ਰੋਟਰੀ ਕਲੱਬ ਨੇ ਡਾਇਗਨੋਸਟਿਕ ਸੈਂਟਰ ਖੋਲ੍ਹਿਆ
ਪੱਤਰ ਪ੍ਰੇਰਕ
ਮਾਨਸਾ, 18 ਨਵੰਬਰ
ਰੋਟਰੀ ਫ਼ਾਊਂਡੇਸ਼ਨ ਸੰਸਾਰ ਭਰ ਵਿੱਚ ਵੱਖ-ਵੱਖ ਪ੍ਰਾਜੈਕਟਾਂ ਸਿਹਤ, ਸਿੱਖਿਆ, ਵਾਤਾਵਰਨ, ਸ਼ੁੱਧ ਪਾਣੀ ਅਤੇ ਸੈਨੀਟੇਸ਼ਨ 7 ਫੋਕਸ ਏਰੀਆ ਵਿੱਚ ਗ੍ਰਾਂਟਾਂ ਵੰਡਣ ਤਹਿਤ ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਇੱਥੇ 28 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਰੋਟਰੀ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਦੀ ਕਮਿਊਨਿਟੀ ਵੈੱਲਫੇਅਰ ਸੁਸਾਇਟੀ ਨੂੰ ਸਮਰਪਿਤ ਕੀਤਾ ਗਿਆ। ਇਸ ਸੈਂਟਰ ਦਾ ਉਦਘਾਟਨ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੀ ਮੌਜੂਦ ਸਨ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਡਿਜ਼ਟਿਲ ਐਕਸ-ਰੇਅ ਅਤੇ ਫਿਜੀਓਥੈਰੇਪੀ ਲੋੜਵੰਦ ਮਰੀਜ਼ਾਂ ਘੱਟ ਰੇਟਾਂ ’ਤੇ ਕੀਤੀ ਜਾਵੇਗੀ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਰੋਟਰੀ ਕਲੱਬ ਮਾਨਸਾ ਰੋਇਲ ਦੀ ਪ੍ਰਸ਼ੰਸਾ ਕਰਦਿਆਂ ਇਸ ਪ੍ਰਾਜੈਕਟ ਨੂੰ ਚਲਾਉਣ ਲਈ ਹਰ ਮਹੀਨੇ ਪੰਜ ਹਜ਼ਾਰ ਰੁਪਏ ਸਹਾਇਤਾ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰੇਮ ਅੱਗਰਵਾਲ, ਜਗਦੀਸ਼ ਰਾਏ, ਘਨਸ਼ਿਆਮ ਕਾਂਸਲ, ਪ੍ਰਿੰਸੀਪਲ ਰਾਮ ਕ੍ਰਿਸ਼ਨ ਚੁੱਘ, ਰਮੇਸ਼ ਜਿੰਦਲ ਤੇ ਜਗਦੀਸ਼ ਜੋਗਾ ਵੀ ਮੌਜੂਦ ਸਨ।