ਦਿਹਾਤੀ ਖੇਤਰ ਦੀਆਂ ਸੜਕਾਂ ਦਾ ਛੇਤੀ ਕਰਵਾਇਆ ਜਾਵੇਗਾ ਵਿਕਾਸ: ਔਜਲਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਅਗਸਤ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦਿਹਾਤੀ ਖੇਤਰ ਵਿੱਚ 45 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ। ਇਸ ਸਬੰਧੀ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਕੁਝ ਦਿਨਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਔਜਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੱਤ ਸੜਕਾਂ ਦੇ ਨਵੀਨੀਕਰਨ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਮਜੀਠਾ ਹਲਕੇ ਵਿਚ ਦੋ ਸੜਕਾਂ ਅਤੇ ਅਜਨਾਲਾ ਵਿੱਚ ਪੰਜ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਪਾਸ ਕੀਤੇ ਗਏ ਪ੍ਰੋਜੈਕਟਾਂ ਵਿੱਚ ਹਲਕਾ ਮਜੀਠਾ ਵਿੱਚ ਲਿੰਕ ਰੋਡ ਏਪੀਕੇ ਰੋਡ ਨੈਸ਼ਨਲ ਹਾਈਵੇਅ 15 ਤੋਂ ਤਲਵੰਡੀ ਦਸੌਂਦਾ ਸਿੰਘ ਤੱਕ 6.05 ਕਿਲੋਮੀਟਰ ਸੜਕ ਨੂੰ 545.39 ਲੱਖ ਰੁਪਏ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਤਲਵੰਡੀ ਤੋਂ ਹਮਜਾ ਰੋਡ ਅਤੇ ਫਿਰ ਮਜੀਠਾ ਵਾਇਆ ਬੇਗੇਵਾਲ ਤੱਕ 8.94 ਕਿਲੋਮੀਟਰ ਸੜਕ ਨੂੰ 984.67 ਲੱਖ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕੀਤਾ ਜਾਵੇਗਾ। ਇਸੇ ਤਰ੍ਹਾਂ ਹਲਕਾ ਅਜਨਾਲਾ ਵਿੱਚ ਅਜਨਾਲਾ-ਫਤਿਹਗੜ੍ਹ ਚੂੜੀਆਂ ਰੋਡ ,ਚੋਗਾਵਾਂ ਰੋਡ-ਪੋਂਗਾ ਰੋਡ, ,ਅਜਨਾਲਾ ਦੀ ਪੋਂਗਾ ਵਾਇਆ ਰਾਏਪੁਰ ਕਲਾਂ ਤੱਕ , ਚੋਗਾਵਾਂ ਤੋਂ ਅਜਨਾਲਾ ਪੋਂਗਾ ਵਾਇਆ ਚੱਕ ਫੂਲ, ਅਤੇ ਅਜਨਾਲਾ ਤੋਂ ਜਗਦੇਵ ਖੁਰਦ ਸੜਕ ਬਣਾਈ ਜਾਵੇਗੀ।