For the best experience, open
https://m.punjabitribuneonline.com
on your mobile browser.
Advertisement

ਰੂੰਗਾ

10:11 AM Dec 02, 2023 IST
ਰੂੰਗਾ
Advertisement

ਝੂੰਗਾ ਜਾਂ ਝੁੰਗਾ ਸ਼ਬਦ ਨੂੰ ਸਾਡੇ ਪਿੰਡ ਰੂੰਗਾ ਕਿਹਾ ਜਾਂਦਾ ਸੀ। ਇਸ ਦਾ ਉਚਾਰਨ ਵੀ ‘ਰੂੰਘਾ’ ਸੀ। ਹੁਣ ਪਿੰਡ ਵਿੱਚ ਹੱਟਾਂ (ਹੱਟੀਆਂ) ਨਹੀਂ ਰਹੀਆਂ। ਬੱਸ ਅੱਡੇ ਦੇ ਲਾਗੇ ਬਾਜ਼ਾਰ ਜੋ ਬਣ ਗਿਆ ਹੈ। ਉਦੋਂ ਪਿੰਡ ਦੀ ਵਿਚਕਾਰਲੀ ਲੰਮੀ ਗਲੀ (ਬੀਹੀ) ਵਿੱਚ ਸਿਰਫ਼ ਦੋ ਹੀ ਹੱਟਾਂ ਸਨ। ਪਿੱਛੋਂ ਇੱਕ ਦੋ ਹੋਰ ਦਾ ਵਾਧਾ ਹੋ ਗਿਆ ਸੀ। ਮੇਰੇ ਯਾਦ ਆਉਂਦਾ ਹੈ, ਰੱਖੜੀ ਦੇ ਤਿਉਹਾਰ ਨੂੰ ਬੇਬੇ ਮੇਰੇ ਲਈ ਰੱਖੜੀ ਘਰ ਬਣਾਉਂਦੀ ਸੀ। ਉਸ ਨੇ ਦੋ-ਤਿੰਨ ਰੰਗਾਂ ਦੀ ਲੋਗੜੀ ਮੰਗਵਾ ਲੈਣੀ। ਮੈਂ ਭੱਜੇ ਨੇ ਹੱਟੀ ਨੂੰ ਜਾਣਾ। ਇੱਕ ਆਨਾ ਜਾਂ ਦੁਆਨੀ ਹਟਵਾਣੀਏਂ ਅੱਗੇ ਕਰ ਦੇਣਾ। ਸੌਦਾ ਲੈਣ ਪਿੱਛੋਂ ਦੂਜੀ ਹਥੇਲੀ ਅੱਗੇ ਕਰ ਦੇਣੀ। ਹਟਵਾਣੀਏਂ ਨੇ ਇੱਕ ਦੋ ਮਿੱਠੀਆਂ ਗੋਲੀਆਂ ਹੱਥ ਉੱਤੇ ਧਰ ਦੇਣੀਆਂ। ਇਹ ਰੂੰਗਾ ਹੁੰਦਾ ਹੈ। ਮਿੱਠੀਆਂ ਗੋਲੀਆਂ ਹੋਣ ਜਾਂ ਪਤਾਸੇ ਜਾਂ ਅਜਿਹੀ ਕੋਈ ਨਿੱਕੀ ਚੀਜ਼, ਜਿਸ ਨੂੰ ਨਿਆਣੇ ਚੀਜੋ ਜਾਂ ਚੀਜੀ ਆਖਦੇ, ਬੜੀ ਵੱਡੀ ਨਿਆਮਤ ਜਾਪਦੀ। ਰੂੰਗਾ ਮੁਫ਼ਤ ਮਿਲਦਾ, ਪਰ ਸਿਰਫ਼ ਉਦੋਂ ਜਦੋਂ ਕੋਈ ਸੌਦਾ ਲਿਆ ਜਾਂਦਾ। ਖ਼ਾਸ ਕਰਕੇ ਜੇ ਕੋਈ ਬੱਚਾ ਦੁਕਾਨ ਉੱਤੇ ਆਉਂਦਾ। ਰੂੰਗਾ ਮਿਲਣ ਦੀ ਅਥਾਹ ਖੁਸ਼ੀ ਹੁੰਦੀ। ਇਸੇ ਕਾਰਨ ਘਰ ਤੋਂ ਹੱਟੀ ਵੱਲ ਤੇ ਫਿਰ ਵਾਪਸੀ ਵੇਲੇ ਦੌੜਦੇ ਹੀ ਜਾਣਾ। ਇਹ ਗੱਲ ਬਸ ਇੰਨੀ ਕੁ ਹੀ ਹੈ, ਪਰ ਜਿਸ ਕਾਰਨ ਇਹ ਛੇੜੀ ਗਈ ਹੈ ਉਹ ਮੇਰੀ ਜਾਚੇ ਕਾਫ਼ੀ ਵੱਡੀ ਹੈ।
ਰੂੰਗੇ ਦਾ ਚਾਅ ਕੇਵਲ ਬਾਲ-ਬਾਲੜੀਆਂ ਹੀ ਜਾਣ ਸਕਦੇ ਹਨ, ਉਹ ਵੀ ਸ਼ਾਇਦ ਪਿੰਡਾਂ ਦੇ ਹੀ। ਸੰਭਵ ਹੈ ਕਿ ਮੇਰੇ ਬਚਪਨ ਦੇ ਵੇਲਿਆਂ ਦੇ ਹੀ। ਹੁਣ ਤਾਂ ਮਾਪੇ ਬਾਜ਼ਾਰ ਵਿੱਚ ਮਿਲਦੀ ਹਰ ਖਾਣ ਵਾਲੀ ਵਸਤ, ਬੇਸ਼ੱਕ ਮਹਿੰਗੀ ਹੋਵੇ, ਲੈ ਕੇ ਆਪਣੇ ਬੱਚਿਆਂ ਦੇ ਹੱਥ ਲਿਆ ਫੜਾਉਂਦੇ ਹਨ। ਦੁਕਾਨਦਾਰ ਦੇ ਪੱਖ ਤੋਂ ਰੂੰਗਾ ਨਿਆਣਿਆਂ ਨੂੰ ਦਿੱਤਾ ਲਾਲਚ ਹੀ ਹੁੰਦਾ ਹੈ। ਨਿਆਣੇ ਇਸ ਕਾਰਨ ਖ਼ੁਸ਼ ਹੋ ਕੇ ਦੁਕਾਨ ਉੱਤੇ ਜਾਂਦੇ ਹਨ। ਮਾਪੇ ਵੀ ਖ਼ੁਸ਼ ਕਿ ਬੱਚੇ ਨਿੱਕੀ-ਮੋਟੀ ਵਸਤ ਲਿਆਉਣ ਲਈ ਉਨ੍ਹਾਂ ਦੇ ਕਹਿਣੇ ਲੱਗ ਜਾਂਦੇ ਹਨ।
ਯਾਦ ਆ ਗਿਆ ਕਿ ਇਕੇਰਾਂ ਸਾਡੇ ਪਿੰਡੋਂ ਜੰਝ ਗਈ। ਰਾਤ ਨੂੰ ਕਿਸੇ ਨੂੰ ਫੁਰਨਾ ਫੁਰਿਆ ਤੇ ਫਿਰ ਥੋੜ੍ਹੀ ਘੁਸਰ-ਮੁਸਰ ਹੋਈ। ਉਪਰੰਤ ਦੋਵੇਂ ਧਿਰਾਂ ਨੂੰ ਗੱਲ ਜਚ ਗਈ ਕਿ ਵਿਆਹੇ ਜਾਣ ਵਾਲੇ ਮੁੰਡੇ ਦਾ ਛੋਟਾ ਭਾਈ ਤੇ ਵਿਆਹੀ ਜਾਣ ਵਾਲੀ ਕੁੜੀ ਦੀ ਛੋਟੀ ਭੈਣ ਵੀ ਫੇਰਿਆਂ ਉੱਤੇ ਬਿਠਾ ਦਿੱਤੇ ਜਾਣ। ਫੇਰੇ ਹੋ ਗਏ। ਫਿਰ ਤਾਂ ਦੋਵੇਂ ਪਾਸਿਓਂ ਇਹ ਹਾਸਾ-ਠੱਠਾ ਵੀ ਹੁੰਦਾ ਰਿਹਾ ਕਿ ਬਈ ਖ਼ਰਚ ਇੱਕ ਵਿਆਹ ਦਾ ਹੋਇਆ ਦੂਜਾ ਰੂੰਗੇ ਵਿੱਚ ਹੀ ਹੋ ਗਿਆ। ਪਰ ਹੁਣ ਰੂੰਗੇ ਜਿਹੀ ਗੱਲ ਉਸ ਦਾਇਰੇ ਵਿੱਚੋਂ ਨਿਕਲ ਕੇ ਵੱਡੇ ਦਾਇਰੇ ਵਿੱਚ ਆ ਗਈ ਹੈ। ਬਾਜ਼ਾਰ ਦਾ ਹੋਕਾ ਸੁਣੀਦਾ ਹੈ ‘ਇੱਕ ਦੇ ਨਾਲ ਇੱਕ ਫਰੀ।’ ਵੋਟਾਂ ਵੇਲੇ ਵੀ ਤਰ੍ਹਾਂ ਤਰ੍ਹਾਂ ਦੇ ਰੂੰਗੇ ਦੇਣ ਦੇ ਚਰਚੇ ਹੁੰਦੇ ਹਨ।
ਇੱਕ ਹੋਰ ਵੱਡਾ ਦਾਇਰਾ ਹੈ ਜਿੱਥੇ ਰੂੰਗਾ ਸ਼ਬਦ ਕਮਾਲ ਦਾ ਬਣ ਜਾਂਦਾ ਹੈ। ਇਹ ਹੈ ਕੁਦਰਤ ਦੀਆਂ ਨਿਆਮਤਾਂ ਦਾ। ਇਨ੍ਹਾਂ ਸਦਕਾ ਹੀ ਅਸੀਂ ਜਿਉਂਦੇ ਹਾਂ। ਸਾਡੇ ਅੱਡ-ਅੱਡ ਅੰਗ ਦਿਨ-ਰਾਤ ਕਿੰਨੇ ਹੀ ਅਤਿ ਸੂਖਮ ਕਾਰਜ ਕਰਦੇ ਸਾਨੂੰ ਜਿਉਂਦੇ ਰੱਖਦੇ ਹਨ। ਕੋਈ ਬਣਾਉਟੀ ਅੰਗ ਪੁਆਉਣਾ ਪਵੇ ਤਾਂ ਸਾਨੂੰ ਵੱਡਾ ਖ਼ਰਚ ਕਰਨਾ ਪੈਂਦਾ ਹੈ। ਫਿਰ ਵੀ ਅੰਗ ਨਕਲੀ ਹੀ ਰਹਿੰਦਾ ਹੈ। ਕੁਦਰਤ ਵੱਲੋਂ ਮਿਲੇ ਅੰਗ ਦੀ ਰੀਸ ਨਹੀਂ ਹੁੰਦੀ। ਸਾਡਾ ਦਿਮਾਗ਼ ਹੀ ਵੇਖੋ। ਇਸ ਜਿਹਾ ਅੰਗ ਬਣ ਹੀ ਨਹੀਂ ਸਕਦਾ। ਇਹ ਸਾਰੀਆਂ ਅਕੱਥ ਵਿਸ਼ੇਸ਼ਤਾਵਾਂ ਵਾਲੇ ਅਸਲੀ ਅੰਗ ਸਾਨੂੰ ਮੁਫ਼ਤ ਮਿਲੇ ਹਨ। ਕੋਈ ਸ਼ਰਤ ਨਹੀਂ ਕਿ ਫਲਾਣਾ ਸੌਦਾ ਲਉ ਤਾਂ ਹੀ ਇਹ ਅਨੋਖਾ ਰੂੰਗਾ ਮਿਲੇਗਾ।
ਇਨ੍ਹਾਂ ਬਖ਼ਸ਼ਿਸ਼ਾਂ ਲਈ ਸਾਡੇ ਹਿਰਦੇ ਵਿੱਚੋਂ ਸ਼ੁਕਰਾਨੇ ਦੇ ਭਾਵ ਘੱਟ ਹੀ ਪੈਦਾ ਹੁੰਦੇ ਹਨ। ਹਵਾ, ਪਾਣੀ, ਜ਼ਮੀਨ, ਬਹੁ-ਭਾਂਤੀ ਬਨਸਪਤੀ, ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਅਨੇਕਾਂ ਪਦਾਰਥ, ਮੁਫ਼ਤੋ-ਮੁਫ਼ਤੀ ਮਿਲਦੇ ਹਨ। ਸਭ ਤੋਂ ਵੱਡਾ ਰੂੰਗਾ ਹੈ ਇਹ ਜੀਵਨ। ਇਸ ਦੇ ਸਬੱਬ ਹੀ ਅਸੀਂ ਇਸ ਜੱਗ-ਮੇਲੇ ਦੇ ਸਹਿੰਸਰਾਂ ਦ੍ਰਿਸ਼ ਨਿਤ ਵੇਖਦੇ-ਮਾਣਦੇ ਤੇ ਰਸ-ਵਿਭੋਰ ਹੁੰਦੇ ਹਾਂ। ਮੋਹ, ਪਿਆਰ, ਮਿੱਤਰਤਾ, ਸਹੇਲਪੁਣਾ ਜਿਹੇ ਭਾਵਾਂ ਦੀ ਅਨੋਖੀ ਭਾਅ ਵਿੱਚ ਰੰਗੀਜ਼ ਹੋਏ ਵੀ ਅਸੀਂ ਘੜੀ-ਪਲ ਹੋਰ, ਹੋਰ, ਜਿਊਣ ਦੀ ਰੀਝ ਪਾਲਦੇ ਹਾਂ। ਇੱਥੇ ਦੇ ਦਰਦ-ਵਿਛੋੜੇ ਵੀ ਜਿਊਣ ਦੀ ਲਲਕ ਨੂੰ ਹੋਰ ਤਿੱਖੀ ਤੇ ਤੀਬਰ ਕਰਦੇ ਹਨ। ਅਨੇਕਾਂ ਕਮੀਆਂ, ਕਸ਼ਟਾਂ ਅਤੇ ਵਿਗੋਚਿਆਂ ਦੇ ਬਾਵਜੂਦ ਵੱਡੀ ਇੱਛਾ ਜਿਊਣ ਦੀ, ਭਾਵ ਜੀਵਨ ਦਾ ਸੁਭਾਗ ਮਿਲਣ ਦੀ ਲੋਚਾ ਰੱਖਦੀ ਹੈ। ਅਸੀਸ ਵਜੋਂ ਆਪਣੇ ਪਿਆਰ-ਪਾਤਰ ਨੂੰ ਆਖੀਦਾ ਹੈ: ਤੂੰ ਜੁਗ ਜੁਗ ਜੀਵੇਂ , ਮੌਜਾਂ ਮਾਣੇ!
ਹਾਂ ਜੀ, ਇਸ ਜੀਵਨ ਦਾ ਮੁਫ਼ਤ ਰੂੰਗਾ ਸਾਨੂੰ ਆਪਣੀ ਜਨਮ-ਦਾਤੀ ਤੋਂ ਮਿਲਦਾ ਹੈ। ਇਸ ਤੋਂ ਅਗਾਹਾਂ ਗੁਰੂ, ਅਧਿਆਪਕ, ਕੋਈ ਸੱਚਾ ਸਨੇਹੀ ਜਾਂ ਬਹੁਤ ਪਿਆਰਾ ਸਾਨੂੰ ਜੀਵਨ ਦਾ ਤਰੌਂਕਾ ਦਿੰਦਾ ਰਹਿੰਦਾ ਹੈ। ਇਹ ਧਨ-ਪਦਾਰਥਾਂ ਦੀਆਂ ਨਹੀਂ, ਅੰਮ੍ਰਿਤ- ਕਣੀ ਦੀਆਂ ਬਾਤਾਂ ਹਨ। ਸਾਨੂੰ ਧਨ-ਪਦਾਰਥ ਵੀ ਲੋੜੀਂਦੇ ਹਨ, ਪਰ ਜੋ ਕੁਝ ਅਤਿ ਕੀਮਤੀ ਹੈ ਉਸ ਵੱਲ ਜਦੋਂ ਅਸੀਂ ਅੱਖ ਪੁੱਟ ਕੇ ਨਹੀਂ ਵੇਖਦੇ ਤਾਂ ਅਸਲ ਖੁਸ਼ੀ ਮਾਣਨ ਤੋਂ ਖੁੰਝ ਜਾਂਦੇ ਹਾਂ। ਆਪਣੀਆਂ ਤਰਜੀਹਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲ ਅਨੰਦ, ਪ੍ਰਸੰਨਤਾ ਆਦਿ ਦੇ ਵੱਡੇ ਦਾਇਰੇ ਨੂੰ ਮਿਲਦੀ ਹੈ। ਫੁੱਲਾਂ ਦੀ ਮਹਿਕ ਤੇ ਸੁੰਦਰਤਾ, ਪੰਛੀਆਂ ਦੀਆਂ ਅਨੇਕ ਭਾਂਤ ਦੀਆਂ ਮਧੁਰ ਆਵਾਜ਼ਾਂ, ਉਨ੍ਹਾਂ ਦਾ ਅਸਮਾਨੀ ਉਡਾਣਾਂ ਭਰਨਾ, ਜ਼ਮੀਨ ਉੱਤੇ ਚੋਗਾ ਚੁਗਣ ਆਉਣਾ, ਮੀਹਾਂ ਦਾ ਬਰਸਣਾ, ਮੇਘਲਿਆਂ ਦਾ ਗਰਜਣਾ, ਪਾਣੀਆਂ ਦਾ ਕਲ-ਕਲ ਕਰਕੇ ਵਹਿਣਾ, ਹਵਾ ਦੇ ਬੁੱਲਿਆਂ ਦੀ ਮੌਜ, ਮੌਲਦੀ ਬਨਸਪਤੀ ਦੇ ਪਲ-ਪਲ ਬਦਲਦੇ ਰੰਗ, ਕਿਰਤ ਅਤੇ ਸਿਰਜਣਾ ਦੇ ਲੁਭਾਉਣੇ ਰੂਪ- ਇਹ ਸੂਚੀ ਅਮੁੱਕ ਹੈ। ਇਸ ਅਜਬ ਰੂੰਗੇ ਦੀਆਂ ਮੌਜਾਂ ਮਾਣਦਿਆਂ ਅਸੀਂ ਕਿਉਂ ਨਾ ਜ਼ਿੰਦਗੀ ਦੇ ਨਿਵੇਕਲੇ ਅਨੁਭਵਾਂ ਨਾਲ ਆਪਣੀਆਂ ਝੋਲੀਆਂ ਭਰਦੇ ਰਹੀਏ। ਨਾਲ ਹੀ ਬਚਪਨ ਦੀ ਸਰਲਤਾ, ਮਾਸੂਮੀਅਤ ਤੇ ਨਿੱਕੀ ਨਿੱਕੀ ਗੱਲ ’ਤੇ ਲੁੱਟ ਜਾਣ, ਫਿਰ ਝੱਟ ਵਿਸਰ ਜਾਣ ਦੀ ਬਾਦਸ਼ਾਹੀ ਤੋਂ ਵਿਰਵੇ ਕਿਉਂ ਹੋਈਏ?
ਸੰਪਰਕ: 98141-57137

Advertisement

Advertisement
Advertisement
Author Image

sukhwinder singh

View all posts

Advertisement