵਰ ਪਲਾਂਟ ਬਾਰੇ ਖ਼ਦਸ਼ੇ ਖੜ੍ਹੇ ਕਰ ਦਿੱਤੇ ਹਨ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗਰੌਸੀ ਨੇ ਕਿਹਾ ਕਿ ਉਹ ਪਲਾਂਟ ਦਾ ਦੌਰਾ ਕਰਨਗੇ। -ਏਪੀ
ਇਜ਼ਰਾਇਲੀ ਫੌਜ ਨੇ ਹਮਾਸ ’ਤੇ ਹਮਲੇ ’ਚ ਅਗਵਾ ਬੰਧਕ ਨੂੰ ਬਚਾਇਆ
ਯੇਰੂਸ਼ਲਮ:
ਇਜ਼ਰਾਈਲ ਨੇ ਹਮਾਸ ’ਤੇ ਕੀਤੇ ਹਮਲੇ ਵਿਚ ਅਰਬ ਦੇ ਇਕ ਨਾਗਰਿਕ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ ਜਿਸ ਨੂੰ ਹਮਾਸ ਦਹਿਸ਼ਤਗਰਦਾਂ ਨੇ ਪਿਛਲੇ ਸਾਲ 7 ਅਕਤੂਬਰ ਨੂੰ ਕੀਤੇ ਹਮਲਿਆਂ ਦੌਰਾਨ ਅਗਵਾ ਕਰ ਲਿਆ ਸੀ। ਇਜ਼ਰਾਇਲੀ ਫੌਜ ਨੇ ਕਿਹਾ ਕਿ 52 ਸਾਲਾ ਕਾਇਦ ਫ਼ਰਹਾਨ ਅਲਕਾਦੀ ਨੂੰ ‘ਦੱਖਣੀ ਗਾਜ਼ਾ ਪੱਟੀ ਵਿਚ ਇਕ ਆਪਰੇਸ਼ਨ’ ਤਹਿਤ ਬਚਾਇਆ ਗਿਆ ਹੈ। ਹਮਾਸ ਦੀ ਅਗਵਾਈ ਵਾਲੇ ਦਹਿਸ਼ਤਗਰਦਾਂ ਨੇ 7 ਅਕਤੂਬਰ ਦੇ ਹਮਲੇ ਵਿਚ ਲਗਪਗ 250 ਲੋਕਾਂ ਨੂੰ ਅਗਵਾ ਕਰ ਲਿਆ ਸੀ, ਹਮਲੇ ਦੌਰਾਨ 1200 ਲੋਕ ਮਾਰੇ ਗਏ ਸਨ ਤੇ ਇਨ੍ਹਾਂ ਵਿਚੋਂ ਬਹੁਤੇ ਨਾਗਰਿਕ ਸਨ। ਸਥਾਨਕ ਸਿਹਤ ਅਧਿਕਾਰੀਆਂ ਮੁਤਾਬਕ ਇਜ਼ਰਾਈਲ ਦੇ ਜਵਾਬੀ ਹਮਲੇ ਵਿਚ 40 ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਵਿਚ ਕਿੰਨੇ ਲੜਾਕੇ ਸਨ। ਹਮਾਸ ਨੇ ਅਜੇ ਵੀ ਕਰੀਬ 110 ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ। -ਪੀਟੀਆਈ
ਚੀਨ ਨੇ ਯੂਕਰੇਨ ਸ਼ਾਂਤੀ ਯੋਜਨਾ ਲਈ ਹਮਾਇਤ ਮੰਗੀ
ਬੈਂਕਾਕ:
ਚੀਨ ਨੇ ਯੂਕਰੇਨ ਲਈ ਸ਼ਾਂਤੀ ਯੋਜਨਾ ਵਾਸਤੇ ਹੋਰ ਮੁਲਕਾਂ ਤੋਂ ਹਮਾਇਤ ਮੰਗੀ ਹੈ। ਚੀਨ ਨੇ ਇਸ ਬਾਰੇ ਇੰਡੋਨੇਸ਼ੀਆ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੇ ਕੂਟਨੀਤਕਾਂ ਨਾਲ ਗੱਲਬਾਤ ਕਰਕੇ ਆਪਣੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਸਫ਼ੀਰ ਲੀ ਹੂਈ ਨੇ ਆਲਮੀ ਦੱਖਣ ਦੇ ਤਿੰਨੋਂ ਮੁਲਕਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਤਾਕਤਾਂ ਹਨ। ਲੀ ਨੇ ਕਿਹਾ ਕਿ ਉਨ੍ਹਾਂ ਦੇ ਰੂਸ ਅਤੇ ਯੂਕਰੇਨ ਨਾਲ ਸਬੰਧ ਚੰਗੇ ਹਨ ਅਤੇ ਉਹ ਜੰਗ ਦਾ ਗੱਲਬਾਤ ਰਾਹੀਂ ਕੋਈ ਨਾ ਕੋਈ ਸਿਆਸੀ ਹੱਲ ਕੱਢ ਸਕਦੇ ਹਨ। ਚੀਨ ਅਤੇ ਬ੍ਰਾਜ਼ੀਲ ਨੇ ਇਸ ਸਾਲ ਦੇ ਸ਼ੁਰੂ ’ਚ ਸਾਂਝੀ ਸ਼ਾਂਤੀ ਯੋਜਨਾ ਜਾਰੀ ਕੀਤੀ ਸੀ ਪਰ ਉਹ ਸਿਰੇ ਨਹੀਂ ਚੜ੍ਹ ਸਕੀ ਸੀ। ਚੀਨ ਅਤੇ ਰੂਸ ਜੂਨ ’ਚ ਸਵਿੱਟਜ਼ਰਲੈਂਡ ’ਚ ਹੋਏ ਸ਼ਾਂਤੀ ਸੰਮੇਲਨ ਤੋਂ ਗ਼ੈਰਹਾਜ਼ਰ ਰਹੇ ਸਨ। -ਏਪੀ
ਯੂਕਰੇਨ ਨੇ ਕੁਰਸਕ ’ਚ 500 ਵਰਗ ਮੀਲ ਖੇਤਰ ’ਤੇ ਕਬਜ਼ਾ ਕੀਤਾ
ਕੀਵ:
ਯੂਕਰੇਨ ਦੇ ਥਲ ਸੈਨਾ ਮੁਖੀ ਜਨਰਲ ਅਲੈਗਜ਼ੈਂਡਰ ਸਿਰਸਕੀ ਨੇ ਕਿਹਾ ਕਿ ਦੇਸ਼ ਦੀਆਂ ਫੌਜਾਂ ਨੇ ਰੂਸ ਦੇ ਕੁਰਸਕ ਖੇਤਰ ਵਿਚ 1300 ਵਰਗ ਕਿਲੋਮੀਟਰ (500 ਵਰਗ ਮੀਲ) ਨੂੰ ਆਪਣੇ ਕੰਟਰੋਲ ਹੇਠ ਲੈ ਲਿਆ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਤਿੰਨ ਹਫ਼ਤਿਆਂ ਤੋਂ ਜਾਰੀ ਕਾਰਵਾਈ ਦੌਰਾਨ ਯੂਕਰੇਨ ਨੇ ਹੁਣ ਤੱਕ 594 ਰੂਸੀ ਕੈਦੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸਿਰਸਕੀ ਨੇ ਕਿਹਾ ਕਿ ਕਬਜ਼ੇ ਵਿਚ ਲਿਆ ਖੇਤਰ ਇਕ ਅੰਦਾਜ਼ੇ ਮੁਤਾਬਕ ਲਾਸ ਏਂਜਲਸ ਦੇ ਸਾਈਜ਼ ਦਾ ਹੈ। ਯੂਕਰੇਨੀ ਫੌਜ ਮੁਖੀ ਦੇ ਇਨ੍ਹਾਂ ਦਾਅਵਿਆਂ ਦੀ ਹਾਲਾਂਕਿ ਸੁਤੰਤਰ ਰੂਪ ਵਿਚ ਪੁਸ਼ਟੀ ਨਹੀਂ ਹੋ ਸਕੀ। ਰੂਸ ਵੱਲੋਂ ਲੰਘੀ ਰਾਤ ਤੋਂ ਜਾਰੀ ਹਮਲਿਆਂ ਵਿਚ ਪੰਜ ਮੌਤਾਂ ਤੇ 16 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ। ਯੂਕਰੇਨੀ ਸਦਰ ਜ਼ੇਲੈਂਸਕੀ ਨੇ ਐਕਸ ’ਤੇ ਕਿਹਾ, ‘‘ਅਸੀਂ ਰੂਸ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦੇਵਾਂਗੇ। ’’ -ਪੀਟੀਆਈ