ਰੂਪਨਗਰ: ਸ਼ਹੀਦੀ ਪੰਦਰਵਾੜੇ ਦੀ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਸ਼ੁਰੂਆਤ
ਜਗਮੋਹਨ ਸਿੰਘ
ਰੂਪਨਗਰ, 14 ਦਸੰਬਰ
ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੁਆਰਾ ਸਿੱਖ ਕੌਮ ਲਈ ਦਿੱਤੀਆਂ ਸ਼ਹਾਦਤਾਂ ਨੂੰ ਸਿਜਦਾ ਕਰਨ ਲਈ ਹਰ ਸਾਲ ਮਨਾਏ ਜਾਂਦੇ ਸ਼ਹੀਦੀ ਪੰਦਰਵਾੜੇ ਦੀ ਅੱਜ ਸਰਸਾ ਨੰਗਲ ਵਿਖੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਪਰਿਵਾਰ ਨਾਲ ਵਿਛੜਨ ਦੀ ਯਾਦ ਵਿੱਚ ਬਣੇ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਸ਼ੁਰੂਆਤ ਹੋਈ। ਇਸ ਸਬੰਧੀ ਅੱਜ ਸਵੇਰੇ ਪੰਜ ਆਖੰਡ ਪਾਠ ਸਾਹਿਬ ਰਖਵਾਏ ਗਏ ਤੇ ਉਦੈ ਸਿੰਘ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਰਖਵਾਏ ਆਖੰਡ ਪਾਠ ਦੀ ਸ਼ੁਰੂਆਤ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ।
ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸੰਦੀਪ ਸਿੰਘ ਕਲੋਤਾ ਮੀਤ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ, ਦਵਿੰਦਰ ਸਿੰਘ ਇੰਚਾਰਜ ਪਰਿਵਾਰ ਵਿਛੋੜਾ, ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਗੁਰਿੰਦਰ ਸਿੰਘ ਗੋਗੀ ਤੇ ਗੁਰਮੇਲ ਸਿੰਘ ਸਟੋਰ ਕੀਪਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗਿਆਨੀ ਸੁਲਤਾਨ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਕੋਈ ਵੀ ਖੁਸ਼ੀ ਦੇ ਸਮਾਗਮ ਨਾ ਕੀਤੇ ਜਾਣ। ਮੈਨਜਰ ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ ਭਲਕੇ ਭਾਈ ਉਦੈ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਉੱਚ ਕੋਟਿ ਦੇ ਰਾਗੀ, ਢਾਡੀ ਤੇ ਕੀਰਤਨੀ ਜਥੇ ਗੁਰਬਾਣੀ ਰਾਹੀਂ ਸਿੱਖ ਇਤਿਹਾਸ ਸੁਣਾਉਣਗੇ। ਅੱਜ ਪਿੰਡ ਸਰਸਾ ਨੰਗਲ ਦੀਆਂ ਸੰਗਤਾਂ ਦੁਆਰਾ ਲੰਗਰ ਦੀ ਸੇਵਾ ਕੀਤੀ ਗਈ।