ਹਾਕਮਾਂ ਨੇ ਲੋਕਾਂ ਦਾ ਕੁਝ ਨਹੀਂ ਸੁਆਰਿਆ: ਗੜ੍ਹੀ
ਸੁਰਜੀਤ ਮਜਾਰੀ
ਬੰਗਾ, 27 ਮਈ
ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਬਸਪਾ ਦੇ ਉਮੀਦਵਾਰ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੇ ਹਾਕਮਾਂ ਨੇ ਲੋਕਾਂ ਦਾ ਕੁਝ ਨਹੀਂ ਸੁਆਰਿਆ ਸਗੋਂ ਆਪਣੇ ਹੀ ਢਿੱਡ ਭਰੇ ਹਨ। ਉਹ ਬੰਗਾ ਹਲਕੇ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇੇ ਸਨ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਪੱਛੜੇ ਅਤੇ ਹੱਕਾਂ ਤੋਂ ਵਾਂਝੇ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਬਸਪਾ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਖੋਥੜਾਂ, ਬਹਿਰਾਮ, ਭਰੋਮਜਾਰਾ, ਕੱਟਾਂ, ਚੱਕ ਕਲਾਲ, ਝਿੰਗੜਾਂ, ਕਰਨਾਣਾ ਤੇ ਖਮਾਚੋਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਦੀ ਨਵਾਂ ਸ਼ਹਿਰ ’ਚ ਹੋਈ ਚੋਣ ਰੈਲੀ ਨਾਲ ਸਿਆਸੀ ਸਮੀਕਰਨ ਬਦਲ ਗਏ ਹਨ ਅਤੇ ਵਿਰੋਧੀ ਧਿਰਾਂ ਦੇ ਮੁਕਾਬਲੇ ਬਸਪਾ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅੰਦਰ ਬਸਪਾ ਦੀ ਚਾਰ ਵਾਰ ਬਣੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਸਹੂਲਤਾਂ ਦਿੱਤੀਆਂ ਗਈਆਂ ਜੋ ਵਿਲੱਖਣ ਉਦਾਹਰਨ ਸਾਬਤ ਹੋਈਆਂ। ਉਨ੍ਹਾਂ ‘ਸਮਾਜਿਕ ਤਬਦੀਲੀ ਅਤੇ ਆਰਥਿਕ ਸਹਿਯੋਗ’ ਦੇ ਮਿਸ਼ਨ ਦੀ ਪੂਰਤੀ ਲਈ ਉਕਤ ਕਾਰਗੁਜ਼ਾਰੀ ਨੂੰ ਦੇਖਦਿਆਂ ਬਸਪਾ ਦੇ ਹੱਕ ’ਚ ਵੋਟ ਦੀ ਅਪੀਲ ਕੀਤੀ। ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ, ਪੰਚਾਇਤ ਸੰਮਤੀ ਬੰਗਾ ਦੇੀ ਉਪ ਚੇਅਰਪਰਸਨ ਬੀਬੀ ਗੁਰਦੇਵ ਕੌਰ ਖੋਥੜਾਂ, ਵਿਧਾਨ ਸਭਾ ਦੇ ਪ੍ਰਧਾਨ ਜੈ ਪਾਲ ਸੁੰਡਾ ਤੇ ਪੰਚਾਇਤ ਸੰਮਤੀ ਬੰਗਾ ਦੇ ਉਪ ਚੇਅਰਪਰਸਨ ਇੰਜ. ਹਰਮੇਸ਼ ਵਿਰਦੀ ਹਾਜ਼ਰ ਸਨ।