‘ਹਾਂਜੀ ਕੀ ਚਾਹੀਦਾ’ ਸ਼ਬਦਾਵਲੀ ਨਾਲ ਸੋਸ਼ਲ ਮੀਡੀਆ ’ਤੇ ਮਸ਼ਹੂਰ ਰੁਖਸਾਰ ਅਤੇ 4 ਹੋਰ ਗ੍ਰਿਫ਼ਤਾਰ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 12 ਦਸੰਬਰ
ਪੀਲ ਰੀਜਨਲ ਪੁਲੀਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਦੇ ਜਾਂਚ ਅਧਿਕਾਰੀਆਂ ਨੇ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜਬਰੀ ਵਸੂਲੀ ਨਾਲ ਸਬੰਧਤ ਘਟਨਾਵਾਂ ਦੇ ਸਬੰਧ ਵਿੱਚ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
EITF ਇਹਨਾਂ ਘਟਨਾਵਾਂ ਦੀ ਜਾਂਚ ਕਰਨ ਲਈ ਕੈਨੇਡਾ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਿਹਾ ਹੈ। ਹਾਲ ਹੀ ਵਿੱਚ EITF ਨੇ ਵੱਖ ਵੱਖ ਦੋਸ਼ਾਂ ਹੇਠ ਪੰਜ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚਾਰ ਹਥਿਆਰ ਜ਼ਬਤ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਤੇ ਧਮਕੀਆਂ ਦੇ ਤਹਿਤ ਵੱਡੀ ਰਕਮ ਦੀ ਮੰਗ ਸ਼ਾਮਲ ਹੈ।
ਪੀਲ ਰੀਜਨਲ ਪੁਲੀਸ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਪ੍ਰੈਸ ਨੋਟ ਅਨੁਸਾਰ ਇਨ੍ਹਾਂ ਦੀ ਪਛਾਣ 27 ਸਾਲਾ ਬੰਧੂਮਾਨ ਸੇਖੋਂ, 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤੇਜਿੰਦਰ ਤਤਲਾ, 21 ਸਾਲਾ ਰੁਖਸਾਰ ਅਚਕਜ਼ਈ, 24 ਸਾਲਾ ਦਿਨੇਸ਼ ਕੁਮਾਰ ਅਤੇ ਵਜੋਂ ਹੋਈ ਹੈ। ਉਹ ਕੁੱਲ 16 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
EITF ਵੱਲੋਂ ਜਾਰੀ ਵੀਡੀਓ
ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਰੁਖਸਾਰ ਅਚਕਜ਼ਈ ਨੂੰ ਸਤੰਬਰ 2023 ਦੀਆਂ ਘਟਨਾਵਾਂ ਲਈ 30 ਜੁਲਾਈ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਬਰੀ ਵਸੂਲੀ, $5000.00 ਤੋਂ ਘੱਟ ਦੀ ਧੋਖਾਧੜੀ ਦੇ ਦੋਸ਼ ਲਾਏ ਗਏ ਸਨ। ਉਸ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਉਦੋਂ ਤੋਂ ਅਦਾਲਤ ਦੁਆਰਾ ਲਗਾਈਆਂ ਗਈਆਂ ਸ਼ਰਤਾਂ ਨਾਲ ਰਿਹਾ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਰੁਖਸਾਰ ‘ਹਾਂਜੀ ਕੀ ਚਾਹੀਦਾ’ ਦੀ ਸ਼ਬਦਾਵਲੀ ਨਾਲ ਕਾਫ਼ੀ ਚਰਚਿਤ ਹੈ। ਪੰਜਾਬ ਦੇ ਲੋਕ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਕਰਨ ਲਈ ਅਤੇ ਵੀਡੀਓਜ਼ ਬਣਾਉਣ ਲਈ ਅਕਸਰ ਇਨ੍ਹਾਂ ਸ਼ਬਦਾਂ ਦੀ ਵਰਤੋ ਕਰਦੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਅੱਜ ਤੱਕ EITF ਨੇ 60 ਤੋਂ ਵੱਧ ਘਟਨਾਵਾਂ ਦੀ ਜਾਂਚ ਕੀਤੀ ਹੈ ਅਤੇ 21 ਗ੍ਰਿਫਤਾਰੀਆਂ ਕੀਤੀਆਂ ਹਨ। ਜਾਂਚ ਵਿੱਚ 20 ਹਥਿਆਰ, 11 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ, 10,000 ਡਾਲਰ ਤੋਂ ਵੱਧ ਦੀ ਰਕਮ ਅਤੇ 6 ਚੋਰੀ ਹੋਏ ਵਾਹਨਾਂ ਦੀ ਬਰਾਮਦਗੀ ਵੀ ਹੋਈ ਹੈ।