ਰੂਸ ਵੱਲੋਂ ਯੂਕਰੇਨ ’ਤੇ 120 ਮਿਜ਼ਾਈਲਾਂ ਤੇ 90 ਡਰੋਨਾਂ ਨਾਲ ਹਮਲਾ
ਕੀਵ, 17 ਨਵੰਬਰ
ਰੂਸ ਨੇ ਯੂਕਰੇਨ ਦੇ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਅੱਜ ਵੱਡੇ ਪੱਧਰ ’ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਜਿਸ ’ਚ ਕੁਝ ਲੋਕਾਂ ਦੀ ਮੌਤ ਗਈ। ਰੂਸ ਦੇ ਇਸ ਹਮਲੇ ਨੂੰ ਹਾਲ ਹੀ ਦੇ ਮਹੀਨਿਆਂ ’ਚ ਯੂਕਰੇਨ ’ਤੇ ਕੀਤਾ ਗਿਆ ਸਭ ਤੋਂ ਭਿਆਨਕ ਹਮਲਾ ਦੱਸਿਆ ਜਾ ਰਿਹਾ ਹੈ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਸ ਗੱਲ ਦਾ ਖਦਸ਼ਾ ਵੱਧ ਰਿਹਾ ਹੈ ਕਿ ਮਾਸਕੋ ਦੀ ਮਨਸ਼ਾ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਯੂਕਰੇਨ ਦੇ ਬਿਜਲੀ ਉਤਪਾਦਨ ਦੀ ਸਮਰੱਥਾ ਖਤਮ ਕਰਨ ਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਯੂਕਰੇਨ ’ਚ ਵੱਡੇ ਪੱਧਰ ’ਤੇ ਹਮਲਾ ਕਰਦਿਆਂ ਕੁੱਲ 120 ਮਿਜ਼ਾਈਲਾਂ ਤੇ 90 ਡਰੋਨ ਦਾਗੇ ਹਨ। ਉਨ੍ਹਾਂ ਦੱਸਿਆ ਕਿ ਹਮਲੇ ’ਚ ਵੱਖ ਵੱਖ ਤਰ੍ਹਾਂ ਦੇ ਡਰੋਨ ਵਰਤੇ ਗਏ ਹਨ ਜਿਨ੍ਹਾਂ ’ਚ ਇਰਾਨ ’ਚ ਬਣੇ ਸ਼ਾਹਿਦ ਡਰੋਨ ਅਤੇ ਨਾਲ ਹੀ ਕਰੂਜ਼, ਬੈਲਿਸਟਿਕ ਤੇ ਜਹਾਜ਼ ਰਾਹੀਂ ਦਾਗੀਆਂ ਜਾਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਵੀ ਸ਼ਾਮਲ ਹਨ।
ਜ਼ੇਲੈਂਸਕੀ ਨੇ ‘ਟੈਲੀਗ੍ਰਾਮ’ ’ਤੇ ਸਾਂਝੇ ਕੀਤੇ ਗਏ ਇੱਕ ਬਿਆਨ ’ਚ ਕਿਹਾ ਕਿ ਯੂਕਰੇਨੀ ਸੁਰੱਖਿਆ ਬਲਾਂ ਨੇ 140 ਮਿਜ਼ਾਈਲਾਂ ਤੇ ਡਰੋਨ ਹੇਠਾਂ ਸੁੱਟੇ ਹਨ। ਉਨ੍ਹਾਂ ਕਿਹਾ, ‘ਦੁਸ਼ਮਣ ਦਾ ਟੀਚਾ ਸਾਡਾ ਊਰਜਾ ਢਾਂਚਾ ਸੀ। ਟਕਰਾਉਣ ਤੇ ਡਿੱਗਣ ਵਾਲੇ ਮਲਬੇ ਕਾਰਨ ਨੁਕਸਾਨ ਪੁੱਜਾ ਹੈ। ਮਾਈਕੋਲਾਈਵ ’ਚ ਡਰੋਨ ਹਮਲੇ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ ਦੋ ਬੱਚੇ ਵੀ ਸ਼ਾਮਲ ਹਨ।’ ਕੀਵ ਦੇ ਸ਼ਹਿਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਅਨੁਸਾਰ ਡਰੋਨ ਤੇ ਮਿਜ਼ਾਈਲ ਦਾ ਸਾਂਝਾ ਹਮਲਾ ਤਿੰਨ ਮਹੀਨਿਆਂ ਅੰਦਰ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਸੀ। -ਏਪੀ