ਰੂਪਨਗਰ: ਥਰਮਲ ਪਲਾਂਟ ਦੀ ਸੇਮ ਦੇ ਸਤਲੁਜ ਦਰਿਆ ’ਚ ਮਿਲ ਰਹੇ ਪਾਣੀ ਅੰਦਰ ਮਰੀਆਂ ਮੱਛੀਆਂ ਵੇਚ ਰਹੇ ਨੇ ਦੁਕਾਨਦਾਰ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 25 ਦਸੰਬਰ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀਆਂ ਸੁਆਹ ਵਾਲੀਆਂ ਝੀਲਾਂ ਦੀ ਸੇਮ ਦੇ ਸਤਲੁਜ ਦਰਿਆ ਵੱਲ ਜਾ ਰਹੇ ਪਾਣੀ ਵਿੱਚ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਵੱਡੀ ਪੱਧਰ ’ਤੇ ਮੱਛੀਆਂ ਮਰਨ ਦੀ ਘਟਨਾ ਪਾਣੀ ਦੇ ਜ਼ਹਿਰੀਲੇ ਹੋਣ ਸਬੰਧੀ ਸ਼ੰਕੇ ਪੈਦਾ ਕਰਦੀ ਹੈ। ਕਿਸਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਆਪਣੇ ਖੇਤ ਵਿੱਚ ਗਏ ਤਾਂ ਥਰਮਲ ਪਲਾਂਟ ਰੂਪਨਗਰ ਦੀਆਂ ਸੁਆਹ ਵਾਲੀਆਂ ਝੀਲਾਂ ਵਿੱਚੋਂ ਮਾਈਕਰੋਹਾਈਡਲ ਚੈਨਲ ਨਹਿਰ ਦੇ ਹੇਠ ਤੋਂ ਆ ਰਹੇ ਸੇਮ ਦੇ ਪਾਣੀ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੱਛੀਆਂ ਹਾਲੇ ਤੜਫ ਰਹੀਆਂ ਸਨ। ਉਨ੍ਹਾਂ ਦੱਸਿਆ ਕਿ 15 ਦਿਨ ਪਹਿਲਾਂ ਵੀ ਅਜਿਹੀ ਹੀ ਘਟਨਾ ਵਾਪਰੀ ਸੀ ਅਤੇ ਉਸ ਤੋਂ ਬਾਅਦ ਘਨੌਲੀ ਇਲਾਕੇ ਦੇ ਮਛੇਰੇ ਅਤੇ ਮੱਛੀ ਵੇਚਣ ਵਾਲੇ ਦੁਕਾਨਦਾਰ ਮੱਛੀਆਂ ਚੁੱਕ ਕੇ ਲੈ ਗਏ ਸਨ।
ਉਨ੍ਹਾਂ ਵੱਡੀ ਪੱਧਰ ’ਤੇ ਮੱਛੀਆਂ ਮਰਨ ਦੀ ਘਟਨਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਸਬੰਧਤ ਮਹਿਕਮਿਆਂ ਤੋਂ ਮੰਗ ਕੀਤੀ ਹੈ ਕਿ ਇਸ ਦੀ ਤੁਰੰਤ ਜਾਂਚ ਕਰਵਾਈ ਜਾਵੇ ਕਿ ਕਿਤੇ ਇਹ ਮੱਛੀਆਂ ਪਾਣੀ ਜ਼ਹਿਰੀਲਾ ਹੋਣ ਕਾਰਨ ਤਾਂ ਨਹੀਂ ਮਰੀਆਂ। ਉਨ੍ਹਾਂ ਦੱਸਿਆ ਕਿ ਇਹ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਵਿੱਚ ਮਿਲਦਾ ਹੈ ਅਤੇ ਜੇ ਇਹ ਪਾਣੀ ਜ਼ਹਿਰੀਲਾ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇ। ਉੱਧਰ ਜਦੋਂ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਵਿਭਾਗ ਰੂਪਨਗਰ ਦੀ ਐਕਸੀਅਨ ਅਨੁਰਾਧਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਸਬੰਧੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਤੇ ਜ਼ਿਲ੍ਹਾ ਸਿਹਤ ਅਫਸਰ ਡਾ. ਜਗਜੀਤ ਕੌਰ ਨੇ ਕਿਹਾ ਕਿ ਮੱਛੀ ਵਿਕਰੇਤਾਵਾਂ ਵੱਲੋਂ ਵੇਚੀ ਜਾ ਰਹੀ ਮੱਛੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ।