ਰੂਪਨਗਰ: ਸਰਹਿੰਦ ਨਹਿਰ ਦੇ ਨਵੀਨੀਕਰਨ ’ਤੇ ਸਿਆਸਤ ਭਖ਼ੀ
ਕੜਾਕੇ ਦੀ ਠੰਢ ਦੇ ਮੌਸਮ ਦਰਮਿਆਨ ਸਰਹਿੰਦ ਨਹਿਰ ਦੇ ਤਲ ਅਤੇ ਕਿਨਾਰਿਆਂ ਨੂੰ ਪੱਕਾ ਕਰਨ ਦੀ ਕਾਰਵਾਈ ਨੇ ਸਿਆਸੀ ਮਾਹੌਲ ਭਖ਼ਾ ਦਿੱਤਾ ਹੈ। ਰੂਪਨਗਰ ਦੇ ਹੈੱਡ ਵਰਕਸ ਤੋਂ ਲੈ ਕੇ ਨਵੇਂ ਬਣ ਰਹੇ ਪੁਲ ਤੱਕ ਨਹਿਰ ਨੂੰ ਪੱਕਾ ਕਰਨ ਦਾ ਕੰਮ ਜ਼ੰਗੀ ਪੱਧਰ ’ਤੇ ਜਾਰੀ ਹੈ, ਜਿਸ ਦਾ ਵੱਖ ਵੱਖ ਸਮਾਜਿਕ ਜਥੇਬੰਦੀਆਂ ਤੇ ਸਿਾਸੀ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਲੱਖਾ ਸਿਧਾਣਾ ਤੇ ਨੂਰਪੁਰ ਬੇਦੀ ਇਲਾਕੇ ਦੇ ਸਮਾਜਿਕ ਕਾਰਕੁਨ ਗੌਰਵ ਰਾਣਾ ਨੇ ਰੂਪਨਗਰ ਪੁੱਜ ਕੇ ਸਰਕਾਰ ਵੱਲੋਂ ਨਹਿਰ ਨੂੰ ਪੱਕੇ ਕਰਨ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਨਹਿਰ ਦੀ ਸਮਰੱਥਾ ਵਧਾਉਣ ਦੇ ਨਾਮ ’ਤੇ ਪੱਕਾ ਕਰਨ ਦਾ ਕੰਮ ਕਰਨ ਵਾਲੇ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਲੋਕਾਂ ਅੱਗੇ ਇਹ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਇਸ ਨਾਲ ਖੇਤੀਯੋਗ ਜ਼ਮੀਨਾਂ ਤੇ ਰਿਹਾਇਸ਼ੀ ਇਲਾਕਿਆਂ ਅੰਦਰ ਪਾਣੀ ਦਾ ਪੱਧਰ ਕਮਜ਼ੋਰ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਇਸ ਨਹਿਰ ਨੂੰ ਜਾਣ-ਬੁੱਝ ਕੇ ਕੱਚਾ ਰੱਖਿਆ ਸੀ, ਜਿਸ ਦਾ ਕੋਈ ਮਨੋਰਥ ਸੀ। ਉਨ੍ਹਾਂ ਕਿਹਾ ਕਿ ਨਹਿਰ ਨੂੰ ਪੱਕਾ ਕਰਨਾ ਧਰਤੀ ਹੇਠਲੇ ਪਾਣੀ ਨਾਲ ਖਿਲਵਾੜ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਸ 400 ਕਿਉੂਸਿਕ ਸਮਰੱਥਾ ਵਾਲੀ ਦਸਮੇਸ਼ ਕੈਨਾਲ ਨਾਲ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਨੂੰ ਸਿੰਜਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੀ ਮਨਜ਼ੂਰੀ 10-11 ਜਨਵਰੀ ਨੂੰ ਹੋਈ ਹੈ ਤੇ ਨਹਿਰ ਨੂੰ ਪੱਕਾ ਕਰਨ ਦਾ ਕੰਮ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸਥਿਤੀ ਸਪੱਸ਼ਟ ਕਰੇ ਕਿ ਪੁਰਾਣੇ ਸਮੇਂ ਤੋਂ ਪ੍ਰਸਤਾਵਿਤ ਦਸਮੇਸ਼ ਕੈਨਾਲ ਨਹਿਰ ਕਦੋਂ ਬਣੇਗੀ ਤੇ ਰੂਪਨਗਰ ਹਲਕੇ ਦੇ ਲੋਕਾਂ ਨੂੰ ਪਾਣੀ ਕਦੋਂ ਮਿਲੇਗਾ। ਇਸ ਮੌਕੇ ਗੁਰਬਚਨ ਸਿੰਘ ਬੈਂਸ, ਕਿਰਤੀ ਕਿਸਾਨ ਮੋਰਚਾ ਦੇ ਆਗੂ ਹਰਪ੍ਰੀਤ ਸਿੰਘ ਭੱਟੋਂ, ਪੰਜਾਬ ਮੋਰਚਾ ਆਗੂ ਨੀਰਜ ਰਾਣਾ, ਯਾਦਵਿੰਦਰ ਸਿੰਘ ਤੇ ਕਿਸ਼ਨ ਕੁਮਾਰ ਹਾਜ਼ਰ ਸਨ।
ਸਿਰਫ਼ ਅੱਧਾ ਕਿਲੋਮੀਟਰ ਨਹਿਰ ਦਾ ਤਲ ਹੋਵੇਗਾ ਪੱਕਾ: ਐੱਸਡੀਓ
ਨਹਿਰੀ ਮਹਿਕਮੇ ਦੇ ਐੱਸਡੀਓ ਲਲਿਤ ਗਰਗ ਨੇ ਕਿਹਾ ਕਿ ਸਰਹਿੰਦ ਨਹਿਰ ਦਾ ਤਲ ਨਹਿਰ ਸ਼ੁਰੂ ਹੋਣ ਤੋਂ ਲੈ ਕੇ ਅਗਲੇ 600 ਫੁੱਟ ਤੱਕ ਗਟਕਾ ਪਾ ਕੇ ਛੱਡ ਦਿੱਤਾ ਜਾਵੇਗਾ ਤੇ ਉਸ ਨੂੰ ਪੱਕਾ ਨਹੀਂ ਕੀਤਾ ਜਾਵੇਗਾ ਤੇ ਉਸ ਤੋਂ ਅੱਗੇ ਸਿਰਫ ਅੱਧਾ ਕਿਲੋਮੀਟਰ ਨਹਿਰ ਦਾ ਤਲ ਹੀ ਪੱਕਾ ਕੀਤਾ ਜਾਵੇਗਾ।
ਨਹਿਰ ਪੱਕੀ ਹੋਣ ਨਾਲ ਸਾਢੇ ਨੌਂ ਲੱਖ ਏਕੜ ਜ਼ਮੀਨ ਦੀ ਸਿੰਜਾਈ ਹੋਵੇਗੀ: ਦਿਨੇਸ਼ ਚੱਢਾ
ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਵੀ ਫੇਸਬੁੱਕ ’ਤੇ ਲਾਈਵ ਹੋ ਕੇ ਕਿ ਜਿੱਥੇ ਨਹਿਰ ਪੱਕੀ ਕੀਤੀ ਜਾ ਰਹੀ ਹੈ, ਉਸ ਵਿੱਚ ਵੀ ਪ੍ਰੈਸ਼ਰ ਰਿਲੀਜ਼ ਵਾਲਵ ਰੱਖੇ ਗਏ ਹਨ ਤੇ ਇਨ੍ਹਾਂ ਵਾਲਵ ਰਾਹੀਂ ਧਰਤੀ ਦੇ ਥੱਲੇ ਵੀ ਪਾਣੀ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਹਿਰ ਦੇ ਪੱਕਾ ਤੇ ਚੌੜਾ ਹੋਣ ਨਾਲ ਸਾਢੇ 9 ਲੱਖ ਏਕੜ ਜ਼ਮੀਨ ਦੀ ਸਿੰਜਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਜੋ ਦਰਿਆ ਤੋਂ ਵਾਧੂ ਪਾਣੀ ਪਾਕਿਸਤਾਨ ਵਾਲੇ ਪਾਸੇ ਜਾ ਰਿਹਾ ਸੀ, ਹੁਣ ਉਸ ਪਾਣੀ ਨੂੰ ਸਰਹਿੰਦ ਨਹਿਰ ਦੀ ਸਮਰੱਥਾ ਵਧਾ ਕੇ ਉਸ ਫਾਲਤੂ ਪਾਣੀ ਦੀ ਵਰਤੋਂ ਲੋਕਾਂ ਦੀਆਂ ਜ਼ਮੀਨਾਂ ਸਿੰਜਣ ਲਈ ਕੀਤਾ ਜਾਵੇਗਾ, ਜੋ ਕਿ ਭਗਵੰਤ ਮਾਨ ਸਰਕਾਰ ਦੀ ਵੱਡੀ ਪ੍ਰਾਪਤੀ ਹੈ।