ਗੋਲ ਗੱਪੇ
ਬਲਜੀਤ ਸਿੰਘ ਅਕਲੀਆ
‘‘ਸਰ, ਅਸੀਂ ਗੋਲਗੱਪਿਆਂ ਵਾਲੇ ਦੇ ਜਾ ਆਈਏ।’’ ਚੌਥੀ ਜਮਾਤ ’ਚ ਬੈਠੇ ਸਕੂਲ ਮੁਖੀ ਨੂੰ ਦੱਸ ਕੇ ਦੋਵੇਂ ਮੈਡਮਾਂ ਜਲਦੀ ਨਾਲ ਚਲੀਆਂ ਗਈਆਂ। ਸਕੂਲ ਮੁਖੀ ਕਿਸੇ ਦਫ਼ਤਰੀ ਕੰਮ ਲਈ ਦਫ਼ਤਰ ਵਿੱਚ ਆਇਆ। ਉੱਥੋਂ ਹੀ ਕਿਸੇ ਡਾਕ ਦੀ ਪੂਰਤੀ ਲਈ ਡਾਟਾ ਇਕੱਠਾ ਕਰਨ ਦੂਜੀ ਜਮਾਤ ਵਿੱਚ ਚਲਾ ਗਿਆ। ਇੰਨੇ ਨੂੰ ਸਕੂਲ ਵਿੱਚ ਆਪਣੇ ਬੱਚੇ ਦੀ ਪੜ੍ਹਾਈ ਦਾ ਹਾਲ-ਚਾਲ ਪੁੱਛਣ ਲਈ ਮਾਪਿਆਂ ਦੀ ਆਮਦ ਹੋਈ। ਉਨ੍ਹਾਂ ਨੇ ਚੌਥੀ ਜਮਾਤ ਵਿੱਚ ਆ ਕੇ ਆਪਣੀ ਬੇਟੀ ਨੂੰ ਪੁੱਛਿਆ, ‘‘ਮੈਡਮ ਕਿੱਥੇ ਹਨ?’’ ਬੱਚੀ ਨੇ ਦੱਸਿਆ ਕਿ ਮੈਡਮ ਗੋਲਗੱਪਿਆਂ ਵਾਲੇ ਦੇ ਗਏ ਹਨ। ਇਹ ਸੁਣ ਕੇ ਮਾਪਿਆਂ ਦਾ ਗੁੱਸਾ ਸੱਤਵੇਂ ਆਸਮਾਨ ਜਾ ਚੜ੍ਹਿਆ। ਉਨ੍ਹਾਂ ਨੂੰ ਇੱਕ ਚੜ੍ਹੇ ਇੱਕ ਉਤਰੇ। ਉਹ ਸੋਚਣ ਲੱਗੇ ਕਿ ਜਮਾਤ ਖ਼ਾਲੀ ਪਈ ਹੈ ਇਨ੍ਹਾਂ ਨੂੰ ਸਵੇਰੇ ਹੀ ਗੋਲਗੱਪੇ ਖਾਣ ਦੀ ਪਈ ਹੈ। ਦਫ਼ਤਰ ਵੱਲ ਆਉਂਦੇ ਸਕੂਲ ਮੁਖੀ ਨੂੰ ਦੇਖ ਮੱਥੇ ਤਿਊੜੀਆਂ ਪਾਈ ਖੜ੍ਹੇ ਮਾਪੇ ਸ਼ਿਕਾਇਤ ਲਗਾਉਣ ਲਈ ਗੱਲ ਤੋਰਨ ਹੀ ਲੱਗੇ ਸਨ ਤਾਂ ਉਸੇ ਵੇਲੇ ਚੌਥੀ ਜਮਾਤ ਦੀ ਇੰਚਾਰਜ ਅਤੇ ਨਾਲ ਦੂਜੀ ਮੈਡਮ ਨੇ ਖ਼ੁਸ਼ ਹੁੰਦੇ ਆਣ ਆਖਿਆ, ‘‘ਸਰ, ਅੱਜ ਤਾਂ ਗੋਲਗੱਪਿਆਂ ਵਾਲੇ ਦੇ ਜਾਣ ਦਾ ਨਜ਼ਾਰਾ ਆ ਗਿਆ।’’ ਸਕੂਲ ਮੁਖੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਉਨ੍ਹਾਂ ਮਾਪਿਆਂ ਵਿੱਚੋਂ ਮਾਂ ਨੇ ਕਿਹਾ, ‘‘ਮੈਡਮ, ਤੁਹਾਨੂੰ ਇੱਥੇ ਸਕੂਲ ’ਚ ਪੜ੍ਹਾਉਣ ਦੀ ਤਨਖ਼ਾਹ ਮਿਲਦੀ ਹੈ ਨਾ ਕਿ ਸਕੂਲ ਸਮੇਂ ਵਿੱਚ ਗੋਲਗੱਪੇ ਖਾ ਕੇ ਗੋਲਗੱਪਿਆਂ ਵਾਲੇ ਦੀ ਮਸ਼ਹੂਰੀ ਕਰਨ ਦੀ। ਸਾਡੇ ਬੱਚੇ ਜਮਾਤ ਵਿੱਚ ਲਾਵਾਰਸ ਛੱਡ ਕੇ ਤੁਸੀਂ ਗੋਲਗੱਪੇ ਖਾਣ ਦਾ ਆਨੰਦ ਮਾਣ ਰਹੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’’ ਸਕੂਲ ਮੁਖੀ ਨੇ ਲਗਾਤਾਰ ਕਿੰਨਾ ਕੁਝ ਬੋਲਦੇ ਮਾਪਿਆਂ ਨੂੰ ਮਸਾਂ ਰੋਕ ਕੇ ਪਿਆਰ ਨਾਲ ਕੁਰਸੀਆਂ ਉਪਰ ਬਿਠਾਇਆ। ਸਕੂਲ ਮੁਖੀ ਕੇ ਦੱਸਿਆ ਕਿ ਮੈਡਮਾਂ ਗੋਲਗੱਪੇ ਖਾਣ ਨਹੀਂ ਗਈਆਂ ਸਨ ਸਗੋਂ ਉਹ ਤਾਂ ਇੱਥੇ ਗੋਲਗੱਪਿਆਂ ਦਾ ਕੰਮ ਕਰਦੇ ਰਾਜੂ ਕੇ ਘਰ ਉਸ ਦੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਗਈਆਂ ਸਨ। ਉਸ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਰਾਜ਼ੀ ਨਹੀਂ ਹੋਇਆ ਸੀ। ਉਹ ਮੈਡਮਾਂ ਦੀ ਗੱਲ ਤਾਂ ਸੁਣ ਲੈਣ ਕਿ ਅੱਗੇ ਕੀ ਕਹਿਣਾ ਚਾਹੁੰਦੀਆਂ ਹਨ। ਮਾਪੇ ਨਿੰਮੋਝੂਣੇ ਹੋ ਗਏ। ਸਕੂਲ ਮੁਖੀ ਨੇ ਕਿਹਾ, ‘‘ਹਾਂ ਮੈਡਮ ਜੀ ਦੱਸੋ?’’ ਮੈਡਮਾਂ ਦੱਸ ਰਹੀਆਂ ਸਨ, ‘‘ਅੱਜ ਤਾਂ ਗੋਲਗੱਪਿਆਂ ਵਾਲੇ ਨੇ ਨਜ਼ਾਰਾ ਲਿਆ ਦਿੱਤਾ ਜੀ। ਉਹ ਕਹਿੰਦਾ, ‘ਮੇਰੇ ਚਾਰੋ ਬੱਚੇ ਹੀ ਤੁਹਾਡੇ ਸਕੂਲ ਵਿੱਚ ਪੜ੍ਹਨ ਆਇਆ ਕਰਨਗੇ’।’’ ਮਾਪਿਆਂ ਨੇ ਮੈਡਮਾਂ ਅਤੇ ਸਕੂਲ ਮੁਖੀ ਤੋਂ ਮਾਫ਼ੀ ਮੰਗਦਿਆਂ ਕਿਹਾ, ‘‘ਅਸੀਂ ਪੂਰੀ ਗੱਲ ਸੁਣੇ ਬਗੈਰ ਹੀ ਤੁਹਾਨੂੰ ਦੋਸ਼ੀ ਬਣਾ ਦਿੱਤਾ।’’ ਸਕੂਲ ਮੁਖੀ ਅਤੇ ਮੈਡਮਾਂ ਨੇ ਕਿਹਾ, ‘‘ਕੋਈ ਗੱਲ ਨਹੀਂ ਜੀ, ਕਈ ਵਾਰ ਗ਼ਲਤਫਹਿਮੀ ਹੋ ਜਾਂਦੀ ਹੈ ਪਰ ਗੱਲ ਕਰਨ ਤੋਂ ਪਹਿਲਾਂ ਉਸ ਬਾਰੇ ਪੂਰਾ ਜਾਣ ਲੈਣਾ ਚਾਹੀਦੈ।’’ ਮਾਪਿਆਂ ਦੇ ਸਕੂਲ ਜਾਣ ਤੋਂ ਬਾਅਦ ਕਿੰਨਾ ਹੀ ਚਿਰ ਸਾਰਾ ਸਟਾਫ ਮੈਡਮਾਂ ਨਾਲ ਇਸ ਗੱਲ ਉੱਪਰ ਹਸਦਾ ਰਿਹਾ ਅਤੇ ਆਖ ਰਿਹਾ ਸੀ ਕੱਲ੍ਹ ਫੇਰ ਗੋਲਗੱਪਿਆਂ ਵਾਲੇ ਦੇ ਜਾਓਗੇ ਜੀ?
ਸੰਪਰਕ: 98721-21002
* * *
ਸੱਤ ਘੜੇ ਪਾਣੀ
ਰਘੁਵੀਰ ਸਿੰਘ ਕਲੋਆ
ਨਵੇਂ ਨਵੇਂ ਬਣੇ ਦੋਵੇਂ ਦੋਸਤ ਸਵੇਰ ਦੀ ਸੈਰ ’ਤੇ ਨਿਕਲੇ ਸਨ। ਇਨ੍ਹਾਂ ਵਿੱਚੋਂ ਸੁਰਜੀਤ ਅਧਿਆਪਕ ਸੀ ਤੇ ਸੁਖਦੇਵ ਬੈਂਕ ਕਲਰਕ। ਦੋਵਾਂ ਨੇ ਸ਼ਹਿਰ ਦੇ ਚੜ੍ਹਦੇ ਪਾਸੇ ਬਣੀ ਇੱਕ ਨਵੀਂ ਕਾਲੋਨੀ ਵਿੱਚ ਲਗਭਗ ਇਕੱਠਿਆਂ ਹੀ ਰਹਿਣਾ ਸ਼ੁਰੂ ਕੀਤਾ ਸੀ। ਨੌਕਰੀਪੇਸ਼ਾ ,ਹਮ-ਉਮਰ ਅਤੇ ਇੱਕੋ ਗਲੀ ਵਿੱਚ ਰਹਿੰਦੇ ਹੋਣ ਕਾਰਨ ਦੋਵਾਂ ਵਿੱਚ ਚੰਗੀ ਸਾਂਝ ਬਣ ਗਈ ਸੀ। ਦੋਵੇਂ ਸੈਰ ਕਰਦੇ-ਕਰਦੇ ਹੁਣ ਸੜਕ ਉੱਤੇ ਪੈਂਦੇ ਲਾਗਲੇ ਪਿੰਡ ਤੀਕ ਜਾ ਆਉਂਦੇ।
ਅੱਜ ਵੀ ਦੋਵੇਂ ਆਪਣੀ ਕਾਲੋਨੀ ਤੋਂ ਨਿਕਲ ਪੱਕੀ ਸੜਕ ਉੱਤੇ ਹਾਲੇ ਕੁਝ ਵਾਟ ਹੀ ਲੰਘੇ ਹੋਣੇ ਕਿ ਸੁਖਦੇਵ ਆਪਣੇ ਕੁੜਤੇ ਦੇ ਖੀਸੇ ਵਿੱਚ ਹੱਥ ਪਾਉਂਦਾ ਹੋਇਆ ਸੁਰਜੀਤ ਨੂੰ ਕਹਿਣ ਲੱਗਾ, ‘‘ਓ ਭਰਾਵਾ! ਰੁਕੀਂ ਜ਼ਰਾ, ਜਾਂਦੇ ਜਾਂਦੇ ਪਹਿਲਾਂ ਆਹ ਕੰਮ ਵੀ ਨਿਬੇੜ ਲਈਏ।’’
ਇਹ ਆਖਦਿਆਂ ਸੁਖਦੇਵ ਨੇ ਆਪਣੇ ਖੀਸੇ ਵਿੱਚੋਂ ਇੱਕ ਪਾਲੀਥੀਨ ਦਾ ਲਿਫ਼ਾਫ਼ਾ ਕੱਢਿਆ ਤੇ ਉਸ ਵਿੱਚ ਪਾਈ ਦੋ ਕੁ ਮੁੱਠਾਂ ਤਿਲਚੌਲੀ ਸੜਕ ਕਿਨਾਰੇ ਕੀੜਿਆਂ ਦੇ ਭੌਣ ਉੱਪਰ ਖਿਲਾਰ ਦਿੱਤੀ। ਅਜਿਹਾ ਕਰ ਉਹ ਆਪਣੇ ਚਿਹਰੇ ’ਤੇ ਮੁਸਕਾਨ ਲਿਆਉਂਦਿਆਂ ਬੋਲਿਆ, ‘‘ਯਾਰ, ਪੁੰਨ ਦਾ ਕੰਮ ਵੀ ਕਰ ਲੈਣਾ ਚਾਹੀਦਾ ਕਦੇ ਕਦੇ। ਲਾਗੇ ਖੇਤ ਤਾਂ ਹੁਣ ਰਹੇ ਨਹੀਂ। ਇਨ੍ਹਾਂ ਵਿਚਾਰਿਆਂ ਕਿੱਥੇ ਜਾਣਾ ਤਿਲ-ਫੁੱਲ ਚੁਗਣ।’’
ਸੱਚਮੁੱਚ ਕਦੇ ਹਰੇ ਭਰੇ ਖੇਤਾਂ ਵਾਲੀ ਇਹ ਜ਼ਮੀਨ ਦੂਰ ਤੱਕ ਪਲਾਟਾਂ ਵਿੱਚ ਕੱਟੀ ਜਾ ਚੁੱਕੀ ਸੀ। ਸੁਰਜੀਤ ਅਤੇ ਸੁਖਦੇਵ ਦੋਵੇਂ ਇੱਕ ਟੱਕ ਕੀੜਿਆਂ ਦੇ ਭੌਣ ਵੱਲ ਝਾਕਣ ਲੱਗੇ। ਭੌਣ ਦੁਆਲੇ ਪਹਿਲਾਂ ਹੀ ਹੋਰ ਲੋਕਾਂ ਦੁਆਰਾ ਕਾਫ਼ੀ ਨਿੱਕ-ਸੁੱਕ ਖਿਲਾਰਿਆ ਪਿਆ ਸੀ। ਸੁਸਤ ਜਿਹੇ ਜਾਪਦੇ ਕੀੜੇ ਆਪਣੀ ਪਸੰਦ ਦਾ ਕੋਈ ਦਾਣਾ ਚੁੱਕ ਖੁੱਡ ਵੱਲ ਹੌਲੀ ਹੌਲੀ ਜਾ ਰਹੇ ਸਨ। ਨਾਲ ਹੀ ਪੱਕੀ ਸੜਕ ਸੀ ਤੇ ਉਨ੍ਹਾਂ ਦੇ ਕੁਝ ਸਾਥੀ ਲੰਘਦੇ ਵਾਹਨਾਂ ਹੇਠ ਆ ਤੜਫ਼ਦੇ ਪਏ ਸਨ। ਸੁਰਜੀਤ ਇਹ ਸਭ ਵੇਖ ਕੇ ਕਿਸੇ ਡੂੰਘੀ ਸੋਚ ਵਿੱਚ ਜਾ ਡੁੱਬਿਆ। ਆਪਣੇ ਚਿਹਰੇ ਉੱਤੇ ਉਦਾਸੀ ਦੇ ਭਾਵ ਲਿਆਉਂਦਿਆਂ ਉਸ ਨੇ ਸੁਖਦੇਵ ਨੂੰ ਕਿਹਾ, ‘‘ਭਰਾਵਾ! ਇਹ ਪੁੰਨ ਦਾ ਨਹੀਂ, ਚੰਗੇ ਭਲੇ ਕਾਮਿਆਂ ਨੂੰ ਨਿਕੰਮੇ ਬਣਾਉਣ ਵਾਲਾ ਕੰਮ ਆ।’’
‘‘ਉਹ ਕਿਵੇਂ?’’ ਹੈਰਾਨ ਹੁੰਦਿਆਂ ਸੁਖਦੇਵ ਨੇ ਸੁਰਜੀਤ ਨੂੰ ਪੁੱਛਿਆ ਤਾਂ ਸੁਰਜੀਤ ਨੇ ਬੜੀ ਗੰਭੀਰਤਾ ਨਾਲ ਉੱਤਰ ਦਿੱਤਾ, ‘‘ਇਹ ਅਣਥੱਕ ਕਾਮੇ ਆਪਣੇ ਭਾਰ ਨਾਲੋਂ ਕਈ ਗੁਣਾ ਜ਼ਿਆਦਾ ਭਾਰ ਲੈ ਬੜੀ ਦੂਰੋਂ ਦੂਰੋਂ ਦਾਣੇ ਇਕੱਠੇ ਕਰਨ ਦਾ ਗੁਣ ਰੱਖਦੇ ਹਨ। ਯੁੱਗਾਂ ਤੋਂ ਇਨ੍ਹਾਂ ਦਾ ਇਹੀ ਸੁਭਾਅ ਰਿਹਾ ਹੈ। ਹੁਣ ਜਦੋਂ ਇਨ੍ਹਾਂ ਦੀ ਖੁੱਡ ਦੇ ਬਾਹਰ ਹੀ ਸਭ ਕੁਝ ਪਿਆ ਤਾਂ ਇਨ੍ਹਾਂ ਦੂਰ ਜਾ ਕੇ ਕੀ ਕਰਨਾ ਹੈ। ਦੇਖ ਲੈ ਕਿ ਲਗਾਤਾਰ ਵਿਹਲੇ ਰਹਿਣ ਕਾਰਨ ਇਨ੍ਹਾਂ ਦੀ ਚੁਸਤੀ ਵੀ ਜਾਂਦੀ ਰਹੀ ਤੇ ਇਹ ਗੱਡੀਆਂ ਹੇਠਾਂ ਆ ਮਰ ਰਹੇ ਹਨ। ਜੇ ਤੇਰੇ ਵਰਗਿਆਂ ਨੇ ਇਨ੍ਹਾਂ ਨੂੰ ਵਿਹਲੜ ਅਤੇ ਨਿਕੰਮੇ ਨਾ ਬਣਾਇਆ ਹੁੰਦਾ ਤਾਂ ਇਹ ਵੀ ਕਦੋਂ ਦੇ ਇੱਥੋਂ ਦੂਰ ਕਿਸੇ ਹੋਰ ਖੇਤ ਵਿੱਚ ਆਪਣਾ ਨਵਾਂ ਟਿਕਾਣਾ ਬਣਾ ਲੈਂਦੇ।’’ ਸੁਰਜੀਤ ਕੋਲੋਂ ਇਹ ਸਭ ਸੁਣ ਸੁਖਦੇਵ ਛਿੱਥਾ ਪੈ ਗਿਆ। ਸੁਰਜੀਤ ਨੇ ਆਪਣੀ ਗੱਲ ਸਿਰੇ ’ਤੇ ਲਿਆਂਦੀ, ‘‘ਜਿਵੇਂ ਅਜੋਕੀਆਂ ਸਰਕਾਰਾਂ ਨੇ ਵੋਟਾਂ ਦੀ ਖਾਤਰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਲੋਕ ਨਿਕੰਮੇ ਕਰ ਦਿੱਤੇ ਇਉਂ ਹੀ ਤੇਰੇ ਵਰਗਿਆਂ ਇਹ ਅਣਥੱਕ ਕਾਮੇ ਵੀ ਨਿਕੰਮੇ ਤੇ ਅਪਾਹਜ ਬਣਾ ਦਿੱਤੇ।’’ ਸੁਖਦੇਵ ਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ, ਮਾਨੋ ਉਸ ਦੇ ਸਿਰ ਸੱਤ ਘੜੇ ਪਾਣੀ ਪੈ ਗਿਆ ਹੋਵੇ।
ਸੰਪਰਕ: 98550-24495