For the best experience, open
https://m.punjabitribuneonline.com
on your mobile browser.
Advertisement

ਰੂਸ ਨੇ ਅਮਰੀਕਾ ’ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਦੋਸ਼ ਲਾਇਆ

07:12 AM May 10, 2024 IST
ਰੂਸ ਨੇ ਅਮਰੀਕਾ ’ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਦੋਸ਼ ਲਾਇਆ
Advertisement

ਮਾਸਕੋ, 9 ਮਈ
ਰੂਸ ਨੇ ਅਮਰੀਕਾ ’ਤੇ ਭਾਰਤ ਦੇ ਘਰੇਲੂ ਮਾਮਲਿਆਂ ਅਤੇ ਮੌਜੂਦਾ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਮਰੀਕਾ ਨੇ ਆਪਣੇ ਮੁਲਕ ’ਚ ਇਕ ਖਾਲਿਸਤਾਨੀ ਅਤਿਵਾਦੀ ਦੀ ਹੱਤਿਆ ਦੀ ਸਾਜ਼ਿਸ਼ ’ਚ ਭਾਰਤੀ ਨਾਗਰਿਕਾਂ ਦੀ ਸ਼ਮੂਲੀਅਤ ਹੋਣ ਦਾ ਕੋਈ ਪੁਖ਼ਤਾ ਸਬੂਤ ਅਜੇ ਤੱਕ ਮੁਹੱਈਆ ਨਹੀਂ ਕਰਵਾਇਆ ਹੈ। ਅਮਰੀਕੀ ਸੰਘੀ ਅਦਾਲਤ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ’ਚ ਇਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਕੰਮ ਕਰਨ ਦਾ ਪਿਛਲੇ ਸਾਲ ਨਵੰਬਰ ’ਚ ਦੋਸ਼ ਲਾਇਆ ਸੀ। ਅਤਿਵਾਦ ਦੇ ਦੋਸ਼ਾਂ ਤਹਿਤ ਭਾਰਤ ’ਚ ਲੋੜੀਂਦੇ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਅਤਿਵਾਦੀ ਵਜੋਂ ਸੂਚੀਬੱਧ ਕੀਤਾ ਸੀ। ‘ਵਾਸ਼ਿੰਗਟਨ ਪੋਸਟ’ ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਭਾਰਤ, ਰੂਸ ਅਤੇ ਸਾਊਦੀ ਅਰਬ ਜਿਹੀਆਂ ਨੀਤੀਆਂ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਬਾਰੇ ਪ੍ਰਤੀਕਰਮ ਮੰਗੇ ਜਾਣ ’ਤੇ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ,‘‘ਸਾਡੇ ਕੋਲ ਜਿਹੜੀ ਜਾਣਕਾਰੀ ਹੈ, ਉਸ ਮੁਤਾਬਕ ਵਾਸ਼ਿੰਗਟਨ ਨੇ ਅਜੇ ਤੱਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ’ਚ ਭਾਰਤੀ ਨਾਗਰਿਕਾਂ ਦੀ ਸ਼ਮੂਲੀਅਤ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਦਿੱਤਾ ਹੈ। ਸਬੂਤਾਂ ਦੀ ਘਾਟ ਕਾਰਨ ਇਸ ਵਿਸ਼ੇ ’ਤੇ ਕਿਆਸ ਲਾਉਣਾ ਮਨਜ਼ੂਰ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਕੌਮੀ ਸੋਚ ਅਤੇ ਇਤਿਹਾਸ ਦੀ ਸਮਝ ਨਹੀਂ ਹੈ ਅਤੇ ਉਹ ਭਾਰਤ ’ਚ ਧਾਰਮਿਕ ਆਜ਼ਾਦੀ ਬਾਰੇ ‘ਬੇਤੁੱਕੇ ਦੋਸ਼’ ਲਗਾਉਂਦਾ ਰਹਿੰਦਾ ਹੈ। ਜ਼ਖਾਰੋਵਾ ਨੇ ਕਿਹਾ,‘‘ਅਮਰੀਕਾ ਨਵੀਂ ਦਿੱਲੀ ਖ਼ਿਲਾਫ਼ ਨਿਯਮਤ ਤੌਰ ’ਤੇ ਬੇਤੁਕੇ ਦੋਸ਼ ਲਾਉਂਦਾ ਰਹਿੰਦਾ ਹੈ। ਅਸੀਂ ਦੇਖਿਆ ਹੈ ਕਿ ਉਹ ਨਾ ਸਿਰਫ਼ ਭਾਰਤ ਸਗੋਂ ਕਈ ਹੋਰ ਮੁਲਕਾਂ ’ਤੇ ਵੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਦੇ ਆਧਾਰਹੀਣ ਦੋਸ਼ ਲਾਉਂਦਾ ਹੈ ਜੋ ਦਰਸਾਉਂਦਾ ਹੈ ਕਿ ਅਮਰੀਕਾ, ਭਾਰਤ ਦੀ ਰਾਸ਼ਟਰੀ ਸੋਚ ਨੂੰ ਨਹੀਂ ਸਮਝਦਾ ਹੈ। ਉਸ ਨੂੰ ਭਾਰਤ ਦੇ ਵਿਕਾਸ ਦੇ ਇਤਿਹਾਸਕ ਸੰਦਰਭ ਦੀ ਸਮਝ ਨਹੀਂ ਹੈ ਅਤੇ ਉਹ ਇਕ ਮੁਲਕ ਵਜੋਂ ਭਾਰਤ ਦਾ ਸਨਮਾਨ ਨਹੀਂ ਕਰਦਾ ਹੈ।’’ ਰੂਸੀ ਤਰਜਮਾਨ ਨੇ ਇਸ ‘ਦਖ਼ਲ ਨੂੰ ਬਸਤੀਵਾਦੀ ਕਾਲ ਦੀ ਮਾਨਸਿਕਤਾ’ ਕਰਾਰ ਦਿੰਦਿਆਂ ਅਮਰੀਕਾ ’ਤੇ ਲੋਕ ਸਭਾ ਚੋਣਾਂ ਨੂੰ ਗੁੰਝਲਦਾਰ ਬਣਾਉਣ ਦਾ ਦੋਸ਼ ਲਾਇਆ। ‘ਆਰਟੀ ਨਿਊਜ਼’ ਨੇ ਜ਼ਖਾਰੋਵਾ ਦੇ ਹਵਾਲੇ ਨਾਲ ਕਿਹਾ,‘‘ਉਹ ਆਮ ਸੰਸਦੀ ਚੋਣਾਂ ਨੂੰ ਗੁੰਝਲਦਾਰ ਬਣਾਉਣ ਲਈ ਭਾਰਤ ਦੇ ਅੰਦਰੂਨੀ ਸਿਆਸੀ ਹਾਲਾਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਤਰੀਕਾ ਹੈ।’’ ਉਨ੍ਹਾਂ ਕਿਹਾ ਕਿ ਘਰੇਲੂ ਅਤੇ ਕੌਮਾਂਤਰੀ ਮਾਮਲਿਆਂ ’ਚ ਵਾਸ਼ਿੰਗਟਨ ਤੋਂ ਵਧੇਰੇ ਦਮਨਕਾਰੀ ਸ਼ਾਸਨ ਦੀ ਕਲਪਨਾ ਕਰਨਾ ਮੁਸ਼ਕਲ ਹੈ। -ਪੀਟੀਆਈ

Advertisement

ਅਮਰੀਕਾ ਦੇ ਦੋਸ਼ਾਂ ਨੂੰ ਭਾਰਤ ਨੇ ਕੀਤਾ ਹੈ ਖਾਰਜ

‘ਵਾਸ਼ਿੰਗਟਨ ਪੋਸਟ’ ਨੇ ਅਣਜਾਣ ਸੂਤਰਾਂ ਦਾ ਹਵਾਲਾ ਦਿੰਦਿਆ ਪਿਛਲੇ ਸਾਲ ਅਮਰੀਕੀ ਧਰਤੀ ’ਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ’ਚ ਰਾਅ ਦੇ ਇਕ ਅਧਿਕਾਰੀ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਰਿਪੋਰਟ ’ਚ ਇਕ ਗੰਭੀਰ ਮਾਮਲੇ ’ਤੇ ਆਧਾਰਹੀਣ ਦੋਸ਼ ਲਾਏ ਗਏ ਹਨ ਅਤੇ ਮਾਮਲੇ ਦੀ ਜਾਂਚੀ ਜਾਰੀ ਹੈ।

Advertisement
Author Image

joginder kumar

View all posts

Advertisement
Advertisement
×