ਸਾਹਿਤ ਸਭਾ ਦੀ ਬੈਠਕ ਵਿੱਚ ਰਚਨਾਵਾਂ ਦਾ ਦੌਰ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 25 ਜੂਨ
ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਹੋਈ। ਸਭ ਤੋਂ ਪਹਿਲਾਂ ਬੈਠਕ ਦੇ ਮੁੱਖ ਏਜੰਡੇ ‘ਤੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਮੈਂਬਰਾਂ ਨੂੰ ਜਾਣੂ ਕਰਵਾਇਆ ਜਿਸ ਵਿਚ ਸਾਲਾਨਾ ਮੈਂਬਰਸ਼ਿਪ ਅਤੇ ਸਵਰਗੀ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੀ ਯਾਦ ਵਿੱਚ ਕਰਾਉਣ ਵਾਲੇ ਪ੍ਰੋਗਰਾਮ ਸਬੰਧੀ ਦੱਸਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਪ੍ਰਤਾਪ ਪਾਰਸ ਦੇ ਲਿਖੇ ਗੀਤ ਪ੍ਰੀਤ ਰਾਣਾ ਨੇ ਆਪਣੀ ਅਵਾਜ਼ ਵਿਚ ਕੀਤੀ। ਸੁਨੀਲ ਕੁਮਾਰ, ਕੇ ਪੀ ਸਿੰਘ, ਗੁਰਦੇਵ ਭੁੱਲਰ, ਪ੍ਰਤਾਪ ਪਾਰਸ ਨੇ ਗੀਤ ਅਤੇ ਬਲਦੇਵ ਸਿੱਧੂ ਨੇ ਟੱਪੇ ਤਰੰਨਮ ਵਿਚ ਗਾ ਕੇ ਚੰਗਾ ਰੰਗ ਬੰਨ੍ਹਿਆ। ਰਾਜਨ ਤਰੇੜੀਆ ਨੇ ਲੇਖ, ਤਰਸੇਮ ਸਿੰਘ ਭੰਗੂ ਅਤੇ ਕਾਮਰੇਡ ਅਵਤਾਰ ਸਿੰਘ ਨੇ ਮਿੰਨੀ ਕਹਾਣੀਆਂ ਪੇਸ਼ ਕੀਤੀਆਂ। ਬਜ਼ੁਰਗ ਕਾਮਰੇਡ ਮੁਲਖ ਰਾਜ ਨੇ ਜਵਾਨੀ ਵੇਲੇ ਦਾ ਇਨਕਲਾਬੀ ਗੀਤ ‘ਓਏ ਜੱਗੂ ਓਏ ਫੱਗੂ’ ਸੁਰੀਲੀ ਆਵਾਜ਼ ਵਿੱਚ ਗਾਇਆ। ਗ਼ਜ਼ਲਾਂ ਦੇ ਦੌਰ ਵਿਚ ਪ੍ਰਤਾਪ ਪਾਰਸ, ਸੁਭਾਸ਼ ਦੀਵਾਨਾ, ਹਰਪਾਲ ਬੈਂਸ ਸੀਤਲ ਸਿੰਘ ਗੁੰਨੋਪੁਰੀ ਨੇ ਵਾਹ ਵਾਹ ਖੱਟੀ। ਪ੍ਰੋਫੈਸਰ ਰਾਜ ਕੁਮਾਰ ਨੇ ਇਤਿਹਾਸਕ ਜਾਣਕਾਰੀ ਦਿੱਤੀ ਅਤੇ ਐਨ ਕੇ ਸੋਈ ਨੇ ਜੋਸ਼ੀਲੀ ਕਵਿਤਾ ਪੜ੍ਹੀ।
ਅਖੀਰ ਵਿਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਬੀਰ ਸਿੰਘ ਅਤੇ ਸੁਰਿੰਦਰ ਮੋਹਨ ਸ਼ਰਮਾ ਵੀ ਹਾਜ਼ਰ ਸਨ।