ਬਨੂੜ: ਬਿਜਲੀ ਗਰਿੱਡਾਂ ਵਿੱਚ ਭਰਿਆ ਪਾਣੀ; ਸਮੁੱਚੇ ਖੇਤਰ ਵਿੱਚ ਬਲੈਕਆਊਟ
ਕਰਮਜੀਤ ਸਿੰਘ ਚਿੱਲਾ
ਬਨੂੜ, 9 ਜੁਲਾਈ
ਇਲਾਕੇ ਵਿੱਚ ਬਿਜਲੀ ਗਰਿੱਡਾਂ ’ਚ ਪਾਣੀ ਭਰਨ ਕਾਰਨ ਜ਼ਿਆਦਾਤਰ ਪਿੰਡਾਂ ਵਿੱਚ ਬਿਜਲੀ ਸਪਲਾਈ ਰਾਤ ਦੀ ਠੱਪ ਹੈ। ਜ਼ਿਆਦਾਤਰ ਖੇਤਰਾਂ ਵਿੱਚ ਪਾਵਰਕੌਮ ਵੱਲੋਂ ਅਹਤਿਆਤ ਵਜੋਂ ਸਪਲਾਈ ਬੰਦ ਕਰ ਦਿੱਤੀ ਗਈ ਹੈ। ਬਨੂੜ ਦੇ ਮੇਨ ਬਿਜਲੀ ਗਰਿੱਡ ਤੋਂ ਬਿਜਲੀ ਹਾਸਲ ਕਰਨ ਵਾਲੇ ਕਈ ਗਰਿੱਡਾਂ ਨੂੰ ਵੀ ਬਿਜਲੀ ਨਹੀਂ ਜਾ ਰਹੀ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਅੱਜ ਸਾਰਾ ਦਿਨ ਬਿਜਲੀ ਬੰਦ ਰਹੀ। ਬਿਜਲੀ ਬੰਦ ਹੋਣ ਨਾਲ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਬੰਦ ਪਏ ਹਨ, ਜਿਸ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਦੇ ਬਿਜਲੀ ਗਰਿੱਡ ਵਿੱਚ ਰਾਤ ਤੋਂ ਹੀ ਪਾਣੀ ਇਕੱਠਾ ਹੋਣਾ ਆਰੰਭ ਹੋ ਗਿਆ ਸੀ। ਗਰਿੱਡ ਵਿੱਚ ਸਥਾਪਤ ਸਮੁੱਚੇ ਟਰਾਂਸਫ਼ਾਰਮਰ ਅਤੇ ਹੋਰ ਯੰਤਰ ਪਾਣੀ ਵਿੱਚ ਡੁੱਬੇ ਖੜ੍ਹੇ ਹਨ। ਇੱਥੋਂ ਆਈਟੀਸੀ, ਚਡਿਆਲਾ ਆਦਿ ਗਰਿੱਡਾਂ ਨੂੰ ਜਾਂਦੀ ਬਿਜਲੀ ਵੀ ਬੰਦ ਹੈ। ਦੈੜੀ ਗਰਿੱਡ ਅਧੀਨ ਪੈਂਦੇ ਦਰਜਨਾਂ ਪਿੰਡਾਂ ਵਿੱਚ ਬਿਜਲੀ ਬੰਦ ਪਈ ਹੈ। ਬਾਅਦ ਦੁਪਹਿਰ ਗਰਿੱਡਾਂ ਦੇ ਐੱਸਈ ਨੇ ਬਨੂੜ ਗਰਿੱਡ ਦਾ ਮੁਆਇਨਾ ਕਰਕੇ ਪਾਣੀ ਕੱਢਣ ਦੇ ਨਿਰਦੇਸ਼ ਦਿੱਤੇ। ਹੁਲਕਾ-ਨੰਡਿਆਲੀ ਆਦਿ ਫ਼ੀਡਰਾਂ ਵਿੱਚ ਬਿਜਲੀ ਸਪਲਾਈ ਠੱਪ ਹੈ। ਮੋਹੀ ਕਲਾਂ ਦੇ ਗਰਿੱਡ ਪਾਣੀ ਭਰਨ ਨਾਲ ਦਰਜਨ ਤੋਂ ਵੱਧ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਪਈ ਹੈ। ਪਾਵਰਕੌਮ ਦੇ ਕਰਮਚਾਰੀ ਪਾਣੀ ਨੂੰ ਕੱਢ ਕੇ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਲੱਗੇ ਹੋਏ ਸਨ। ਇਸੇ ਤਰ੍ਹਾਂ ਖੇੜਾ ਗੱਜੂ ਬਿਜਲੀ ਗਰਿੱਡ ਦੀ ਸਮੁੱਚੀ ਇਮਾਰਤ ਚੋਅ ਰਹੀ ਹੈ। ਇੱਥੇ ਲੱਗੇ ਹੋਏ ਬਿਜਲੀ ਯੰਤਰਾਂ ਨੂੰ ਪਾਣੀ ਤੋਂ ਬਚਾਉਣ ਲਈ ਵਿਭਾਗ ਦੇ ਕਰਮਚਾਰੀ ਤਿਰਪਾਲਾਂ ਪਾ ਕੇ ਡੰਗ ਟਪਾ ਰਹੇ ਹਨ। ਗਰਿੱਡ ਅਧੀਨ ਆਉਂਦੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਪਈ ਹੈ। ਚਡਿਆਲ ਸੂਦਾਂ ਦੇ ਗਰਿੱਡ ਵਿੱਚ ਵੀ ਪਾਣੀ ਖੜ੍ਹਾ ਹੈ ਤੇ ਸਮੁੱਚੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੈ।