For the best experience, open
https://m.punjabitribuneonline.com
on your mobile browser.
Advertisement

ਬੰਬ ਧਮਾਕਿਆਂ ਦੀਆਂ ਅਫ਼ਵਾਹਾਂ

06:22 AM May 29, 2024 IST
ਬੰਬ ਧਮਾਕਿਆਂ ਦੀਆਂ ਅਫ਼ਵਾਹਾਂ
Advertisement

ਪਿਛਲੇ ਕੁਝ ਹਫ਼ਤਿਆਂ ’ਚ ਪੂਰੇ ਮੁਲਕ ਵਿੱਚ ਬੰਬ ਧਮਾਕਿਆਂ ਦੀਆਂ ਅਫ਼ਵਾਹਾਂ ਦੇ ਮਾਮਲੇ ਚਿੰਤਾਜਨਕ ਢੰਗ ਨਾਲ ਕਾਫ਼ੀ ਵਧ ਗਏ ਹਨ। ਮੰਗਲਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਇੰਡੀਗੋ ਦੇ ਜਹਾਜ਼ ਦੇ ਬਾਥਰੂਮ ਵਿੱਚ ਟਿਸ਼ੂ ਪੇਪਰ ਉੱਤੇ ‘ਬੌਂਬ@5.30’ ਲਿਖਿਆ ਹੋਇਆ ਮਿਲਿਆ। ਪ੍ਰਸ਼ਾਸਨ ਨੇ ਫੌਰੀ ਜਹਾਜ਼ ਦੇ ਅਮਲੇ ਤੇ ਮੁਸਾਫਿ਼ਰ ਬਾਹਰ ਕੱਢ ਲਏ ਅਤੇ ਤਲਾਸ਼ੀ ਲਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਅਜੇ ਇੱਕ ਦਿਨ ਪਹਿਲਾਂ ਹੀ ਮੁੰਬਈ ਟਰੈਫਿਕ ਪੁਲੀਸ ਨੂੰ ਉਸ ਦੇ ਵਟਸਐਪ ਹੈਲਪਲਾਈਨ ਨੰਬਰ ’ਤੇ ਸੁਨੇਹਾ ਮਿਲਿਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੁੰਬਈ ਹਵਾਈ ਅੱਡੇ ਅਤੇ ਹੋਟਲ ਤਾਜ ਮਹਿਲ ਵਿੱਚ ਬੰਬ ਰੱਖੇ ਗਏ ਹਨ। ਦੋਵਾਂ ਥਾਵਾਂ ’ਤੇ ਬਾਰੀਕੀ ਨਾਲ ਲਈ ਗਈ ਤਲਾਸ਼ੀ ਵਿੱਚ ਕੁਝ ਵੀ ਨਹੀਂ ਲੱਭਿਆ।
ਹਾਲ ਦੇ ਮਹੀਨਿਆਂ ਵਿੱਚ ਦਿੱਲੀ-ਐੱਨਸੀਆਰ, ਕਾਨਪੁਰ, ਲਖਨਊ, ਜੈਪੁਰ, ਕੋਲਕਾਤਾ ਅਤੇ ਹੋਰ ਸ਼ਹਿਰਾਂ ਦੇ ਸੈਂਕੜੇ ਸਕੂਲਾਂ ਨੂੰ ਈਮੇਲਾਂ ਰਾਹੀਂ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਜਾਂਚ ਏਜੰਸੀਆਂ ਨੂੰ ਕਾਫ਼ੀ ਭੱਜ-ਨੱਠ ਕਰਨੀ ਪੈ ਰਹੀ ਹੈ; ਉਨ੍ਹਾਂ ਨੂੰ ਲੱਭਣਾ ਪੈ ਰਿਹਾ ਹੈ ਕਿ ਕਿਹੜੇ ਵਿਅਕਤੀ ਜਾਂ ਗੈਂਗ ਇਨ੍ਹਾਂ ਨਾਪਾਕ ਗਤੀਵਿਧੀਆਂ ਵਿੱਚ ਸ਼ਾਮਿਲ ਹਨ, ਉਹ ਹਨ ਕਿੱਥੇ ਅਤੇ ਕੀ ਕੋਈ ਸਾਂਝੀ ਤੰਦ ਹੈ ਜੋ ਇਨ੍ਹਾਂ ਅਫ਼ਵਾਹਾਂ ਨੂੰ ਜੋੜਦੀ ਹੈ। ਇਸ ਨੂੰ ਮਹਿਜ਼ ਸ਼ਰਾਰਤ ਸਮਝ ਕੇ ਖਾਰਜ ਨਹੀਂ ਕੀਤਾ ਜਾਣਾ ਚਾਹੀਦਾ। ਕਰੀਬ 150 ਸਕੂਲਾਂ ਨੂੰ ਭੇਜੀਆਂ ਗਈਆਂ ਈਮੇਲਾਂ ਦਾ ਆਈਪੀ ਐਡਰੈੱਸ ਦਿੱਲੀ ਪੁਲੀਸ ਨੂੰ ਬੁਡਾਪੇਸਟ (ਹੰਗਰੀ) ਨਾਲ ਜੁਡਿ਼ਆ ਲੱਭਿਆ ਹੈ; ਇਸੇ ਮਹੀਨੇ ਦਿੱਲੀ ਵਿਚ ਹਸਪਤਾਲਾਂ, ਆਈਜੀਆਈ ਹਵਾਈ ਅੱਡੇ ਅਤੇ ਤਿਹਾੜ ਜੇਲ੍ਹ ਨੂੰ ਭੇਜੀਆਂ ਗਈਆਂ ਧਮਕੀ ਭਰੀਆਂ ਈਮੇਲਾਂ ਦੇ ਤਾਰ ਸਾਈਪ੍ਰਸ ਨਾਲ ਜੁੜੇ ਹਨ। ਇਨ੍ਹਾਂ ਈਮੇਲਾਂ ਦਾ ਸਰੋਤ ਸਾਈਪ੍ਰਸ ਦੀ ਇੱਕ ਮੇਲਿੰਗ ਸਰਵਿਸ ਕੰਪਨੀ ਹੈ।
ਵੱਖ-ਵੱਖ ਕੇਸਾਂ ਦੀ ਜਾਂਚ ਦਰਸਾਉਂਦੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਸਾਈਬਰ ਅਪਰਾਧੀਆਂ ਦੇ ਗੈਂਗ ਭਾਰਤ ਵਿੱਚ ਬੜੀ ਸੌਖ ਨਾਲ ਵਿਆਪਕ ਪੱਧਰ ’ਤੇ ਵਿਘਨ ਪਾ ਰਹੇ ਹਨ। ਉਹ ਪ੍ਰਤੱਖ ਰੂਪ ’ਚ ਭਾਰਤ ਵਿੱਚ ਬੈਠੇ ਸ਼ਰਾਰਤੀ ਅਨਸਰਾਂ ਨਾਲ ਮਿਲ ਕੇ ਇਨ੍ਹਾਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਦੇਸ਼ ਵਿੱਚ ਵਿਸ਼ੇਸ਼ ਤੌਰ ’ਤੇ ਲੋਕ ਸਭਾ ਚੋਣਾਂ ਹੋਣ ਦੇ ਮੱਦੇਨਜ਼ਰ ਲਾਪਰਵਾਹੀ ਲਈ ਕੋਈ ਥਾਂ ਨਹੀਂ ਛੱਡਣੀ ਚਾਹੀਦੀ। ਹਰੇਕ ਸ਼ਹਿਰ ਨੂੰ ਬੰਬ ਦੀ ਸ਼ਨਾਖ਼ਤ ਤੇ ਨਕਾਰਾ ਕਰਨ ਵਾਲੇ ਦਸਤਿਆਂ ਨਾਲ ਢੁੱਕਵੇਂ ਤਰੀਕੇ ਨਾਲ ਲੈਸ ਕਰਨ ਦੀ ਲੋੜ ਹੈ। ਇੱਕ ਵਿਆਪਕ ਯੋਜਨਾਬੰਦੀ ਕਰ ਕੇ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਧਮਕੀਆਂ ਕਾਰਨ ਪੈਦਾ ਹੋਣ ਵਾਲੇ ਸਹਿਮ ਤੇ ਹਫੜਾ-ਦਫੜੀ ਨਾਲ ਨਜਿੱਠਿਆ ਜਾ ਸਕੇ। ਸਾਰੇ ਹਿੱਤ ਧਾਰਕਾਂ ਨੂੰ ਬਦ ਤੋਂ ਬਦਤਰ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ- ਇਹ ਵੀ ਤਾਂ ਹੋ ਸਕਦਾ ਹੈ ਕਿ ਅਜਿਹੀ ਹਰੇਕ ਈਮੇਲ, ਕਾਲ ਜਾਂ ਸੁਨੇਹਾ ਹਮੇਸ਼ਾ ਫਰਜ਼ੀ ਨਾ ਨਿਕਲੇ। ਇਸ ਲਈ ਚੌਕਸੀ ਅਤੇ ਤੁਰੰਤ ਕਾਰਵਾਈ ’ਤੇ ਹੀ ਧਿਆਨ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਵੱਖ-ਵੱਖ ਸਾਧਨਾਂ ਰਾਹੀਂ ਆਮ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਕਿ ਲੋਕ ਅਜਿਹੀ ਹਾਲਤ ਦਾ ਪਤਾ ਲੱਗਣ ’ਤੇ ਭੈਅਭੀਤ ਨਾਲ ਹੋਣ ਅਤੇ ਤੁਰੰਤ ਸੁਰੱਖਿਆ ਏਜੰਸੀਆਂ ਤੱਕ ਪਹੁੰਚ ਕਰਨ।

Advertisement

Advertisement
Advertisement
Author Image

joginder kumar

View all posts

Advertisement