ਰੂਪਨਗਰ: ਮੀਂਹ ਮਗਰੋਂ ਪੰਜਾਬ ’ਚ ਬਿਜਲੀ ਦੀ ਮੰਗ ਘਟਣ ’ਤੇ ਥਰਮਲ ਪਲਾਂਟ ਰੂਪਨਗਰ ਦੇ 2 ਯੂਨਿਟ ਬੰਦ ਕੀਤੇ
ਜਗਮੋਹਨ ਸਿੰਘ
ਘਨੌਲੀ, 7 ਜੁਲਾਈ
ਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ ਘਟ ਗਈ ਹੈ। ਬਿਜਲੀ ਦੀ ਮੰਗ ਘਟਣ ਸਦਕਾ ਪਾਵਰਕਾਮ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 2 ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਥਰਮਲ ਪਲਾਂਟ ਦੇ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਦੀ ਮੰਗ ਘਟਣ ਉਪਰੰਤ ਯੂਨਿਟ ਨੰਬਰ 5 ਅਤੇ ਯੂਨਿਟ ਨੰਬਰ 6 ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਪਲਾਂਟ ਦੇ ਯੂਨਿਟ ਨੰਬਰ 3 ਅਤੇ ਯੂਨਿਟ ਨੰਬਰ 4 ਦੀ ਬਿਜਲੀ ਉਤਪਾਦਨ ਸਮਰੱਥਾ ਨੂੰ ਵੀ ਘਟਾ ਦਿੱਤਾ ਗਿਆ ਹੈ। ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 3 ਰਾਹੀ 149 ਮੈਗਾਵਾਟ ਅਤੇ ਯੂਨਿਟ ਨੰਬਰ 4 ਰਾਹੀਂ 121 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਉਧਰ ਲਹਿਰਾ ਮੁਹੱਬਤ ਦੇ 4 ਵਿਚੋਂ ਤਿੰਨੇ ਯੂਨਿਟ ਚੱਲ ਰਹੇ ਹਨ। ਚੱਲ ਰਹੇ ਯੂਨਿਟਾਂ ਦਾ ਲੋਡ ਘਟਾ ਦਿੱਤਾ ਹੈ। 2 ਨੰਬਰ ਯੂਨਿਟ ਤਕਨੀਕੀ ਖਰਾਬੀ ਕਾਰਨ ਲੰਮੇ ਸਮੇਂ ਤੋਂ ਬੰਦ ਹੈ।