ਹਾਕਮ ਧਿਰ ‘ਮੂੰਹ ’ਚ ਸੰਵਿਧਾਨ ਤੇ ਕੁੱਛੜ ’ਚ ਮਨੂਸਮ੍ਰਿਤੀ’ ਲੈ ਕੇ ਨਾ ਘੁੰਮੇ: ਕਾਂਗਰਸ
ਨਵੀਂ ਦਿੱਲੀ, 4 ਜਨਵਰੀ
ਕਾਂਗਰਸ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਦਲਿਤਾਂ ਤੇ ਆਦਿਵਾਸੀਆਂ ਨਾਲ ਅਨਿਆ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਹਾਕਮ ਧਿਰ ‘ਮੂੰਹ ’ਚ ਸੰਵਿਧਾਨ ਤੇ ਕੁੱਛੜ ਮਨੁਸਮ੍ਰਿਤੀ’ ਲੈ ਕੇ ਨਹੀਂ ਘੁੰਮ ਸਕਦੀ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਾਂਗਰਸ ਦੀ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਦਾ ਪੈਂਫਲਿਟ ਜਾਰੀ ਕਰਦਿਆਂ ਇਹ ਦਾਅਵਾ ਵੀ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਅਪਮਾਨ ਕੀਤਾ ਜਾਣਾ ‘ਦੇਸ਼ ਦੀ 90 ਫੀਸਦ ਅਬਾਦੀ ਦੇ ਹੱਕਾਂ ’ਤੇ ਹਮਲਾ’ ਹੈ।
ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅੱਜ ਅਸੀਂ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਦਾ ਪੈਂਫਲਿਟ ਜਾਰੀ ਕਰ ਰਹੇ ਹਾਂ ਤਾਂ ਜੋ ਇਤਿਹਾਸਕ ਦੇ ਨਾਲ ਨਾਲ ਤੱਥਾਂ ਦੇ ਆਧਾਰ ’ਤੇ ਦੱਸਿਆ ਜਾ ਸਕੇ ਕਿ ਕਿਸ ਤਰ੍ਹਾਂ ਦੇਸ਼ ਦੀ 90 ਫੀਸਦ ਅਬਾਦੀ ਖ਼ਿਲਾਫ਼ ਭਾਜਪਾ ਸਾਜ਼ਿਸ਼ ਰਚ ਰਹੀ ਹੈ।’ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪਾਰਟੀ ਆਗੂ ਹਰ ਜ਼ਿਲ੍ਹੇ ’ਚ ‘ਚੌਪਾਲ’ ਕਰਾਉਣਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਭਾਜਪਾ-ਆਰਐੱਸਐੱਸ ਦਹਾਕਿਆਂ ਤੋਂ ਅੰਬੇਡਕਰ ਦਾ ਅਪਮਾਨ ਤੇ ਸੰਵਿਧਾਨ ਦਾ ਨੁਕਸਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸ਼ੁਰੂ ਹੋਈ ਇਹ ਮੁਹਿੰਮ 26 ਜਨਵਰੀ ਨੂੰ 75ਵੇਂ ਸੰਵਿਧਾਨ ਤੇ ਗਣਤੰਤਰ ਦਿਵਸ ਮੌਕੇ ਮੱਧ ਪ੍ਰਦੇਸ਼ ’ਚ ਡਾ. ਅੰਬੇਡਕਰ ਦੀ ਜਨਮ ਭੂਮੀ ਮਹੂ ’ਚ ਵੱਡੀ ਰੈਲੀ ਕਰਕੇ ਸਮਾਪਤ ਹੋਵੇਗੀ। -ਪੀਟੀਆਈ