ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਜਲੰਧਰ ਵਿੱਚ ਲਾਏ ਡੇਰੇ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਦਸੰਬਰ
ਆਰਐੱਸਐੱਸ ਮੁਖੀ ਮੋਹਨ ਭਾਗਵਤ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਲੰਘੀ ਰਾਤ ਜਲੰਧਰ ਦੇ ਵਿਦਿਆਧਾਮ ਵਿੱਚ ਪਹੁੰਚ ਗਏ ਹਨ। ਰੇਲਵੇ ਸਟੇਸ਼ਨ ’ਤੇ ਉਨ੍ਹਾਂ ਲਈ ਜ਼ੈੱਡ ਪਲੱਸ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ। ਦੇਸ਼ ਵਿੱਚ ਤਿੰਨ ਸੂਬਿਆਂ ਵਿੱਚ ਭਾਜਪਾ ਦੀ ਜਿੱਤ ਮਗਰੋਂ ਆਰਐੱਸਐੱਸ ਮੁਖੀ ਦੀ ਇਹ ਕੌਮੀ ਪੱਧਰ ਦੀ ਇਹ ਪਹਿਲੀ ਮੀਟਿੰਗ ਹੈ। ਅੱਜ ਸਾਰਾ ਦਿਨ ਆਰਐੱਸਐੱਸ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ। ਜਾਣਕਾਰੀ ਅਨੁਸਾਰ 7 ਦਸੰਬਰ ਨੂੰ ਆਰਐੱਸਐੱਸ ਦੀ ਕੌਮੀ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਵੇਗੀ ਜਿਸ ਮਗਰੋਂ ਸ੍ਰੀ ਭਾਗਵਤ ਦੋ ਦਿਨ ਆਰਐੱਸਐੱਸ ਪੰਜਾਬ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨਗੇ। ਜਾਣਕਾਰੀ ਅਨੁਸਾਰ ਸਾਲ 2025 ਵਿੱਚ ਆਰਐੱਸਐੱਸ ਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੀਟਿੰਗ ਵਿੱਚ ਇਸ ਸਬੰਧੀ ਪ੍ਰੋਗਰਾਮਾਂ ਨੂੰ ਵੀ ਹੁਣ ਤੋਂ ਹੀ ਉਲੀਕਿਆ ਜਾਣਾ ਹੈ। ਇਸੇ ਦੌਰਾਨ 8 ਦਸੰਬਰ ਨੂੰ ਮੋਹਨ ਭਾਗਵਤ ਵੱਲੋਂ ਡੇਰਾ ਬਿਆਸ ਜਾਣ ਦਾ ਪ੍ਰੋਗਾਰਮ ਉਲੀਕਿਆ ਜਾ ਰਿਹਾ ਹੈ ਜਿੱਥੇ ਉਹ ਡੇਰਾ ਮੁਖੀ ਨਾਲ ਦੁਪਹਿਰ ਦਾ ਭੋਜਨ ਕਰਨਗੇ।