ਆਰਐੱਸਐੱਸ ਦੀ ਬੋਲੀ ਬੋਲ ਰਿਹੈ ਬਿੱਟੂ: ਧਨੇਰ
ਪਰਸ਼ੋਤਮ ਬੱਲੀ
ਬਰਨਾਲਾ, 10 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਨਫ਼ਰਤੀ ਜੰਗ ਵਿੱਢੀ ਹੋਈ ਹੈ। ਧਰਮਾਂ ਦੇ ਆਧਾਰ ‘ਤੇ ਭੜਕਾਈ ਜਾ ਰਹੀ ਨਫ਼ਰਤੀ ਜੰਗ ਦਾ ਅਸਲੀ ਮਕਸਦ ਕਾਰਪੋਰੇਟ ਘਰਾਣਿਆਂ ਨੂੰ ਸਾਰੇ ਦੇਸ਼ ਦੇ ਮਾਲ ਖ਼ਜ਼ਾਨੇ ਲੁਟਾ ਦੇਣਾ ਹੀ ਹੈ। ਇਸ ਤੋਂ ਇਲਾਵਾ ਇਸ ਪ੍ਰਚਾਰ ਦਾ ਦੂਜਾ ਉਦੇਸ਼ ਸਿਆਸੀ ਵਿਰੋਧੀਆਂ ’ਤੇ ਜਬਰ ਦਾ ਰਾਹ ਪੱਧਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕਜੁਟ ਹੋ ਕੇ ਭਾਈਚਾਰਾ ਕਾਇਮ ਰੱਖਦਿਆਂ ਇਨ੍ਹਾਂ ਲੋਕ ਦੋਖੀ ਤਾਕਤਾਂ ਖਿਲਾਫ਼ ਆਪਣੀ ਲੜਾਈ ਹੋਰ ਤੇਜ਼ ਕਰਨੀ ਪਵੇਗੀ। ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਰਵਨੀਤ ਬਿੱਟੂ ਵੱਲੋਂ ਕੀਤੀ ਜਾ ਰਹੀ ਨਫ਼ਰਤੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਰਵਨੀਤ ਬਿੱਟੂ ਦਾ ਆਪਣਾ ਕੋਈ ਵਿਚਾਰ ਨਹੀਂ ਹੈ। ਉਹ ਸਿਰਫ਼ ਆਪਣੇ ਮਾਲਕਾਂ ਦੇ ਸੁੱਟੇ ਹੋਏ ਟੁਕੜਿਆਂ ਦਾ ਮੁੱਲ ਮੋੜਨ ਲਈ ਕਥਿਤ ਤੌਰ ‘ਤੇ ਆਰਐੱਸਐੱਸ ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਹੰਕਾਰੇ ਹੋਏ ਰਾਵਣ ਵਾਲੀ ਬੋਲੀ ਬੋਲ ਰਿਹਾ ਹੈ ਪ੍ਰੰਤੂ ਪੰਜਾਬ ਦੇ ਲੋਕ ਰਵਨੀਤ ਬਿੱਟੂ ਵਰਗਿਆਂ ਨੂੰ ਵੀ ਸਬਕ ਸਿਖਾਉਣ ਦੇ ਸਮਰੱਥ ਹਨ। ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਖ਼ਿਲਾਫ਼ ਸਾਜਿਸ਼ਾਂ ਨੂੰ ਭਲੀਭਾਂਤ ਭਾਂਪਦੇ ਹਨ ਤੇ ਆਪਣੀ ਇੱਕਜੁਟ ਤਾਕਤ ਰਾਹੀਂ ਮੂੰਹ ਤੋੜਵਾਂ ਜਵਾਬ ਦੇਣਗੇ।