ਪੇਂਡੂ ਓਲੰਪਿਕਸ: ਖੁਸ਼ੀ ਤੱਖਰਾਂ ਅਤੇ ਸੁਖਮਨਪ੍ਰੀਤ ਸਭ ਤੋਂ ਤੇਜ਼ ਦੌੜਾਕ
ਸਤਵਿੰਦਰ ਬਸਰਾ/ਮਹੇਸ਼ ਸ਼ਰਮਾ
ਲੁਧਿਆਣਾ/ਮੰਡੀ ਅਹਿਮਦਗੜ੍ਹ, 13 ਫਰਵਰੀ
ਇੱਥੇ ਕਿਲਾ ਰਾਏਪੁਰ ਵਿੱਚ ਪੇਂਡੂ ਓਲੰਪਿਕਸ ਦੇ ਦੂਜੇ ਦਿਨ ਮੁੱਖ ਸਟੇਡੀਅਮ ਅਤੇ ਲਾਗਲੇ ਮੈਦਾਨਾਂ ਵਿੱਚ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦੀ ਰੌਣਕ ਸਾਰਾ ਦਿਨ ਬਣੀ ਰਹੀ। ਅੱਜ ਦੂਜੇ ਦਿਨ ਬਾਜ਼ੀਗਰਾਂ ਦੀ ਬਾਜ਼ੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਰੰਗੀ ਨਾਂ ਦੇ ਨੌਜਵਾਨ ਵੱਲੋਂ ਪੌੜੀ ਦੇ ਉਪਰੋਂ ਦੀ ਲਗਾਈ ਬਾਜ਼ੀ ਨੇ ਮੇਲਾ ਜਿੱਤ ਲਿਆ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਨੇ ਦੋ ਬਾਂਸਾਂ ਨੂੰ ਬੰਨ੍ਹ ਕੇ ਵਿੱਚੋਂ ਨਿਕਲਣ ਦਾ ਕਰਤੱਵ ਦਿਖਾਇਆ ਜਦਕਿ ਉਸ ਨੇ ਬਾਕੀ ਦੋ ਹੋਰ ਸਾਥੀਆਂ ਨਾਲ ਇੱਕ ਛੋਟੇ ਜਿਹੇ ਲੋਹੇ ਦੇ ਰਿੰਗ ਵਿੱਚੋਂ ਨਿਕਲ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅੱਜ ਲੜਕਿਆਂ ਦੀ ਕਬੱਡੀ ਵਿੱਚ ਘਲੋਟੀ ਨੇ ਨੰਦਪੁਰ ਨੂੰ, ਜਰਗੜੀ ਨੇ ਹਠੂਰ ਨੂੰ , ਅੱਚਰਵਾਲ ਨੇ ਖਡੂਰ ਅਤੇ ਸੋਮਲ ਖੇੜੀ ਨੇ ਸਿੱਧਵਾਂ ਬੇਟ ਨੂੰ ਹਰਾਇਆ। ਰੱਸਾਕਸ਼ੀ ਵਿੱਚ ਲੁਹਾਰਮਾਜਰਾ ਕਲਾਂ ਅੱਵਲ ਅਤੇ ਖੋਸਾ ਕੋਟਲਾ ਟੀਮ ਦੋਇਮ ਰਹੀ। 60 ਮੀਟਰ ਲੜਕੀਆਂ ਅੰਡਰ 11 ਦੌੜ ਵਿੱਚ ਖੁਸ਼ੀ ਤੱਖਰਾਂ ਪਹਿਲੇ, ਆਰਤੀ ਕਿਲਾ ਰਾਏਪੁਰ ਦੂਜੇ ਅਤੇ ਪੂਜਾ ਕਿਲਾ ਰਾਏਪੁਰ ਤੀਜੇ ਸਥਾਨ ’ਤੇ ਰਹੀ। 60 ਮੀਟਰ ਲੜਕੇ ਅੰਡਰ 11 ਦੌੜ ਵਿੱਚ ਸੁਖਮਨਪ੍ਰੀਤ ਕਿਲਾ ਰਾਏਪੁਰ ਪਹਿਲੇ, ਦਿਵਾਂਸ਼ੂ ਤੱਖਰਾਂ ਦੂਜੇ, ਪ੍ਰਕਾਸ਼ ਕੁਮਾਰ ਤੱਖਰਾਂ ਤੀਜੇ ਸਥਾਨ ’ਤੇ ਰਿਹਾ। 200 ਮੀਟਰ ਲੜਕੀਆਂ ਵਿੱਚ ਸਿਮਰਨਦੀਪ ਕੌਰ ਪਟਿਆਲਾ ਪਹਿਲੇ, ਰਸ਼ਦੀਪ ਕੌਰ ਜਲੰਧਰ ਦੂਜੇ, ਵੀਰਪਾਲ ਕੌਰ ਲੁਧਿਆਣਾ ਤੀਜੇ ਸਥਾਨ ’ਤੇ ਰਹੀ।
400 ਮੀਟਰ ਲੜਕੇ ਵਿੱਚ ਹਰਪ੍ਰੀਤ ਸਿੰਘ ਮੋਗਾ ਪਹਿਲੇ, ਜਗਮੀਤ ਸਿੰਘ ਜਲੰਧਰ ਦੂਜੇ, ਲਵਪ੍ਰੀਤ ਸਿੰਘ ਸੰਗਰੂਰ ਤੀਜੇ ਸਥਾਨ ’ਤੇ ਰਿਹਾ। 400 ਮੀਟਰ ਲੜਕੀਆਂ ਵਿੱਚ ਗੁੱਗ ਕੌਰ ਜਲੰਧਰ ਪਹਿਲੇ ਸਥਾਨ ’ਤੇ ਰਹੀ। 800 ਮੀਟਰ ਲੜਕੇ ਵਿੱਚ ਹਰਸ਼ ਜਲੰਧਰ ਪਹਿਲੇ ਸਥਾਨ ’ਤੇ ਰਿਹਾ। 800 ਮੀਟਰ ਲੜਕੀਆਂ ਵਿੱਚ ਟਵਿੰਕਲ ਚੌਧਰੀ ਜਲੰਧਰ ਨੇ ਪਹਿਲਾ ਸਥਾਨ ਮੱਲਿਆ। 1500 ਮੀਟਰ ਲੜਕੇ ਵਿੱਚ ਦੀਪਕ ਕੁਮਾਰ ਫਾਜ਼ਿਲਕਾ ਪਹਿਲੇ ’ਤੇ ਰਿਹਾ। 1500 ਮੀਟਰ ਲੜਕੀਆਂ ਵਿੱਚ ਟਵਿੰਕਲ ਚੌਧਰੀ ਜਲੰਧਰ ਪਹਿਲੇ ਸਥਾਨ ’ਤੇ ਰਹੀ। ਲੜਕਿਆਂ ਦੇ ਹਾਕੀ ਮੁਕਾਬਲੇ ਵਿੱਚ ਸਪੋਰਟਸ ਸੈਂਟਰ ਤੇਂਗ ਨੇ ਦਿੱਲੀ ਨੂੰ 5-4 ਨਾਲ, ਲੜਕੀਆਂ ਵਿੱਚੋਂ ਕੋਚਿੰਗ ਸੈਂਟਰ ਬਠਿੰਡਾ ਨੇ ਰਾਮਗੜ੍ਹ ਛੰਨਾ ਅਮਰਗੜ੍ਹ ਨੂੰ 4-0 ਅਤੇ ਕੋਚਿੰਗ ਸੈਂਟਰ ਹਿਸਾਰ ਨੇ ਕੋਚਿੰਗ ਸੈਂਟਰ ਬਠਿੰਡਾ ਨੂੰ 3-1 ਨਾਲ ਮਾਤ ਦਿੱਤੀ।