ਰੂਪਨਗਰ: ਬਿਜਲੀ ਸਮੱਸਿਆ ਦੀ ਸ਼ਿਕਾਇਤ ਲੈ ਕੇ ਪਾਵਰਕਾਮ ਦਫ਼ਤਰ ਪੁੱਜੇ ਰਾਜਦੀਪ ਨਗਰ ਵਾਸੀਆਂ ਨੂੰ ਮਿਲੇ ਮੰਤਰੀ
ਜਗਮੋਹਨ ਸਿੰਘ
ਰੂਪਨਗਰ, 23 ਜੂਨ
ਅੱਜ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਾਵਰਕਾਮ ਦੇ ਰੂਪਨਗਰ ਦਫਤਰ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਆਪਣੀ ਬਿਜਲੀ ਸਪਲਾਈ ਦੀ ਸਮੱਸਿਆ ਸਬੰਧੀ ਸਬੰਧਤ ਐਕਸੀਅਨ ਕੋਲ ਸ਼ਿਕਾਇਤ ਲੈ ਕੇ ਪੁੱਜੇ ਰਾਜਦੀਪ ਨਗਰ ਮੁਹੱਲੇ ਦੇ ਸ਼ਿਕਾਇਤਕਰਤਾਵਾਂ ਨੂੰ ਸੁਣਿਆ, ਜਿਸ ਦੌਰਾਨ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੀ ਬਿਜਲੀ ਸਪਲਾਈ ਸਹੀ ਨਹੀਂ ਹੈ ਤੇ ਵਾਰ ਵਾਰ ਬਿਜਲੀ ਜਾਣ ਨਾਲ ਜਾਂ ਸਪਲਾਈ ਘੱਟ-ਵੱਧ ਆਉਣ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੰਤਰੀ ਨੇ ਪਾਵਰਕਾਮ ਅਧਿਕਾਰੀਆਂ ਨੂੰ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਉਨ੍ਹਾਂ ਨਹਿਰੀ ਵਿਸ਼ਰਾਮ ਘਰ ਰੂਪਨਗਰ ਵਿਖੇ ਵਿਧਾਇਕ ਦਿਨੇਸ਼ ਚੱਢਾ ਨਾਲ ਸੜਕਾਂ ਦੀ ਸਮੱਸਿਆ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ, ਜਿਸ ਦੌਰਾਨ ਵਿਧਾਇਕ ਚੱਢਾ ਨੇ ਭੂਰੀ ਵਾਲੇ ਮੰਦਰ ਦੇ ਰਸਤੇ ਨੂੰ ਸਾਉਣ ਮਹੀਨੇ ਤੋਂ ਪਹਿਲਾਂ ਠੀਕ ਕਰਨ ਦਾ ਮਾਮਲਾ ਕੈਬਿਨਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ, ਜਿਸ ‘ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਇਹ ਰਸਤਾ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਹਲਕੇ ਦੀਆਂ ਹੋਰ ਵੀ ਸੜਕਾਂ ਨੂੰ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ।