For the best experience, open
https://m.punjabitribuneonline.com
on your mobile browser.
Advertisement

ਰੂਰਲ ਓਲੰਪਿਕਸ: ਸ਼ਹਿਰੀਆਂ ਨੇ ਮਾਣਿਆ ਪੇਂਡੂ ਰਸੋਈ ਤੇ ਰਵਾਇਤੀ ਸਟਾਲਾਂ ਦਾ ਆਨੰਦ

10:47 AM Feb 14, 2024 IST
ਰੂਰਲ ਓਲੰਪਿਕਸ  ਸ਼ਹਿਰੀਆਂ ਨੇ ਮਾਣਿਆ ਪੇਂਡੂ ਰਸੋਈ ਤੇ ਰਵਾਇਤੀ ਸਟਾਲਾਂ ਦਾ ਆਨੰਦ
ਕਿਲਾ ਰਾਏਪੁਰ ਰੂਰਲ ਓਲੰਪਿਕਸ ਮੌਕੇ ਪੇਂਡੂ ਰਸੋਈ ਵਿੱਚ ਖਾਣਾ ਖਾਂਦੀਆਂ ਲੜਕੀਆਂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 13 ਫਰਵਰੀ
ਕਿਸੇ ਵੇਲੇ ਚਾਦਰਿਆਂ ਤੇ ਸਾਫਿਆਂ ਵਾਲੇ, ਕੱਢਵੀਂ ਜੁੱਤੀ ਪਾਈ ਠੇਠ ਦੇਸੀ ਪੇਂਡੂ ਦਰਸ਼ਕਾਂ ਦੀਆਂ ਵਹੀਰਾਂ ਤੋਂ ਪਛਾਣਿਆ ਜਾਣ ਵਾਲਾ ਕਿਲਾ ਰਾਏਪੁਰ ਪੇਂਡੂ ਖੇਡ ਮੇਲੇ ’ਚ ਭਾਵੇਂ ਗੱਡੇ ਤੇ ਸਾਈਕਲ ਤਾਂ ਬਹੁਤ ਦੇਰ ਪਹਿਲਾਂ ਹੀ ਇੱਥੋਂ ਅਲੋਪ ਹੋ ਗਏ ਜਾਪਦੇ ਸੀ ਇਸ ਵਾਰ ਟਰੈਕਟਰਾਂ ਦੀ ਥਾਂ ਵੀ ਦੂਰ ਦਰਾਡੇ ਦੇ ਸ਼ਹਿਰਾਂ ਤੋਂ ਵਪਾਰੀਆਂ, ਅਧਿਕਾਰੀਆਂ ਤੇ ਮੁਲਾਜ਼ਮ ਵਰਗ ਦੇ ਪਰਿਵਾਰਾਂ ਨੂੰ ਲਿਆਉਣ ਲਈ ਲਗਜ਼ਰੀ ਗੱਡੀਆਂ ਨੇ ਲੈ ਲਈ ਹੈ। ਹੋਰਨਾਂ ਪੇਂਡੂ ਖੇਡ ਮੇਲਿਆਂ ਤੋਂ ਹਟ ਕੇ ਸ਼ਹਿਰੀ ਪਰਿਵਾਰਾਂ ਦੀ ਖਿੱਚ ਦਾ ਕਾਰਨ ਹਾਕੀ, ਕਬੱਡੀ ਅਤੇ ਐਥਲੈਟਿਕਸ ਮੁਕਾਬਲਿਆਂ ਤੋਂ ਵੱਧ ਰਵਾਇਤੀ ਖਾਣ ਪੀਣ ਵਾਲੀਆਂ ਵਸਤਾਂ ਅਤੇ ਸਟਾਲਾਂ ’ਤੇ ਵਿਕ ਰਹੇ ਹੱਥੀਂ ਤਿਆਰ ਕੀਤੇ ਖਿਡੌਣੇ ਤੇ ਗਡੀਰੇ ਦੇਖੇ ਗਏ। ਇਨ੍ਹਾਂ ਸਟਾਲਾਂ ਨੂੰ ਚਲਾ ਰਹੇ ਸੈਲਫ਼ ਹੈਲਪ ਗਰੁੱਪਾਂ ਦੇ ਸੰਚਾਲਕਾਂ ਨੇ ਵੀ ਦਾਅਵਾ ਕੀਤਾ ਕਿ ਰਵਾਇਤੀ ਖਾਣਿਆਂ ਦੀ ਖਰੀਦ ਵੇਲੇ ਸ਼ਹਿਰਾਂ ਤੋਂ ਆਏ ਹੋਏ ਗਾਹਕਾਂ ਨੇ ਜਿਆਦਾ ਖੁਸ਼ੀ ਪ੍ਰਗਟ ਕੀਤੀ ਅਤੇ ਅਦਾਇਗੀ ਕਰਨ ਵੇਲੇ ਵੀ ਇਹ ਮਹਿਸੂਸ ਕੀਤਾ ਕਿ ਮਹਿੰਗੇ ਰੈਸਟੋਰੈਂਟਾਂ ਦੇ ਮੁਕਾਬਲੇ ਇੱਥੇ ਉਨ੍ਹਾਂ ਨੂੰ ਜ਼ਿਆਦਾ ਸਵਾਦੀ ਤੇ ਪੌਸ਼ਟਿਕ ਖਾਣਾ ਘੱਟ ਕੀਮਤ ’ਤੇ ਮਿਲਿਆ ਹੈ। ਭੱਠੀ ਦੇ ਭੁੱਜੇ ਹੋਏ ਦਾਣੇ, ਸਾਗ ਮੱਕੀ ਦੀ ਰੋਟੀ, ਚਾਟੀ ਦੀ ਲੱਸੀ, ਕਾਢਨੀ ਦਾ ਮੱਖਣ, ਸ਼ੱਕਰ ਘੀ, ਕੜ੍ਹ-ਚੌਲ, ਰਾਜਮਾਹ ਚੌਲ, ਤਲੇ ਹੋਏ ਪਕੌੜੇ, ਗੁੜ ਤੇ ਤਾਜ਼ਾ ਕੱਢੇ ਜੂਸ ਦੀਆਂ ਸਟਾਲਾਂ ਉੱਪਰ ਸ਼ਹਿਰੀਆਂ ਦੀ ਆਮਦ ਪੇਂਡੂ ਲੋਕਾਂ ਨੂੰ ਜ਼ਿਆਦਾ ਦੇਖੀ ਗਈ। ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਸਟਾਲਾਂ ਲਗਾਉਣ ਲਈ ਕੋਈ ਆਰਥਿਕ ਬੋਝ ਨਹੀਂ ਪਾਇਆ ਗਿਆ ਇਸ ਲਈ ਇਨ੍ਹਾਂ ਗਰੁੱਪਾਂ ਨੂੰ ਮੇਲੇ ਦੌਰਾਨ ਆਮਦਨ ਵੀ ਹੋਈ ਦੱਸੀ ਗਈ। ਚਾਰੂ ਸ਼ਰਮਾ ਨੇ ਦੱਸਿਆ ਕਿ ਅਖਬਾਰਾਂ ਤੇ ਸੋਸ਼ਲ ਮੀਡੀਆ ’ਤੇ ਵਿਰਾਸਤੀ ਪੰਡਾਲ ਵਿੱਚ ਵੱਖਰੇ ਤੌਰ ’ਤੇ ਲੱਗੇ ਸਟਾਲਾਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਸਨੇ ਆਪਣੀਆਂ ਲੁਧਿਆਣਾ ਤੇ ਖੰਨਾ ਸ਼ਹਿਰਾਂ ਵਿਖੇ ਰਹਿਣ ਵਾਲੀਆਂ ਸਹੇਲੀਆਂ ਨਾਲ ਅੱਜ ਰੂਰਲ ਓਲੰਪਿਕਸ ਦੇਖਣ ਦਾ ਫੈਸਲਾ ਕੀਤਾ ਸੀ। ਉਸਨੇ ਦੱਸਿਆ ਕਿ ਖੁਲ੍ਹੇ ਥਾਂ ਵਿੱਚ ਬਣੀ ਹੋਈ ਦੇਸੀ ਰਸੋਈ ਦੇ ਵੱਡ ਅਕਾਰੀ ਚੁੱਲ੍ਹੇ ( ਚੁਰ) ਕੋਲ ਬੈਠ ਕੇ ਖਾਣਾ ਖਾਣ ਦਾ ਮੌਕਾ ਉਸ ਨੂੰ ਕਈ ਸਾਲ ਬਾਅਦ ਮਿਲਿਆ ਸੀ।

Advertisement

ਬੇਸਹਾਰਾ ਬੱਚਿਆਂ ਨੂੰ ਵੀ ਸੱਭਿਆਚਾਰਕ ਮੇਲਾ ਦਿਖਾਇਆ
ਰੂਰਲ ਓਲੰਪਿਕਸ ਕਿਲਾ ਰਾਏਪੁਰ ਦੌਰਾਨ ਪੁਰਾਤਨ ਟੈਲੀਫੋਨ ਨੂੰ ਦੇਖਦੇ ਹੋਏ ਬੇਸਹਾਰਾ ਬੱਚੇ। -ਫੋਟੋ: ਹਿਮਾਂਸ਼ੂ ਮਹਾਜਨ

ਮੰਡੀ ਅਹਿਮਦਗੜ੍ਹ(ਪੱਤਰ ਪ੍ਰੇਰਕ): ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਕਰੀਬ ਅੱਧੀ ਦਰਜਜਨ ਯਤੀਮਖਾਨਿਆਂ ਵਿੱਚ ਰਹਿ ਰਹੇ ਬੇਸਹਾਰਾ ਬੱਚਿਆਂ ਨੂੰ ਅੱਜ ਪਹਿਲੀ ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਤੇ ਡੀਸੀ ਸਾਕਸ਼ੀ ਸਾਹਨੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਬੱਚਿਆਂ ਨੂੰ ਕਿਲਾ ਰਾਏਪੁਰ ਵਿਖੇ ਚੱਲ ਰਹੇ ਰੂਰਲ ਓਲੰਪਿਕਸ ਦਿਖਾਇਆ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਸੈਣੀ ਨੇ ਦੱਸਿਆ ਕਿ ਮੇਲੇ ਦੇ ਸੰਚਾਲਕ ਏਡੀਸੀ ਅਨਮੋਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ ਸਾਰੇ ਯਤੀਮਖਾਨਿਆਂ ਵਿੱਚ ਰਹਿ ਰਹੇ ਬੇਸਹਾਰਾ ਬੱਚਿਆਂ ਨੂੰ ਵਾਹਨਾਂ ਰਾਹੀਂ ਲਿਆ ਕੇ ਖੇਡਾਂ ਦੇ ਨਾਲ-ਨਾਲ ਸੂਬੇ ਦੇ ਸੱਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦੀਆਂ ਸਟਾਲਾਂ ਦਾ ਦੌਰਾ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਸਾਰੇ ਬੱਚਿਆਂ ਨੂੰ ਉਨ੍ਹਾਂ ਦੀ ਪਸੰਦ ਦੇ ਝੂਟੇ ਆਦਿ ਅਤੇ ਖਾਣਾ ਇਸ ਢੰਗ ਨਾਲ ਪਰੋਸਿਆ ਗਿਆ ਜਿਸ ਤਰਾਂ ਉਨ੍ਹਾਂ ਦੇ ਮਾਂ ਬਾਪ, ਜੇ ਹੁੰਦੇ ਤਾਂ ਮੁਹੱਈਆ ਕਰਵਾਉਂਦੇ।

Advertisement
Author Image

sukhwinder singh

View all posts

Advertisement
Advertisement
×