ਰੁਲ਼ੀਆ ਪਤੰਗਾਂ ਵਾਲਾ
ਬਲਦੇਵ ਬਾਵਾ
ਬਚਪਨ ਦੀਆਂ ਰੰਗੀਨੀਆਂ ਹੀ ਅਨੂਠੀਆਂ ਰੰਗੀਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਇਨਸਾਨ ਮਰਦੇ ਦਮ ਤੱਕ ਨਹੀਂ ਭੁੱਲਦਾ। ਸਤਰੰਗੀ ਪੀਂਘ ਤੋਂ ਲੈ ਕੇ ਤਮਾਮ ਫੁੱਲਾਂ, ਪੌਦਿਆਂ ਅਤੇ ਧਰਤੀ ਦੀਆਂ ਆਂਦਰਾਂ ’ਚੋਂ ਕੱਢੇ ਜਾਂਦੇ ਹੀਰੇ ਜਵਾਹਰਾਤ ਦੇ ਰੰਗ ਵੀ ਬਚਪਨ ਦੀਆਂ ਰੰਗੀਨੀਆਂ ਦੇ ਰੰਗਾਂ ਸਾਹਵੇਂ ਫਿੱਕੇ ਫਿੱਕੇ ਲੱਗਦੇ ਹਨ।
ਬਾਲ ਅਵਸਥਾ ਵਿੱਚ ਹਰੇਕ ਇਨਸਾਨ ਨੂੰ ਕੁਝ ਅਜਿਹੇ ਸ਼ਖ਼ਸ ਮਿਲਦੇ ਹਨ ਜਿਹੜੇ ਹਮੇਸ਼ਾ ਲਈ ਉਹਦੀ ਸਿਮਰਤੀ ਵਿੱਚ ਦਰਜ ਹੋ ਜਾਂਦੇ ਹਨ। ਇਹ ਸ਼ਖ਼ਸ ਧੀਰਜਵਾਨ, ਮਿਹਰਵਾਨ ਅਤੇ ਰਹਿਮ ਦਿਲ ਹੁੰਦੇ ਹਨ। ਜਿਨ੍ਹਾਂ ਦੀ ਸੀਰਤ ਆਪਣੇ ਬੁਰਸ਼ ਨਾਲ ਤੁਹਾਡੀ ਸ਼ਖ਼ਸੀਅਤ ਦੇ ਚਿੱਤਰ ਵਿੱਚ ਕੁਝ ਵਿਲੱਖਣ ਰੰਗਾਂ ਦੀਆਂ ਛੋਹਾਂ ਮਾਰ ਜਾਂਦੀ ਹੈ। ਜਿਹਦੇ ਬਾਰੇ ਤੁਹਾਨੂੰ ਬਹੁਤ ਦੇਰ ਬਾਅਦ ਪਤਾ ਲੱਗਦੈ ਕਿ ਜਿਹੜੀ ਅਮੀਰੀ ਅਤੇ ਗੁਣ ਉਨ੍ਹਾਂ ਕੋਲੋਂ ਮਿਲੇ ਉਹ ਹੋਰ ਕਿਧਰੋਂ ਮਿਲਣੇ ਨਾਮੁਮਕਿਨ ਸਨ। ਅੱਜ ਮੈਂ ਇੱਕ ਅਜਿਹੇ ਹੀ ਸ਼ਖ਼ਸ ਨੂੰ ਯਾਦ ਕਰਨ ਜਾ ਰਿਹਾ ਹਾਂ ਜਿਹੜਾ ‘ਰੁਲ਼ੀਆ ਪਤੰਗਾਂ ਵਾਲਾ’ ਕਰਕੇ ਜਾਣਿਆ ਜਾਂਦਾ ਸੀ।
ਸਾਡੇ ਪ੍ਰਾਇਮਰੀ ਸਕੂਲ ਦੇ ਵਰ੍ਹਿਆਂ ਦੌਰਾਨ ਰੁਲ਼ੀਆ ਬਿਰਧ ਅਵਸਥਾ ਵਿੱਚ ਸੀ, ਸਾਡੇ ’ਚੋਂ ਬਹੁਤਿਆਂ ਦੇ ਬਾਬਿਆਂ ਦੀ ਉਮਰ ਦਾ। ਕਹਿੰਦੇ ਸੰਨ 1947 ਦੇ ਨੇੜੇ ਤੇੜੇ ਸ਼ੰਕਰ ਪਿੰਡ ਦੇ ਬਾਜ਼ਾਰ ਦੀ ਇੱਕ ਤੰਗ ਗਲੀ ਦੇ ਨ੍ਹੇਰੇ ਖੂੰਜੇ ਵਿੱਚ ਉਹਨੇ ਇੱਕ ਗੁਫ਼ਾਨੁਮਾ ਹੱਟੀ ਖਰੀਦ ਲਈ ਸੀ। ਜਿੱਥੋਂ ਉਹ ਸਕੂਲੀ ਬੱਚਿਆਂ ਲਈ ਲੋੜੀਂਦੀਆਂ ਵਸਤਾਂ ਵੇਚਦਾ ਸੀ। ਉਹ ’ਕੱਲਮ-’ਕੱਲਾ ਸੀ। ਜਦੋਂ ਉਹਨੂੰ ਬੁਢਾਪੇ ਅਤੇ ਬਿਮਾਰੀ ਨੇ ਘੇਰ ਲਿਆ ਤਾਂ ਉਹ ਹੱਟੀ ਵੇਚ ਕੇ ਕਿਸੇ ਸ਼ਹਿਰ ਆਪਣੇ ਭਤੀਜੇ ਕੋਲ ਚਲਾ ਗਿਆ। ਕਦੋਂ ਅਤੇ ਕਿੱਥੇ ਉਹਦੀ ਅਖੀਰ ਹੋਈ, ਬਾਰੇ ਕੁਝ ਪਤਾ ਨਹੀਂ, ਪਰ ਉਹਨੂੰ ਯਾਦ ਕਰਨ ਵਾਲੇ ਹਾਲੇ ਵੀ ਪਿੰਡ ਵਿੱਚ ਮੌਜੂਦ ਹਨ। ਸਕੂਲ ਦੇ ਮੁੰਡਿਆਂ ਵਿੱਚ ਉਹ ‘ਰੁਲ਼ੀਆ ਪਤੰਗਾਂ ਵਾਲਾ’ ਕਰਕੇ ਜਾਣਿਆ ਜਾਂਦਾ ਸੀ। ਮਧਰੇ ਕੱਦ ਅਤੇ ਪੱਕੇ ਰੰਗ ਦਾ ਰੁਲ਼ੀਆ ਸਿਰ ’ਤੇ ਮੈਲਾ ਸਾਫਾ ਲਪੇਟ ਰੱਖਦਾ, ਤੇੜ ਪਜਾਮਾ ਤੇ ਉੱਪਰ ਕਮੀਜ਼ ਪਾਈ ਹੁੰਦੀ, ਉਹ ਵੀ ਅੱਧੋਰਾਣੇ ਤੇ ਮੈਲੇ ਕੁਚੈਲੈ। ਲੱਗਦਾ ਸੀ ਰੁਲ਼ੀਆ ਪਤਾਲ ’ਚੋਂ ਸੁਰੰਗ ਪੁੱਟ ਕੇ ਧਰਤੀ ਉੱਪਰ ਆਣ ਵੱਸਿਆ ਸੀ।
ਰੁਲ਼ੀਆ ਇੱਕ ਦਰਵੇਸ਼ ਦੁਕਾਨਦਾਰ ਤੇ ਉਹਦੇ ਗਾਹਕ ਫ਼ਰਿਸ਼ਤੇ ਬੱਚੇ ਸਨ। ਉਨ੍ਹਾਂ ਦਿਨਾਂ ਵਿੱਚ ਸਾਰੇ ਬ੍ਰਹਿਮੰਡ ਦੀ ਮਾਲਕੀ ਸਾਡੇ ਕੋਲ ਸੀ। ਯਾਨੀ ਸਾਰੀ ਧਰਤੀ ਸਾਡੀ ਸਰਹੱਦਹੀਣ ਸਲਤਨਤ ਸੀ ਤੇ ਰੁਲ਼ੀਏ ਤੋਂ ਖ਼ਰੀਦਿਆ ਪਤੰਗ ਉਡਾਉਂਦੇ ਵਕਤ ਅਸੀਂ ਧਰਤੀ ਸਮੇਤ ਬਾਕੀ ਗ੍ਰਹਿਆਂ ਦੇ ਵੀ ਬੇਤਾਜ਼ ਬਾਦਸ਼ਾਹ ਹੁੰਦੇ ਸਾਂ। ਬਸ ਦੁਨੀਆ ਇੱਕ ਬਹਿਸ਼ਤ ਸੀ। ਰੁਲ਼ੀਏ ਦੀ ਹੱਟੀ, ਸਾਡਾ ਸਕੂਲ ਤੇ ਪਿੰਡ ਦਾ ਬਾਜ਼ਾਰ ਉਸ ਬਹਿਸ਼ਤ ਦੇ ਬਹੁਤ ਸੁੰਦਰ, ਸਦਾਬਹਾਰ, ਰੰਗੀਨ ਤੇ ਮਹਿਕਦੇ ਬਾਗ਼ ਸਨ। ਗੁਰਬਤ ਦੇ ਮਾਰੇ ਹੋਏ ਤੇ ਜਾਤ-ਪਾਤ ਸੱਭਿਆਚਾਰ ਦੇ ਸਰਾਪੇ ਹੋਏ ਸਮਾਜ ਦਾ ਹਾਲੇ ਸਾਨੂੰ ਬੋਧ ਨਹੀਂ ਸੀ।
ਹੱਟੀ ਅੰਦਰ ਫੱਟੀਆਂ, ਸਲੇਟਾਂ, ਕਾਪੀਆਂ, ਪੈੱਨਸਿਲਾਂ, ਡੰਕ, ਕਲਮਾਂ, ਗਾਚੀ, ਸੁੱਕੀ ਸਿਆਹੀ, ਦਵਾਤਾਂ, ਰਬੜ ਦੇ ਡਟ, ਪਤੰਗ, ਡੋਰ ਦੇ ਪਿੰਨੇ, ਡੋਰ ਲਪੇਟਣ ਵਾਲੀਆਂ ਚਲਕੜੀਆਂ, ਮਰੂੰਡਾ, ਅੰਬ ਪਾਪੜ, ਗੱਟਾ, ਮਿੱਠੀਆਂ ਧਾਰੀਦਾਰ ਗੋਲੀਆਂ ਤੇ ਕੰਧ ਨਾਲ ਰੱਖੇ ਬੈਂਚ ਉੱਪਰ ਨਕੋਰ ਬੰਟਿਆਂ ਦੀ ਥੈਲੀ ਤੇ ਪੀਲੂਆਂ ਦੀ ਟੋਕਰੀ ਹਾਲੇ ਵੀ ਯਾਦ ਹਨ। ਨ੍ਹੇਰੀ ਹੱਟੀ ਅਸਲ ਵਿੱਚ ਸਾਡੇ ਲਈ ਪਵਿੱਤਰ ਗੁਫ਼ਾ ਸੀ। ਜਿਹਦੇ ਗਾਹਕ ਫੱਟੀਆਂ ਅਤੇ ਸਲੇਟਾਂ ’ਤੇ ਅੱਖਰ ਲਿਖਣੇ ਸਿੱਖਦੇ ਤੇ ਸਮਾਂ ਪਾ ਕੇ ਰੂਹਾਂ ’ਤੇ ਉੱਕਰ ਜਾਣ ਵਾਲੇ ਸ਼ਬਦ।
ਜਦੋਂ ਸਰਦੀ ਦੀ ਰੁੱਤ ਚੁੱਪ-ਚਾਪ ਰੁਖ਼ਸਤ ਲੈਂਦੀ, ਬਸੰਤ ਮਲਕੜੇ ਜਿਹੇ ਬਰੂਹਾਂ ’ਤੇ ਦਸਤਕ ਦਿੰਦੀ, ਧਰਤੀ ਸਰ੍ਹੋਂ ਦੇ ਫੁੱਲਾਂ ਦੀ ਪੀਲੀ ਫੁਲਕਾਰੀ ਓੜ ਲੈਂਦੀ ਤਾਂ ਰੁਲ਼ੀਆ ਰੰਗ ਬਰੰਗੇ ਪਤੰਗਾਂ ਦੀਆਂ ਦੱਥੀਆਂ ਸੇਬਿਆਂ ਨਾਲ ਬੰਨ੍ਹ ਕੇ ਬੂਹਿਆਂ ’ਤੇ ਲਟਕਾਅ ਦਿੰਦਾ। ਬੰਟੇ, ਪੀਲੂ ਅਤੇ ਪਤੰਗ ਰੰਗਾਂ ਦੀ ਛਹਿਬਰ ਲਾ ਦਿੰਦੇ। ਹੱਟੀ ਮੁਹਰਿਓਂ ਸਕੂਲੀ ਮੁੰਡਿਆਂ ਦੀਆਂ ਟੋਲੀਆਂ ਰੁਕ ਰੁਕ ਲੰਘਣ ਲੱਗਦੀਆਂ। ਮਾਵਾਂ ਕੋਲੋਂ ਪੈਸੇ ਮੰਗਣ ਦੀਆਂ ਜੁਗਤਾਂ ਸੁੱਝਣ ਲੱਗਦੀਆਂ। ਘਰਾਂ ਦੇ ਚੁੱਲ੍ਹਿਆਂ ਉੱਪਰ ਕੰਧਾਂ ਵਿਚਲੇ ਆਲਿਆਂ ਵੱਲ ਧਿਆਨ ਜਾਣ ਲੱਗਦਾ, ਜਿੱਥੇ ਰੋਜ਼ਮੱਰਾ ਦੇ ਕੰਮਾਂ ਵਿੱਚ ਮਸਰੂਫ਼ ਮਾਵਾਂ ਭਾਨ ਰੱਖਦੀਆਂ ਸਨ। ਨਾਦਾਨ ਅੱਖਾਂ ਮੌਕੇ ਦੀ ਭਾਲ ਵਿੱਚ ਰਹਿੰਦੀਆਂ। ਕੰਧਾਂ ਵਿਚਲੇ ਉਹ ਆਲੇ ਸੰਸਾਰ ਭਰ ਦੀਆਂ ਤਿਜ਼ੌਰੀਆਂ ਨੂੰ ਉਦੋਂ ਹੀਣ ਕਰ ਦਿੰਦੇ ਜਦੋਂ ਬਾਪ ਤੋਂ ਚੋਰੀਂ ਕਿਸੇ ਇੱਕ ਨੂੰ ਮਾਂ ਕੋਲੋਂ ਪਤੰਗ ਲਈ ਭਾਨ ਮਿਲ ਜਾਂਦੀ। ਸਮੁੱਚੀ ਢਾਣੀ ਪਤੰਗ ਉਡਾਉਣ ਤੋਂ ਪਹਿਲਾਂ ਹੀ ਅਸਮਾਨੇ ਚੜ੍ਹ ਜਾਂਦੀ। ਅਸੀਂ ਰੁਲ਼ੀਏ ਦੀ ਹੱਟੀ ਵੱਲ ਬਾਜ਼ਾਰ ਦੇ ਭੀੜ ਭੜੱਕੇ ਵਿੱਚੀਂ ਦੌੜਦੇ ਉਹਦੇ ਬੂਹੇ ਅੱਗੇ ਜਾ ਕੇ ਹੀ ਸਾਹ ਲੈਂਦੇ। ਜਿਹਦੀ ਮੁੱਠੀ ਵਿੱਚ ਭਾਨ ਹੁੰਦੀ, ਉਹ ਉਸ ਦਿਨ ਮੋਹਰੀ ਹੁੰਦਾ, ਬਾਕੀ ਸਾਰੇ ਉਹਦੇ ਪਿੱਛੇ।
ਬੜੇ ਹੀ ਠਰ੍ਹੰਮੇ ਨਾਲ ਚਿਹਰੇ ’ਤੇ ਹਲਕੀ ਮੁਸਕਾਨ ਲਈ ਰੁਲ਼ੀਆ ਸਾਡੇ ਸਾਹਮਣੇ ਆ ਖਲੋਂਦਾ, ਪਰ ਇੱਕ ਵੀ ਸ਼ਬਦ ਨਾ ਬੋਲਦਾ। ਸ਼ਾਂਤ-ਚਿੱਤ ਰੁਲ਼ੀਏ ਦਾ ਧੀਰਜ ਉਹਦੇ ਅੰਦਰਲੇ ਸੰਤ ਨੂੰ ਦ੍ਰਿਸ਼ਟਮਾਨ ਕਰਦਾ। ਜਦ ਮੋਹਰੀ ਪਤੰਗ ਲੈਣ ਦਾ ਇਸ਼ਾਰਾ ਕਰਦਾ ਤਾਂ ਰੁਲ਼ੀਆ ਪੂਰੀ ਦੀ ਪੂਰੀ ਦੱਥੀ ਲਾਹ ਕੇ ਸਾਵਧਾਨੀ ਨਾਲ ਗੱਠ ਖੋਲ੍ਹ ਕੇ ਪਿੱਛੇ ਹਟ ਜਾਂਦਾ ਤਾਂ ਜੋ ਮੋਹਰੀ ਪਸੰਦੀਦਾ ਪਤੰਗ ’ਤੇ ਉਂਗਲੀ ਧਰ ਕੇ ਦੱਸ ਸਕੇ। ਪਿੱਛੇ ਖੜ੍ਹੇ ਸਾਰੇ ਝਿਜਕਦੇ ਹੋਏ ਪਤੰਗ ਦੇ ਰੰਗ ਅਤੇ ਆਕਾਰ ਬਾਰੇ ਸਲਾਹਾਂ ਦੇਣ ਲੱਗਦੇ, ਕੋਈ ਪੂਛਾਂ ਵਾਲੇ ਤੇ ਕੋਈ ਅੱਖਾਂ ਵਾਲੇ ਪਤੰਗ ਵੱਲ ਇਸ਼ਾਰਾ ਕਰਦਾ। ਮੋਹਰੀ ਦਾ ਫ਼ੈਸਲਾ ਸੁਣਨ ਲਈ ਸਾਰੀ ਢਾਣੀ ਕਾਹਲ ਵਿੱਚ ਹੁੰਦੀ ਪਰ ਰੁਲ਼ੀਆ ਚੁੱਪ-ਚਾਪ ਦੇਖਦਾ ਰਹਿੰਦਾ। ਉਹ ਫ਼ਰਿਸ਼ਤਿਆਂ ਨੂੰ ਪਤੰਗ ਵੇਚਣਾ ਜਾਣਦਾ ਸੀ। ਅਖੀਰ ਜਦੋਂ ਮੋਹਰੀ ਉਂਗਲੀ ਰੱਖ ਕੇ ਕਹਿੰਦਾ, ‘ਆਹ!’ ਤਾਂ ਰੁਲ਼ੀਆ ਬੜੇ ਧਿਆਨ ਨਾਲ ਪਤੰਗ ਨੂੰ ਸਰਕਾਅ ਕੇ ਕੱਢਦਾ ਤੇ ਮੋਹਰੀ ਨੂੰ ਫੜਾ ਦਿੰਦਾ। ਤਦ ਨਿੱਕੀ ਜਿਹੀ ਮੁੱਠੀ ਖੁੱਲ੍ਹਦੀ ਤੇ ਰੁਲ਼ੀਆ ਮੋਹਰੀ ਦੀ ਹਥੇਲੀ ’ਤੋਂ ਬਣਦੇ ਸਿੱਕੇ ਚੁੱਕਦਾ ਹੋਇਆ ਕਹਿੰਦਾ, ‘ਸ਼ਾਨਦਾਰ ਪਤੰਗ, ਅੱਖਾਂ ਵਾਲਾ, ਪੂਛਾਂ ਵੀ ਲੱਗੀਆਂ ਹੋਈਆਂ।’ ਫਿਰ ਕਹਿੰਦਾ, ‘ਪਰ ਸੁਣੋ, ਸਕੂਲ ਦੀ ਪੜ੍ਹਾਈ ਪੂਰਾ ਧਿਆਨ ਲਾ ਕੇ ਕਰਿਆ ਕਰੋ।’
ਬਾਲ ਅਵਸਥਾ ਦਾ ਮਨੋਵੇਗ ਲਾਂਚ ਪੈਡ ’ਚੋਂ ਨਿਕਲਦੇ ਰਾਕਟ ਦੇ ਵੇਗ ਨੂੰ ਮਾਤ ਪਾਉਂਦਾ। ਸਾਰੀ ਛੁੱਟੀ ਦੀ ਘੰਟੀ ਵੱਜਣ ’ਤੇ ਸਕੂਲ ਦੇ ਗੇਟ ਥਾਣੀਂ ਸ਼ੂਟਾਂ ਵੱਟ ਵੱਟ ਨਿਕਲਦੀਆਂ ਹੇੜਾਂ, ਰੁਲ਼ੀਏ ਕੋਲੋਂ ਪਤੰਗ ਖ਼ਰੀਦ ਕੇ ਘਰਾਂ ਵੱਲ ਦੌੜਦੀਆਂ ਢਾਣੀਆਂ। ਇੱਕ ਵਾਰੀ ਜਦੋਂ ਕੁੱਕੇ (ਕੁਲਵੰਤ) ਦੇ ਪਤੰਗ ਖ਼ਰੀਦਣ ਪਿੱਛੋਂ ਅਸੀਂ ਬਾਜ਼ਾਰ ਵਿੱਚੀਂ ਸਰਪੱਟ ਦੌੜੇ ਤਾਂ ਮੈਂ ਜ਼ੋਰ ਨਾਲ ਇੱਕ ਜਨਾਨੀ ਵਿੱਚ ਵੱਜਾ ਜਿਹਦੇ ਹੱਥੋਂ ਖਾਲੀ ਗੜਵੀ ਡਿੱਗ ਕੇ ਰੁੜ੍ਹਨ ਪਿੱਛੋਂ ਨਾਲੀ ਵਿੱਚ ਜਾ ਪਈ ਤੇ ਲੋਕ ਖੜ੍ਹੇ ਹੋ ਕੇ ਦੇਖਣ ਲੱਗ ਪਏ। ਉਹ ਗੁੱਸੇ ਵਿੱਚ ਬੋਲੀ, ‘‘ਹੈਹਾ ਪਤੰਗ ਲੈ ਕੇ ਅੰਨ੍ਹੇ ਹੋਏ ਪਏ ਆ।’’ ਝਿੜਕਾਂ ਤੋਂ ਡਰਦੇ ਅਸੀਂ ਹੋਰ ਤੇਜ਼ ਦੌੜੇ ਤੇ ਪਿੰਡੋਂ ਬਾਹਰ ਛੱਪੜ ਕੰਢੇ ਬੋਹੜ ਹੇਠਾਂ ਬੈਠ ਗਏ। ਉਹ ਛੱਪੜ ਜਿਹਦੇ ਵਿੱਚ ਬੁੱਢੇ ਸਨੁਕੜੇ ਦੇ ਪੂਲੇ ਬਣਾ ਬਣਾ ਸੁੱਟਦੇ ਹੁੰਦੇ ਸੀ।
ਰੁਲ਼ੀਏ ਨੇ ਪਤੰਗ ਵੇਚੇ, ਅਸੀਂ ਪਤੰਗ ਖ਼ਰੀਦੇ। ਪਤੰਗਾਂ ਦੇ ਜ਼ਰੀਏ ਅਸੀਂ ਰੁੱਖਾਂ ਦੀਆਂ ਟੀਸੀਆਂ ਤੇ ਕੁੱਪਾਂ ਦੀਆਂ ਬੋਦੀਆਂ ਤੱਕ ਦੀਆਂ ਉਚਾਈਆਂ ਮਾਪਣ ਦੇ ਮਾਹਰ ਬਣੇ। ਅਸੀਂ ਜਾਣੂ ਹੋਏ ਕਿ ਉੱਚਿਆਂ ਚੁਬਾਰਿਆਂ ਦੇ ਜੰਗਲਿਆਂ ਨਾਲ ਘਸਰ ਕੇ ਡੋਰ ਟੁੱਟ ਜਾਂਦੀ ਹੈ। ਛੱਪੜ ਕੰਢੇ ਚੜ੍ਹਾਏ ਜਾਂਦੇ ਪਤੰਗ ਜਦੋਂ ਦੋ ਚਲਕੜੀਆਂ ਦੀ ਡੋਰ ਨਾਲ ਦੂਰ ਅਸਮਾਨ ਵਿੱਚ ਖੁੱਭ ਜਾਂਦੇ ਤੇ ਉਨ੍ਹਾਂ ਦੇ ਆਕਾਰ ਤਾਸ਼ ਦੇ ਪੱਤਿਆਂ ਤੋਂ ਵੀ ਛੋਟੇ ਦਿਸਣ ਲੱਗ ਜਾਂਦੇ, ਤਾਂ ਕਰੋੜਾਂ ਕੋਹਾਂ ਦੂਰ ਥਰਥਰਾਉਂਦੇ ਗ੍ਰਹਿਆਂ ਨਾਲ ਦਿਲਾਂ ਦੀਆਂ ਧੜਕਣਾਂ ਜੁੜ ਜਾਂਦੀਆਂ। ਪੈਰ ਧਰਤੀ ਉੱਪਰ ਟਿਕੇ ਹੁੰਦੇ, ਪਰ ਹੱਥਾਂ ਵਿੱਚ ਫੜੀ ਡੋਰ ਦਾ ਤਾਣ ਖਿੱਤੀਆਂ ਵਿੱਚ ਕੰਬਦੇ ਤਾਰਿਆਂ ਦੇ ਸਿਰ ਪਲੋਸਣ ਦਾ ਅਹਿਸਾਸ ਕਰਾਉਂਦਾ।
ਦੋ ਸਾਲ ਪਹਿਲਾਂ ਮੈਂ ਜਦ ਪਿੰਡ ਗਿਆ ਤਾਂ ਉਚੇਚਾ ਰੁਲ਼ੀਏ ਦੀ ਹੱਟੀ ਦੇਖਣ ਬਾਜ਼ਾਰ ਵੱਲ ਨਿਕਲ ਗਿਆ। ਜ਼ਿਕਰਯੋਗ ਹੈ ਕਿ ਮੌਜੂਦਾ ਮਾਲਕ ਵੀ ਸਕੂਲੀ ਬੱਚਿਆਂ ਦੀਆਂ ਵਸਤਾਂ ਹੀ ਵੇਚਦੇ ਹਨ। ਮੈਂ ਇੱਕ ਕਾਪੀ ਤੇ ਕੁਝ ਪੈੱਨਸਿਲਾਂ ਖ਼ਰੀਦੀਆਂ। ਸਿਰਫ ਇਸ ਲਈ ਕਿ ਹੱਟੀ ਨੂੰ ਅੰਦਰੋਂ ਦੇਖ ਸਕਾਂ। ਪੀਲੂ, ਬੰਟੇ ਤੇ ਪਤੰਗਾਂ ਦੀ ਅਣਹੋਂਦ ਕਾਰਨ ਲੱਗਿਆ ਕਿ ਜਿਹੜਾ ਰੁਲ਼ੀਆ ਸੁਰੰਗ ਪੁੱਟ ਕੇ ਪਤਾਲ ਵਿੱਚੋਂ ਧਰਤੀ ’ਤੇ ਆਇਆ ਸੀ, ਉਸੇ ਸੁਰੰਗ ਵਿੱਚੀਂ ਮੁੜ ਪਤਾਲ ਵਿੱਚ ਉਤਰ ਗਿਆ ਸੀ।
ਅਗਲੇ ਦਿਨ ਗੁਆਂਢ ਵਿੱਚ ਇੱਕ ਬਜ਼ੁਰਗ ਨੂੰ ਮੈਂ ਰੁਲ਼ੀਏ ਬਾਰੇ ਪੁੱਛਿਆ ਤਾਂ ਉਹ ਇਕਦਮ ਬੋਲਿਆ ‘ਉਹ ਰੁਲ਼ੀਆ ਜਿਹੜਾ ਸਕੂਲ ਦੇ ਨਿਆਣਿਆਂ ਲਈ ਸਮਾਨ ਵੇਚਦਾ ਹੁੰਦਾ ਸੀ?’’ ‘‘ਜੀ ਹਾਂ!’’ ਮੈਂ ਕਿਹਾ। ਬਜ਼ੁਰਗ ਬੋਲਿਆ, ‘‘ਬਈ ਰੁਲ਼ੀਆ ਗਹਿਰ ਗੰਭੀਰ ਪਰ ਚੰਟ ਆਦਮੀ ਸੀ।
ਬਹੁਤ ਚਿਰਾਂ ਦੀ ਗੱਲ ਹੈ, ਪਿੰਡ ਵਿੱਚ ਮਰਦਮਸ਼ੁਮਾਰੀ ਦੀ ਟੀਮ ਆਈ ਜਿਹਦੇ ਵਿੱਚ ਕਿਸੇ ਵੱਡੇ ਘਰ ਦੀ ਤੇ ਸਰਕਾਰੀ ਅਹੁਦੇ ਵਾਲੀ ਜਨਾਨੀ ਸੀ। ਬਹੁਤ ਹੀ ਅੱਖੜ ਸੁਭਾਅ ਦੀ, ਹਰ ਕਿਸੇ ਨੂੰ ਲਾਹ ਲਾਹ ਸੁੱਟੀ ਜਾਂਦੀ ਸੀ। ਲੋਕ ਚੁੱਪ ਚੁਪੀਤੇ ਫਾਰਮ ਭਰਵਾਈ ਜਾਂਦੇ ਸਨ ਪਰ ਉਹਦੇ ਮੁਹਰੇ ਕੋਈ ਕੁਸਕ ਨਹੀਂ ਸੀ ਰਿਹਾ। ਜਦੋਂ ਉਹ ਰੁਲ਼ੀਏ ਦੀ ਹੱਟੀ ਅੱਗੇ ਆਈ ਤਾਂ ਰੁਲ਼ੀਆ ਬਾਹਰ ਆ ਗਿਆ। ਜਦ ਉਸ ਔਰਤ ਨੇ ਰੁਲ਼ੀਏ ਨੂੰ ਉਹਦਾ ਨਾਂ ਪੁੱਛਿਆ ਤਾਂ ਰੁਲ਼ੀਏ ਨੇ ਦੱਸ ਦਿੱਤਾ। ਅਗਲਾ ਸਵਾਲ ਸੀ ਬਾਪ ਦਾ ਨਾਂ, ਤਾਂ ਰੁਲ਼ੀਏ ਨੇ ਹੌਲੀ ਜਿਹੀ ਜਵਾਬ ਦਿੱਤਾ, ‘‘ਮੈਨੂੰ ਨਹੀਂ ਪਤਾ।’’ ਔਰਤ ਹੋਰ ਕੁਰਖ਼ਤ ਹੋ ਗਈ ਤੇ ਬੋਲੀ ਕਿ ਬਾਪ ਦਾ ਨਾਂ ਪਤਾ ਨਹੀਂ, ‘‘ਇਹਦਾ ਕੀ ਮਤਲਬ?’’ ਤਾਂ ਰੁਲ਼ੀਆ ਬੋਲਿਆ, ‘‘ਬੀਬੀ ਤੈਨੂੰ ਆਪਣੇ ਬਾਪ ਦਾ ਨਾਂ ਪਤਾ?’’ ਔਰਤ ਨੇ ਤੁਰੰਤ ਜਵਾਬ ਦਿੱਤਾ, ‘‘ਹਾਂ ਪਤਾ।’’ ਤਦ ਰੁਲ਼ੀਏ ਨੇ ਬੜੇ ਹੀ ਠਰ੍ਹੰਮੇ ਨਾਲ ਕਿਹਾ, ‘‘ਪਰ ਤੂੰ ਇਹ ਕਿੱਦਾਂ ਕਹਿ ਸਕਦੀ ਏਂ ਕਿ ਉਹ ਈ ਤੇਰਾ ਬਾਪ ਆ।’’ ਇਹ ਸੁਣ ਕੇ ਉਸ ਔਰਤ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਗੁੱਸੇ ਨਾਲ ਉਹਦਾ ਚਿਹਰਾ ਭਖਣ ਲੱਗਾ। ਮਰਦਮਸ਼ੁਮਾਰੀ ਟੀਮ ਅਤੇ ਆਸ ਪਾਸ ਖੜ੍ਹੇ ਲੋਕ ਹੱਕੇ ਬੱਕੇ ਰਹਿ ਗਏ। ਤਦ ਉਸ ਜਨਾਨੀ ਨੇ ਰੁਲ਼ੀਏ ਦੀ ਉਹ ਲਾਹ ਪਾਹ ਕੀਤੀ ਕਿ ਰਹੇ ਰੱਬ ਦਾ ਨਾਂ। ਪਰ ਰੁਲ਼ੀਆ ਅਹਿੱਲ, ਸ਼ਾਂਤ ਅਤੇ ਬਿਨਾਂ ਅੱਖ ਝਪਕੇ ਸਿੱਧਾ ਖੜ੍ਹਾ ਰਿਹਾ। ਉਹਦਾ ਤੀਰ ਨਿਸ਼ਾਨੇ ਲੱਗ ਚੁੱਕਾ ਸੀ। ਉਹ ਜਨਾਨੀ ਬਿਨਾਂ ਫਾਰਮ ਭਰਿਆਂ ਟੀਮ ਨਾਲ ਅੱਗੇ ਤੁਰ ਗਈ। ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ।
ਰਾਤ ਕਾਫ਼ੀ ਜਾ ਚੁੱਕੀ ਸੀ ਪਰ ਰੁਲ਼ੀਆ ਮੇਰੇ ਜ਼ਿਹਨ ’ਤੇ ਛਾਇਆ ਰਿਹਾ। ਬੀਹੀ ਵਿੱਚੋਂ ਕਦੇ ਕਦਾਈਂ ਹੀ ਕੋਈ ਪੈੜ ਚਾਪ ਸੁਣਾਈ ਦਿੰਦੀ ਸੀ। ਮੈਂ ਛੱਤ ਉੱਪਰ ਚਲਾ ਗਿਆ। ਚੰਨ ਚਾਨਣੀ ਵਿੱਚ ਅੰਬਰ ਥੱਲੇ ਕਰੋੜਾਂ ਪਤੰਗ ਚੜ੍ਹੇ ਹੋਏ ਸਨ। ਲੱਗਿਆ ਜਿਵੇਂ ਰੁਲ਼ੀਆ ਪਤਾਲ ਵਿੱਚ ਨਹੀਂ ਸੀ ਉਤਰਿਆ ਬਲਕਿ ਖਿੱਤੀਆਂ ਵਿੱਚ ਜਾ ਵੱਸਿਆ ਸੀ। ਉਹਦੇ ਇੱਕੋ ਹੱਥ ਵਿੱਚ ਸਾਰੇ ਪਤੰਗਾਂ ਦੀਆਂ ਡੋਰਾਂ ਫੜੀਆਂ ਹੋਈਆਂ ਤੇ ਉਹ ਵਰ੍ਹਿਆਂ ਤੋਂ ਧਰਤੀ ਉੱਪਰ ਆਪਣੀ ਗੁਫ਼ਾਨੁਮਾ ਹੱਟੀ ਨੂੰ ਇੱਕ ਟੱਕ ਨੀਝ ਲਾ ਕੇ ਤੱਕੀ ਜਾ ਰਿਹੈ।