RS chairman Dhankhar: ਰਾਜ ਸਭਾ ਚੇਅਰਮੈਨ ਸਰਕਾਰ ਦੇ ਬੁਲਾਰੇ ਵਜੋਂ ਕੰਮ ਕਰ ਰਿਹੈ: ਖੜਗੇ
ਨਵੀਂ ਦਿੱਲੀ, 11 ਦਸੰਬਰ
ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਰਾਜ ਸਭਾ ਦੇ ਚੇਅਰਮੈਨ ਦੇ "ਪੱਖਪਾਤੀ" ਰਵੱਈਏ ਕਾਰਨ ਉਨ੍ਹਾਂ ਨੂੰ ਚੇਅਰਮੈਨ ਜਗਦੀਪ ਧਨਖੜ (Rajya Sabha Chairman Jagdeep Dhankhar) ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਲਈ ਬੇਭਰੋਸਗੀ ਮਤੇ ਦਾ ਨੋਟਿਸ ਭੇਜਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਉਪਰਲੇ ਸਦਨ ਵਿੱਚ ਨਿਯਮਾਂ ਦੀ ਥਾਂ ਸਿਆਸਤ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਇੱਥੇ ਕਾਂਸਟੀਚਿਊਸ਼ਨ ਕਲੱਬ (Constitution Club) ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Congress president Mallikarjun Kharge) ਨੇ ਦੋਸ਼ ਲਾਇਆ ਕਿ ਧਨਖੜ ਇਕ ਤਰ੍ਹਾਂ ਸਰਕਾਰੀ ਬੁਲਾਰੇ ਵਜੋਂ ਕੰਮ ਕਰ ਰਹੇ ਹਨ ਅਤੇ ਇੱਕ ਸਕੂਲ ਹੈੱਡਮਾਸਟਰ ਵਾਂਗ ਵਿਹਾਰ ਰਹੇ ਹਨ ਅਤੇ ਅਕਸਰ ਤਜਰਬੇਕਾਰ ਵਿਰੋਧੀ ਨੇਤਾਵਾਂ ਨੂੰ ਮੱਤਾਂ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਤੋਂ ਰੋਕਦੇ ਹਨ। ਖੜਗੇ ਨੇ ਇਹ ਵੀ ਦਾਅਵਾ ਕੀਤਾ ਕਿ ਸਦਨ ਵਿੱਚ ਪੈਣ ਵਾਲੇ ਵਿਘਨ ਤੇ ਰੌਲੇ-ਰੱਪੇ ਲਈ ਧਨਖੜ ਖੁਦ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ:
ਇੰਡੀਆ ਗੱਠਜੋੜ ਵੱਲੋਂ ਧਨਖੜ ਖਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ
ਪ੍ਰਧਾਨ ਮੰਤਰੀ ਨੇ ‘ਬੋਲਣ ਦੀ ਆਜ਼ਾਦੀ’ ਖਤਮ ਕੀਤੀ: ਖੜਗੇ
ਕਾਂਗਰਸ ਪ੍ਰਧਾਨ ਨੇ ਕਿਹਾ ਕਿ 1952 ਤੋਂ ਸੰਵਿਧਾਨ ਦੀ ਧਾਰਾ 67 ਦੇ ਤਹਿਤ ਉਪ ਰਾਸ਼ਟਰਪਤੀ ਦੇ ਖਿਲਾਫ ਕਦੇ ਕੋਈ ਮਤਾ ਨਹੀਂ ਲਿਆਂਦਾ ਗਿਆ ਕਿਉਂਕਿ ਇਸ ਅਹੁਦੇ 'ਤੇ ਰਹਿ ਚੁੱਕੇ ਲੋਕਾਂ ਨੇ ਕਦੇ ਵੀ ਰਾਜਨੀਤੀ ਨਹੀਂ ਕੀਤੀ ਅਤੇ ਨਿਰਪੱਖ ਰਹਿ ਕੇ ਕੰਮ ਕੀਤਾ।
ਇਸ ਮੌਕੇ ਡੀਐਮਕੇ (DMK) ਦੇ ਨੇਤਾ ਤਿਰੂਚੀ ਸਿਵਾ (Tiruchi Siva) ਨੇ ਕਿਹਾ ਕਿ ਇਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਦੁਆਰਾ ਸੰਸਦ ਵਿੱਚ ਦੇਸ਼ ਦੇ ਲੋਕਤੰਤਰ 'ਤੇ ਹਮਲਾ ਹੈ, ਜਦਕਿ ਤ੍ਰਿਣਮੂਲ ਕਾਂਗਰਸ (TMC) ਦੇ ਨੇਤਾ ਨਦੀਮੁਲ ਹੱਕ (Nadimul Haque) ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਨਾਲ ਸਹਿਮਤ ਹਨ। ਹੱਕ ਨੇ ਕਿਹਾ, "ਸਾਨੂੰ ਰਾਜ ਸਭਾ ਵਿੱਚ ਆਪਣੇ ਵਿਚਾਰ ਪ੍ਰਗਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।" ਸ਼ਿਵ ਸੈਨਾ (ਯੂਬੀਟੀ) ਦੇ ਸੰਜੇ ਰਾਉਤ (Sanjay Raut) ਨੇ ਕਿਹਾ, "ਲੱਗਦਾ ਹੈ ਕਿ ਚੇਅਰਮੈਨ ਸੰਸਦ ਨਹੀਂ ਚਲਾ ਰਿਹਾ, ਸਗੋਂ ਇੱਕ ਸਰਕਸ ਚਲਾ ਰਿਹਾ ਹੈ। ਉਹ ਖੁਦ ਬੋਲ ਕੇ ਸਮਾਂ ਖਾਂਦਾ ਹੈ।’’ ਪੀਟੀਆਈ