ਆਰਟੀਏ ਤੇ ਪੁਲੀਸ ਵਿਭਾਗ ਨੇ ਆਵਾਜਾਈ ਨਿਯਮਾਂ ਦੀ ਜਾਣਕਾਰੀ ਦਿੱਤੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਜਨਵਰੀ
ਸੜਕ ਸੁਰੱਖਿਆ ਤਹਿਤ ਜ਼ਿਲ੍ਹਾ ਪੁਲੀਸ ਤੇ ਆਰਟੀਏ ਵਿਭਾਗ ਦੀ ਸਾਂਝੀ ਟੀਮ ਨੇ ਨਵਾਂ ਬੱਸ ਅੱਡਾ ਸੈਕਟਰ 10 ਵਿੱਚ ਲਾਇਸੈਂਸ ਲਈ ਟੈਸਟ ਦੇਣ ਵਾਲੇ ਉਮੀਦਵਾਰਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪਹਿਲੀ ਤੋਂ 31 ਜਨਵਰੀ ਤਕ ਰਾਸ਼ਟਰੀ ਸੜਕ ਸਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਦੋਵਾਂ ਵਿਭਾਗਾਂ ਨੇ ਕਈ ਪ੍ਰੋਗਰਾਮ ਉਲੀਕੇ ਹਨ।
ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਆਵਾਜਾਈ ਕੋਆਰਡੀਨੇਟਰ ਸਹਾਇਕ ਏਐੱਸਆਈ ਵਰਿੰਦਰ ਵਿਕਰਮ ਨੇ ਕਿਹਾ ਕਿ ਸੜਕਾਂ ’ਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪਰਿਵਹਨ ਨਿਰੀਖਕ ਜੋਗਿੰਦਰ ਢੁੱਲ ਨੇ ਕਿਹਾ ਕਿ ਜਦ ਵੀ ਸੜਕ ’ਤੇ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਸ ਦੀ ਮਦਦ ਕਰਨ ਦੀ ਥਾਂ ਲੋਕ ਜ਼ਖ਼ਮੀ ਵਿਅਕਤੀ ਤੇ ਉਸ ਥਾਂ ਦੀ ਵੀਡੀਓ ਬਣਾਉਣ ਲੱਗ ਜਾਂਦੇ ਹਾਂ ਜੋ ਉਸ ਸਮੇਂ ਉਚਿਤ ਨਹੀਂ। ਤੁਹਾਡਾ ਥੋੜ੍ਹਾ ਜਿਹਾ ਸਮਾਂ ਜ਼ਖ਼ਮੀ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਸਰਕਾਰ ਪੰਜ ਹਜ਼ਾਰ ਰੁਪਏ ਇਨਾਮ ਵਜੋਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਹੁੰ ਚੁੱਕੀਏ ਕਿ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਿੱਚ ਮਦਦ ਕਰਾਂਗੇ ਤੇ ਖੁਦ ਵੀ ਸੜਕੀ ਨਿਯਮਾਂ ਦੀ ਪਾਲਣਾ ਕਰਾਂਗੇ। ਡੀਐੱਸਪੀ ਰੋਹਤਾਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵਿਭਾਗ ਸੜਕ ਸੁਰੱਖਿਆ ਲਈ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮਾਂ ਕਰਵਾ ਰਿਹਾ ਹੈ।