For the best experience, open
https://m.punjabitribuneonline.com
on your mobile browser.
Advertisement

ਰੂਪਨਗਰ: ਭਰਤਗੜ੍ਹ ’ਚ ਮਠਿਆਈ ਦੀ ਦੁਕਾਨ ਨੂੰ ਭਿਆਨਕ ਅੱਗ ਕਾਰਨ 2 ਹਲਾਕ, ਇਕ ਜ਼ਖ਼ਮੀ

12:40 PM Aug 17, 2023 IST
ਰੂਪਨਗਰ  ਭਰਤਗੜ੍ਹ ’ਚ ਮਠਿਆਈ ਦੀ ਦੁਕਾਨ ਨੂੰ ਭਿਆਨਕ ਅੱਗ ਕਾਰਨ 2 ਹਲਾਕ  ਇਕ ਜ਼ਖ਼ਮੀ
Advertisement

ਜਗਮੋਹਨ ਸਿੰਘ
ਘਨੌਲੀ, 17 ਅਗਸਤ
ਅੱਜ ਰੂਪਨਗਰ ਜ਼ਿਲ੍ਹੇ ਦੇ ਕਸਬਾ ਭਰਤਗੜ੍ਹ ਦੇ ਬੱਸ ਸਟੈਂਡ ਨੇੜੇ ਸਥਿਤ ਕਮਲ ਸਵੀਟ ਸ਼ਾਪ ਨੂੰ ਅੱਗ ਲੱਗਣ ਕਾਰਨ ਦੁਕਾਨ ਮਾਲਕ ਦੇ ਇਕਲੌਤੇ ਪੁੱਤਰ ਅਤੇ ਕਾਰੀਗਰ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ। ਮਨਜੀਤ ਸਿੰਘ ਵਾਸੀ ਭਰਤਗੜ੍ਹ ਨੇ ਦੱਸਿਆ ਕਿ ਉਸ ਦੀ ਕਮਲ ਸਵੀਟ ਸ਼ਾਪ ਦੇ ਬਿਲਕੁਲ ਨਾਲ ਹੀ ਮੋਬਾਈਲਾਂ ਦੀ ਦੁਕਾਨ ਹੈ ਤੇ ਉਸ ਨੂੰ ਅੱਜ ਤੜਕੇ ਪੌਣੇ ਚਾਰ ਵਜੇ ਦੇ ਕਰੀਬ ਕਮਲ ਸਵੀਟ ਸ਼ਾਪ ’ਤੇ ਕੰਮ ਕਰਨ ਵਾਲੇ ਕਾਰੀਗਰ ਸੱਜਣ ਸਿੰਘ(45) ਵਾਸੀ ਆਲਮਪੁਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਅੰਦਰ ਅੱਗ ਲੱਗ ਗਈ ਹੈ ਅਤੇ ਤੁਸੀਂ ਵੀ ਆਪਣੀ ਦੁਕਾਨ ਆ ਕੇ ਵੇਖ ਲਵੋ।

ਉਸ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜਿਆ ਤਾਂ ਦੁਕਾਨ ਮਾਲਕ ਕਮਲ ਕੁਮਾਰ ਦਾ ਲੜਕਾ ਜਤਿਨ ਗੌਤਮ ਉਰਫ ਬੰਟੀ(32) ਵੀ ਮੌਕੇ ’ਤੇ ਪੁੱਜ ਗਿਆ, ਜਦੋਂ ਬੰਟੀ, ਸੱਜਣ ਸਿੰਘ ਅਤੇ ਚੌਕੀਦਾਰ ਰੋਸ਼ਨ ਲਾਲ ਵਾਸੀ ਜੰਮੂ ਨੇ ਸ਼ਟਰ ਚੁੱਕਿਆ ਤਾਂ ਦੁਕਾਨ ਅੰਦਰ ਲੱਗੀ ਅੱਗ ਇੱਕਦਮ ਭੜਕ ਗਈ ਤੇ ਇਸੇ ਦੌਰਾਨ ਦੁਕਾਨ ਅੰਦਰ ਸਿਲੰਡਰ ਫਟ ਗਿਆ। ਇਸ ਉਪਰੰਤ ਤਿੰਨੋਂ ਵਿਅਕਤੀ ਬੁਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿੱਚ ਘਿਰ ਗਏ ਤੇ ਉਸ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਮਨਜੀਤ ਸਿੰਘ ਨੇ ਦੱਸਿਆ ਕਿ ਫਟੇ ਸਿਲੰਡਰ ਦੀ ਲਪੇਟ ਵਿੱਚ ਆਉਣ ਕਾਰਨ ਬੰਟੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਸੱਜਣ ਸਿੰਘ ਨੂੰ ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।

Advertisement

ਚੌਕੀਦਾਰ ਰੋਸ਼ਨ ਲਾਲ ਕਮਿਊਨਿਟੀ ਸੈਂਟਰ ਭਰਤਗੜ੍ਹ ਵਿਖੇ ਦਾਖਲ ਹੈ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ ਨੇ ਪੁਲੀਸ ਪਾਰਟੀ ਸਮੇਤ ਤੁਰੰਤ ਮੌਕੇ ਤੇ ਪੁੱਜ ਕੇ ਨਗਰ ਕੌਂਸਲ ਰੂਪਨਗਰ ਤੋਂ ਮੰਗਵਾਈਆਂ ਦੋ ਅੱਗ ਬੁਝਾਊ ਗੱਡੀਆਂ ਰਾਹੀਂ ਅੱਗ ’ਤੇ ਕਾਬੂ ਪਾਉਂਦੇ ਹੋਏ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਰੱਖੇ ਗੈਸ ਦੇ ਭਰੇ ਲਗਭਗ ਅੱਧੀ ਦਰਜਨ ਹੋਰ ਸਿਲੰਡਰਾਂ ਨੂੰ ਅੱਗ ਲੱਗਣ ਤੋਂ ਬਚਾਉਂਦੇ ਹੋਏ ਵੱਡੇ ਹਾਦਸੇ ਤੋਂ ਬਚਾਅ ਕੀਤਾ। ਪੁਲੀਸ ਨੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ‌ਮ੍ਰਿਤਕ ਬੰਟੀ ਆਪਣੇ ਪਿੱਛੇ ਮਾਂ ਬਾਪ ਤੋਂ ਇਲਾਵਾ ਪਤਨੀ ਅਤੇ 6 ਸਾਲਾ ਪੁੱਤਰ ਤੇ ਢਾਈ ਸਾਲਾ ਪੁੱਤਰੀ ਛੱਡ ਗਿਆ ਹੈ

Advertisement
Author Image

Advertisement