ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਸ਼ਨ ਮੀਨਾਰ ਡਾ. ਜਗਤਾਰ

07:06 AM Oct 06, 2024 IST

ਬੂਟਾ ਸਿੰਘ ਚੌਹਾਨ

Advertisement

ਮੈਂ ਜਦੋਂ ਕਦੇ ਜਲੰਧਰ ਜਾਂਦਾ ਹਾਂ ਜਾਂ ਕਦੇ ਦੋਸਤਾਂ-ਮਿੱਤਰਾਂ ’ਚ ਡਾ. ਜਗਤਾਰ ਦੇ ਕਿਸੇ ਸ਼ਿਅਰ ਦੀ ਗੱਲ ਚਲਦੀ ਹੈ ਜਾਂ ਕਦੇ-ਕਦੇ ਸਿਰ੍ਹਾਣੇ ਪਈ ਉਸ ਦੀ ਕੋਈ ਕਿਤਾਬ ਖੋਲ੍ਹੀਦੀ ਹੈ ਤਾਂ ਉਸ ਦੀ ਬੜੀ ਯਾਦ ਆਉਂਦੀ ਹੈ। ਮੈਨੂੰ ਉਸ ਦੇ ਮਨ ਦੇ ਨੇੜੇ ਰਹਿਣ ਦਾ ਮੌਕਾ ਨਹੀਂ ਮਿਲਿਆ, ਪਰ ਡਾ. ਜਗਤਾਰ ਆਪਣੀ ਸ਼ਾਇਰੀ ਦੇ ਜ਼ਰੀਏ ਹੋਰਾਂ ਹਜ਼ਾਰਾਂ ਪ੍ਰਸ਼ੰਸਕਾਂ ਵਾਂਗ ਮੇਰੇ ਮਨ ਦੇ ਵੀ ਨੇੜੇ ਰਹਿੰਦਾ ਹੈ। ਉਸ ਦੇ ਨੇੜੇ ਰਹਿਣ ਵਾਲੇ ਲੋਕ ਕਿੰਨੇ ਖ਼ੁਸ਼ਕਿਸਮਤ ਹੋਣਗੇ, ਜਿਨ੍ਹਾਂ ਨੂੰ ਨਿਰੰਤਰ ਉਸ ਦੀ ਨੇੜਤਾ ਮਾਣਨ ਦਾ ਮੌਕਾ ਮਿਲਿਆ। ਇਹ ਸੋਚਣ ਵੇਲ਼ੇ ਮੈਨੂੰ ਉਰਦੂ ਦੇ ਇੱਕ ਸ਼ਾਇਰ ਦਾ ਇਹ ਸ਼ਿਅਰ ਯਾਦ ਆ ਜਾਂਦਾ ਹੈ:
ਸ਼ਾਮਿਲ ਹੈਂ ਜਿਸ ਮੇਂ ਯੇ ਤੇਰੀ ਮੁਸਕਰਾਹਟੇਂ
ਵੋਹ ਕਿਸੀ ਕੀ ਜ਼ਿੰਦਗੀ ਜੰਨਤ ਸੇ ਕਮ ਨਹੀਂ
ਰਾਮ ਸਰੂਪ ਅਣਖੀ ਰਾਹੀਂ 1991 ’ਚ ਮੈਂ ਆਪਣੇ ਗ਼ਜ਼ਲ ਸੰਗ੍ਰਹਿ ‘ਸਿਰ ਜੋਗੀ ਛਾਂ’ ਦਾ ਖਰੜਾ ਡਾ. ਜਗਤਾਰ ਕੋਲ ਮੁੱਖਬੰਦ ਲਿਖਣ ਲਈ ਭੇਜਿਆ ਸੀ। ਜਦੋਂ ਖਰੜਾ ਮੁੜ ਕੇ ਆਇਆ, ਉਸ ਦੇ ਹੇਠਾਂ ਲਿਖਣ ਸਥਾਨ ਮਨਾਲੀ ਲਿਖਿਆ ਹੋਇਆ ਸੀ ਤੇ ਡਾ. ਜਗਤਾਰ ਦੀ ਥਾਂ ’ਤੇ ਇਕੱਲਾ ਜਗਤਾਰ ਲਿਖਿਆ ਸੀ। ਮੈਨੂੰ ਅਣਖੀ ਨੇ ਕਿਹਾ ਸੀ ਕਿ ਉਸ ਨੇ ਜੋ ਕੁਝ ਲਿਖ ਕੇ ਭੇਜਿਆ ਹੈ, ਛੇੜਾਂ ਨਾ; ਉਹ ਬੁਰਾ ਮਨਾਵੇਗਾ।
ਮੈਂ ਉਵੇਂ ਕੀਤਾ। ਕਿਤਾਬ ਛਪ ਗਈ। ਦੇਸ਼ਭਗਤ ਯਾਦਗਾਰ ਹਾਲ, ਜਲੰਧਰ ’ਚ ਇੱਕ ਸਮਾਗਮ ਦੌਰਾਨ ਉਸ ਨੂੰ ਪੁਸਤਕ ਦਿੱਤੀ। ਅਣਖੀ ਦੀ ਗੱਲ ਠੀਕ ਨਿਕਲੀ। ਸਭ ਤੋਂ ਪਹਿਲਾਂ ਉਸ ਨੇ ਮੁੱਖਬੰਦ ਦੇ ਅਖ਼ੀਰਲੇ ਸਫ਼ੇ ’ਤੇ ਨਿਗ੍ਹਾ ਮਾਰੀ।
ਡਾ. ਜਗਤਾਰ ਘੁਮੱਕੜ ਸੀ। ਅਕਸਰ ਅਣਜਾਣੇ ਰਾਹਾਂ ’ਤੇ ਤੁਰਿਆ ਰਹਿੰਦਾ। ਉਸ ਦੇ ਮਨ ਵਿਚਲਾ ਸੁੰਨਾਪਣ ਉਸ ਨੂੰ ਦੂਰ-ਨੇੜੇ ਲਈ ਫਿਰਦਾ। ਆਪਣੇ ਜੀਵਨ ’ਚ ਉਸ ਨੇ ਅਣਗਿਣਤ ਕਿਲ੍ਹੇ ਵੇਖੇ। ਅਣਗਿਣਤ ਪਹਾੜ। ਪੰਜਾਬੀ ਦੇ ਸਾਰੇ ਲੇਖਕਾਂ ’ਚੋਂ ਉਹ ਪਹਿਲਾ ਲੇਖਕ ਸੀ, ਜਿਸ ਦਾ ਜਨਮ ਭਾਵੇਂ ਪਾਕਿਸਤਾਨ ’ਚ ਨਹੀਂ ਸੀ ਹੋਇਆ ਪਰ ਉਸ ਦੀਆਂ ਬਹੁਤੀਆਂ ਦੋਸਤੀਆਂ ਪਾਕਿਸਤਾਨ ’ਚ ਸਨ। ਵਸਦਾ ਇੱਧਰ ਸੀ, ਆਤਮਾ ਉੱਧਰ ਸੀ। ਇਸ ਦਾ ਇੱਕ ਕਾਰਨ ਉਸ ਦਾ ਉਰਦੂ, ਫ਼ਾਰਸੀ ਅਤੇ ਅਰਬੀ ਦਾ ਗਿਆਤਾ ਹੋਣਾ ਸੀ। ਪੜ੍ਹਨਾ ਤੇ ਲਿਖਣਾ ਉਸ ਦੇ ਜੀਵਨ ਦਾ ਅੰਗ ਸੀ। ਉਸ ਨੂੰ ਪਤਾ ਸੀ ਕਿ ਉਰਦੂ ਦੇ ਜਿਹੜੇ ਸ਼ਾਇਰ ਮਕਬੂਲ ਨੇ, ਉਨ੍ਹਾਂ ਉੱਪਰ ਕਿਸ-ਕਿਸ ਸ਼ਾਇਰ ਦਾ ਪ੍ਰਭਾਵ ਸੀ। ਉਨ੍ਹਾਂ ਸ਼ਾਇਰਾਂ ਬਾਰੇ ਵੀ ਪਤਾ ਸੀ, ਜਿਨ੍ਹਾਂ ਨੇ ਬਹੁਤ ਘੱਟ ਲਿਖਿਆ, ਬਹੁਤ ਚੰਗਾ ਲਿਖਿਆ ਪਰ ਸ਼ਾਇਰਾਂ ਦੀ ਤਿਕੜਮਬਾਜ਼ੀ ਨੇ ਉਨ੍ਹਾਂ ਦੀ ਪਛਾਣ ਗੂੜ੍ਹੀ ਨਾ ਹੋਣ ਦਿੱਤੀ। ਉਹ ਇੱਥੋਂ ਤੱਕ ਵੀ ਦੱਸਣ ’ਚ ਗੁਰੇਜ਼ ਨਹੀਂ ਸੀ ਕਰਦਾ ਕਿ ਉਸ ਦੀ ਆਪਣੀ ਸ਼ਾਇਰੀ ਉੱਪਰ ਕਿਸ ਦਾ ਪ੍ਰਭਾਵ ਹੈ। ਮੇਰਾ ਖ਼ਿਆਲ ਹੈ ਕਿ ਜੇ ਕਿਤੇ ਉਸ ਨੂੰ ਪਾਕਿਸਤਾਨ ’ਚ ਰਹਿਣ ਦੀ ਖੁੱਲ੍ਹ ਮਿਲ ਜਾਂਦੀ ਤਾਂ ਉਹ ਵਸਣ ਲਈ ਉੱਧਰ ਚਲਾ ਜਾਂਦਾ।
ਮਾਛੀਵਾੜੇ ’ਚ ਹੋਈ ਮਿਲਣੀ ਸਾਡੀ ਸਭ ਤੋਂ ਲੰਮੀ ਮੁਲਾਕਾਤ ਸੀ। ਹਰਬੰਸ ਮਾਛੀਵਾੜੇ ਦੀ ਸਾਹਿਤ ਸਭਾ ਨੇ ਉੱਥੇ ਸਾਲਾਨਾ ਸਮਾਗਮ ਕਰਵਾਇਆ ਸੀ। ਸਰਕਾਰੀ ਸਕੂਲ ’ਚ ਹੋਇਆ ਸੀ ਇਹ ਪ੍ਰੋਗਰਾਮ। ਇਲਾਕੇ ਦੇ ਬਹੁਤ ਲੇਖਕ ਆਏ ਸਨ। ਦੋ ਸੌ ਦੇ ਕਰੀਬ ਹੋਣਗੇ। ਸ਼ਾਮ ਨੂੰ ਸਾਰੇ ਚਲੇ ਗਏ। ਅਸੀਂ ਦਸ-ਪੰਦਰਾਂ ਜਣੇ ਰਹਿ ਗਏ, ਜਿਹੜੇ ਦੂਰੋਂ ਆਏ ਸੀ। ਹਰਬੰਸ ਦੇ ਘਰ ਅਸੀਂ ਰਾਤ ਰਹੇ। ਕੋਠੇ ’ਤੇ ਸੁੱਤੇ ਸੀ। ਇੱਕ ਲੇਖਕ ਸਾਡੇ ਨਾਲ ਹੋਰ ਸੀ। ਉਸ ਨੇ ਕੋਈ ਗੱਲ ਨਹੀਂ ਕੀਤੀ। ਰੋਟੀ ਖਾਣ ਸਾਰ ਸੌਂ ਗਿਆ ਸੀ।
ਡਾ. ਜਗਤਾਰ ਮੈਨੂੰ ਕਹਿਣ ਲੱਗਾ, ‘‘ਚੌਹਾਨ! ਸੌਨਾਂ ਕਿੰਨਾ ਕੁ ਹੁੰਨੈ?’’
ਮੈਂ ਕਿਹਾ, ‘‘ਕੋਈ ਨਿਸ਼ਚਿਤ ਨਹੀਂ।’’
‘‘ਮੈਨੂੰ ਯਾਰ! ਨੀਂਦ ਬਹੁਤ ਘੱਟ ਆਉਂਦੀ ਐ। ਗੱਲਾਂ ਕਰੀ ਚੱਲ ਮੇਰੇ ਨਾਲ।’’
ਮੈਂ ਕਿਹਾ, ‘‘ਨੀਂਦ ਕਿਉਂ ਨਹੀਂ ਆਉਂਦੀ?’’
‘‘ਬੱਸ ਵੈਸੇ ਹੀ। ਮੈਨੂੰ ਨੀਂਦ ਬਹੁਤ ਘੱਟ ਆਉਂਦੀ ਐ।’’
ਮੈਨੂੰ ਸੁਣ ਕੇ ਹੈਰਾਨੀ ਹੋਈ। ਉਸ ਵੇਲ਼ੇ ਉਸ ਨੇ ਬੜੀਆਂ ਗੱਲਾਂ ਕੀਤੀਆਂ। ਮੈਨੂੰ ਮਾਲਵੇ ਦੇ ਸ਼ਬਦਾਂ ਬਾਰੇ ਪੁੱਛਦਾ ਰਿਹਾ। ਮੈਂ ਉਸ ਨੂੰ ਕਈ ਸ਼ਬਦ ਦੱਸੇ, ਜਿਹੜੇ ਮਰ ਚੁੱਕੇ ਸੀ। ਇੱਕ ਸ਼ਬਦ ਮੈਂ ਦੱਸਿਆ ‘ਗੁਣੇ ਭੰਨ’। ਉਹ ਕਹਿਣ ਲੱਗਾ ਕਿ ਇਹਦਾ ਵਿਸਥਾਰ ਦੱਸ।
ਮੈਂ ਦੱਸਿਆ ਕਿ ਸਾਡੇ ਪਿੰਡ ਇੱਕ ਜੱਟ ਸੀ। ਉਸ ਦੇ ਦੋ ਮੁੰਡੇ ਸਨ। ਦੋਵੇਂ ਵਿਆਹੇ ਗਏ। ਇਸੇ ਦੌਰਾਨ ਉਸ ਦੇ ਆਪਣੇ ਇੱਕ ਹੋਰ ਮੁੰਡਾ ਹੋ ਗਿਆ। ਜ਼ਮੀਨ ਫੇਰ ਵੰਡਣੀ ਪਈ। ਲੋਕ ਪਿੱਛੋਂ ਜੰਮੇ ਮੁੰਡੇ ਦਾ ਨਾਂ ਲੈਣ ਦੀ ਬਜਾਏ ਉਸ ਨੂੰ ‘ਗੁਣੇ ਭੰਨ’ ਕਹਿੰਦੇ ਰਹੇ। ਇਸੇ ਤਰ੍ਹਾਂ ਹੋਰ ਕਈ ਸ਼ਬਦ। ਉਸ ਨੇ ਮੈਨੂੰ ਸੁਝਾਅ ਦਿੱਤਾ ਕਿ ਇਹ ਸਭਿਆਚਾਰਕ ਕੰਮ ਹੈ, ਤੈਨੂੰ ਇਹ ਵੀ ਕਰਨਾ ਚਾਹੀਦਾ ਹੈ।
ਫਿਰ ਉਹ ਦੱਸਣ ਲੱਗਾ, ‘‘ਮੈਂ ਇੱਕ ਵਾਰ ਅਮਰੀਕਾ ਗਿਆ। ਉੱਥੇ ਤੈਨੂੰ ਪਤੈ ਹੋਣੈ ਇੱਕ ਰਿਵਾਜ਼ ਐ। ਜਦੋਂ ਕੋਈ ਇੱਧਰਲਾ ਲੇਖਕ ਜਾਂਦੈ, ਉਹਦੇ ਲਈ ਸਹਾਇਤਾ ਇਕੱਠੀ ਕਰਨ ਵਾਸਤੇ ਇੱਕ ਡੱਬਾ ਤੋਰਿਆ ਜਾਂਦੈ। ਉਹ ਡੱਬਾ ਜਿੱਥੇ-ਜਿੱਥੇ ਪੰਜਾਬੀ ਦੇ ਲੇਖਕ ਰਹਿੰਦੇ ਨੇ, ਉੱਥੇ ਹੱਥੋ-ਹੱਥੀ ਜਾਂਦੈ। ਲੋਕ ਉਸ ’ਚ ਜਿੰਨੇ ਪੈਸੇ ਜੀਅ ਕਰਦੈ ਪਾ ਦਿੰਦੇ ਨੇ। ਡੱਬੇ ’ਤੇ ਪੰਜਾਬ ’ਚੋਂ ਗਏ ਲੇਖਕ ਦਾ ਨਾਂ ਵੀ ਲਿਖਿਆ ਹੁੰਦੈ ਪਰ ਮੈਂ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਚਿੱਠੀ ਲਿਖੀ ਕਿ ਮੈਂ ਇਕ ਸ਼ਰਤ ’ਤੇ ਆ ਸਕਦਾਂ, ਮੇਰੇ ਆਉਣ ’ਤੇ ਡੱਬਾ ਨ੍ਹੀਂ ਭੇਜਣਾ ਕਿਤੇ।’’
ਜਦੋਂ ਕਦੇ ਮੈਂ ਉਸ ਬਾਰੇ ਸੁਣੇ-ਪੜ੍ਹੇ ’ਤੇ ਨਿਗ੍ਹਾ ਮਾਰਦਾ ਹਾਂ, ਮੈਨੂੰ ਉਸ ਦਾ ਇਹ ਸ਼ਿਅਰ ਯਾਦ ਆਉਂਦਾ ਹੈ:
ਜੇ ਬਣ ਕੇ ਬਿਰਖ਼ ਤੂੰ ਉੱਗੀ
ਤਾਂ ਤੈਥੋਂ ਜਰ ਨਹੀਂ ਹੋਣਾ
ਜਾ ਬਿਜੜਾ ਬਣ ਕੇ ਤੇਰੀ
ਹਰ ਲਗਰ ’ਤੇ ਘਰ ਬਣਾਵਾਂਗਾ
ਉਕਤ ਸ਼ਿਅਰ ’ਚ ਬਿਜੜਾ ਸ਼ਬਦ ਆਉਂਦਾ ਹੈ। ਬਿਜੜੇ ਨੂੰ ਅਸੀਂ ਇੱਕ ਸ਼ਿਲਪਕਾਰ ਪੰਛੀ ਦੇ ਤੌਰ ’ਤੇ ਜਾਣਦੇ ਹਾਂ, ਪਰ ਇਸ ਦਾ ਜਾਤੀ ਖ਼ਾਸਾ ਜਾਗੀਰਦਾਰਾਂ ਵਰਗਾ ਹੈ। ਜਾਗੀਰਦਾਰ ਲੋਕ ਇੱਕ ਤੋਂ ਵੱਧ ਵਿਆਹ ਕਰਵਾਉਣ ਦੇ ਆਦੀ ਹੁੰਦੇ ਨੇ। ਇਸ ਤੋਂ ਇਲਾਵਾ ਇਨ੍ਹਾਂ ਦਾ ਧਰਤੀ ’ਤੇ ਆਉਣ ਦਾ ਮਕਸਦ ਹੀ ਖਾਣਾ-ਪੀਣਾ ਅਤੇ ਐਸ਼-ਪ੍ਰਸਤੀ ਕਰਨਾ ਹੁੰਦਾ ਹੈ, ਪਰ ਇਸ ਸ਼ਿਅਰ ਵਿਚਲੇ ‘ਬਿਜੜੇ’ ਸ਼ਬਦ ’ਚੋਂ ਸਿਰਫ਼ ਸ਼ਿਲਪਕਾਰ ਦੇ ਤੌਰ ’ਤੇ ਡਾ. ਜਗਤਾਰ ਵੀ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ। ਇੱਕ ਤਾਂ ਇਹ ਕਿ ਉਸ ਦੇ ਸ਼ਿਅਰਾਂ ਦੀ ਸ਼ਿਲਪਕਾਰੀ ਬਿਜੜੇ ਦੇ ਬੁਣੇ ਆਲ੍ਹਣੇ ਵਾਂਗ ਬੁਣੀ ਹੁੰਦੀ ਸੀ। ਇੱਕ ਸ਼ਬਦ ਵੀ ਤੁਸੀਂ ਇੱਧਰ-ਉੱਧਰ ਨਹੀਂ ਕਰ ਸਕਦੇ। ਇਸ ਸ਼ਿਅਰ ਦੀ ਇੱਕ ਪਰਤ ਇਹ ਵੀ ਹੈ ਕਿ ਜਿਸ ਨੂੰ ਮੈਂ ਚਾਹਿਆ ਸੀ, ਉਸ ਨੇ ਮੈਨੂੰ ਨਹੀਂ ਚਾਹਿਆ ਪਰ ਮੇਰਾ ਜਨੂੰਨ ਉਸ ਨੂੰ ਲੱਭਣਾ ਹੈ। ਉਸ ਦੀ ਨਾਂਹ ਨੂੰ ਹਾਂ ਵਿੱਚ ਬਦਲਣਾ ਹੈ। ਇਸੇ ਕਰਕੇ ਉਸ ਨੇ ਆਪਣੀ ਹਠ ਨੂੰ ਰੁੱਖ ਅਤੇ ਬਿਜੜੇ ਦਾ ਸੰਕਲਪ ਬਣਾ ਕੇ ਪੇਸ਼ ਕੀਤਾ ਹੈ, ਪਰ ਨਾਲ-ਨਾਲ ਉਸ ਦੇ ਜੀਵਨ ਦੇ ਕਿਰਦਾਰ ਦਾ ਕੁਝ ਹਿੱਸਾ ਵੀ ਆ ਗਿਆ ਹੈ।
ਬਿਜੜੇ ਬਾਰੇ ਆਖਿਆ ਜਾਂਦਾ ਹੈ ਕਿ ਜਿਸ ਦਰਖ਼ਤ ਉੱਪਰ ਬਿਜੜੇ ਦੇ ਆਲ੍ਹਣੇ ਹੁੰਦੇ ਨੇ, ਉਹ ਕਈ ਬਿਜੜਿਆਂ ਦੇ ਨਹੀਂ ਹੁੰਦੇ ਸਗੋਂ ਇੱਕੋ ਬਿਜੜੇ ਦੇ ਹੁੰਦੇ ਨੇ। ਜਦੋਂ ਸਰਕੰਡਿਆਂ ਦੀ ਰੁੱਤ ਆਉਂਦੀ ਹੈ ਅਤੇ ਸੰਤਾਨ ਪੈਦਾ ਕਰਨ ਦੇ ਦਿਨ ਆਉਂਦੇ ਨੇ, ਉਦੋਂ ਬਿਜੜਾ ਦਰੱਖ਼ਤ ’ਤੇ ਆਲ੍ਹਣੇ ’ਚ ਬੈਠਣ ਵਾਲੀ ਡੰਡੀ ਬਣਾਉਂਦਾ ਹੈ। ਉਸ ਉੱਤੇ ਬਿਜੜਾ ਮਾਦਾ ਆ ਕੇ ਹੱਕ ਜਤਾਉਂਦੀ ਹੈ। ਮਤਲਬ ਕਿ ਇਜ਼ਹਾਰ ਕਰ ਦਿੰਦੀ ਹੈ ਕਿ ਮੈਂ ਉਸ ਨੂੰ ਪ੍ਰਣਾਉਣ ਲਈ ਤਿਆਰ ਹਾਂ। ਉਸ ਆਲ੍ਹਣੇ ਨੂੰ ਬਿਜੜਾ ਪੂਰਾ ਕਰਦਾ ਹੈ। ਇਸੇ ਤਰ੍ਹਾਂ ਜਿੰਨੇ ਆਲ੍ਹਣੇ ਕੋਈ ਬਿਜੜਾ ਬਣਾਉਂਦਾ ਹੈ, ਓਨੀਆਂ ਬਿਜੜਾ ਮਾਦਾਵਾਂ ਉਸ ਦੇ ਹਿੱਸੇ ਆਉਂਦੀਆਂ ਨੇ।
ਡਾ. ਜਗਤਾਰ ਭਾਵੇਂ ਇਸ ਰੁਚੀ ਦਾ ਮਾਲਕ ਨਹੀਂ ਸੀ, ਪਰ ਉਸ ਦਾ ਪਰਿਵਾਰਕ ਪਿਛੋਕੜ ਜਾਗੀਰਦਾਰੀ ਸੀ। ਇਸੇ ਲਈ ਉਸ ਦੀ ਜ਼ਿੱਦ ਸੀ ਕਿ ਉਸ ਨੇ ਜ਼ਮੀਨ ਦੇ ਕਿਸੇ ਵੀ ਮੁਕੱਦਮੇ ’ਚ ਸਮਝੌਤਾ ਨਹੀਂ ਕਰਨਾ। ਖ਼ਾਨਦਾਨ ਦੇ ਵਧੇ ਪਸਾਰੇ ਨਾਲ ਉਸ ਦੇ ਲਗਾਤਾਰ ਮੁਕੱਦਮੇ ਚਲਦੇ ਰਹੇ। ਇਨ੍ਹਾਂ ਮੁਕੱਦਮਿਆਂ ਕਾਰਨ ਹੀ ਉਸ ਨੂੰ ਰਿਵਾਲਵਰ ਲੈਣਾ ਪਿਆ। ਕਈ ਬੰਦੂਕਾਂ ਵੀ ਖ਼ਰੀਦੀਆਂ ਪਰ ਸਾਹ ਛੱਡ ਦਿੱਤੇ, ਹਿੰਡ ਨਹੀਂ ਛੱਡੀ। ਉਸ ਕੋਲ ਜ਼ਮੀਨ ਵੀ ਸੀ ਤੇ ਪੈਸਾ ਵੀ, ਪਰ ਉਸ ਦੀਆਂ ਗੱਲਾਂ ’ਚ ਇਹ ਜ਼ਿਕਰ ਕਦੇ ਨਹੀਂ ਸੀ ਆਉਂਦਾ। ਸਾਹਿਤਕ ਗੱਲਾਂ ਤੋਂ ਬਿਨਾਂ ਉਹ ਕੋਈ ਗੱਲ ਨਹੀਂ ਸੀ ਕਰਦਾ। ਉੱਚ-ਪਾਏ ਦੇ ਸ਼ਿਅਰ ਸੁਣਾਉਣੇ ਉਸ ਦਾ ਸੁਭਾਅ ਸੀ। ਉਸ ਦੇ ਸ਼ਿਅਰ ਸੁਣਨ ਵਾਲੇ ਆਪਣੇ ਮਨ ’ਚ ਇਹ ਚਿਤਵਦੇ ਸਨ ਕਿ ਉਨ੍ਹਾਂ ਨੇ ਜੇ ਲਿਖਣਾ ਹੈ ਤਾਂ ਅਜਿਹਾ ਲਿਖਣਾ ਚਾਹੀਦਾ ਹੈ। ਅਸਲ ’ਚ ਗੱਲ ਹੀ ਇਹ ਸੀ ਕਿ ਉਹ ਨਵੇਂ ਸ਼ਾਇਰਾਂ ਦੀ ਸ਼ਾਇਰੀ ਨੂੰ ਸਿੱਧੇ ਤੌਰ ’ਤੇ ਨਹੀਂ ਸੀ ਨਕਾਰਦਾ ਸਗੋਂ ਉੱਚ-ਪਾਏ ਦੇ ਸ਼ਿਅਰ ਸੁਣਾ ਕੇ ਉਨ੍ਹਾਂ ਨੂੰ ਅੰਦਰ ਝਾਤੀ ਮਰਵਾਉਂਦਾ ਸੀ।
ਉਸ ਨੇ ਮੇਰੇ ਗ਼ਜ਼ਲ ਸੰਗ੍ਰਹਿ ‘ਸਿਰ ਜੋਗੀ ਛਾਂ’ ਦਾ ਮੁੱਖਬੰਦ ਲਿਖਿਆ ਤਾਂ ਮੇਰੇ ਲਈ ਉਹ ਸ਼ੀਸ਼ਾ ਸੀ। ਉਸ ਦੀ ਲਿਖੀ ਹੋਈ ਇੱਕ ਸਤਰ ਨੇ ਮੈਨੂੰ ਬੜਾ ਝੰਜੋੜਿਆ। ਉਸ ਨੇ ਲਿਖਿਆ ਸੀ: ਬੂਟਾ ਸਿੰਘ ਚੌਹਾਨ ਦੀਆਂ ਗ਼ਜ਼ਲਾਂ ਵਿੱਚ ਬਹੁ-ਪਰਤੇ ਸ਼ਿਅਰਾਂ ਦਾ ਉੱਕਾ ਹੀ ਅਭਾਵ ਤਾਂ ਨਹੀਂ, ਪਰ ਅਜਿਹੇ ਸ਼ਿਅਰਾਂ ਦੀ ਗਿਣਤੀ ਜ਼ਿਆਦਾ ਤਸੱਲੀਬਖ਼ਸ਼ ਵੀ ਨਹੀਂ। ਉਸ ਨੇ ਸ਼ਾਇਰੀ ਦੀਆਂ ਪਰਤਾਂ ਦੀ ਗੱਲ ਕੀਤੀ ਸੀ। ਇਸ ਪਿੱਛੋਂ ਹੁਣ ਤੱਕ ਮੈਨੂੰ ਉਸ ਦਾ ਇਹ ਕਥਨ ਮਿਹਨਤ, ਹੋਰ ਮਿਹਨਤ ਕਰਨ ਲਈ ਪ੍ਰੇਰਦਾ ਰਿਹਾ ਹੈ ਅਤੇ ਸ਼ਿਅਰ ਕਹਿਣ ਦੀ ਦ੍ਰਿਸ਼ਟੀ ਵੀ ਮੈਨੂੰ ਡਾ. ਜਗਤਾਰ ਤੋਂ ਮਿਲੀ, ਜਿਸ ਨਾਲ ਮੈਂ ਚੰਗੇ-ਮਾੜੇ ਸ਼ਿਅਰ ਪਰਖਣ ਦੇ ਯੋਗ ਹੋਇਆ ਹਾਂ।
ਮੈਨੂੰ ਇੱਕ ਵਾਰ ਉਸ ਦੇ ਘਰ ਜਾਣ ਦਾ ਮੌਕਾ ਮਿਲਿਆ। ਜਲੰਧਰ ਮੈਂ ਕੁਲਦੀਪ ਸਿੰਘ ਬੇਦੀ ਕੋਲ ਠਹਿਰਿਆ ਹੋਇਆ ਸੀ। ਮੈਂ ਅਕਾਸ਼ਵਾਣੀ ਰੇਡੀਓ, ਜਲੰਧਰ ’ਤੇ ਗਿਆ ਸੀ, ਪਰ ਰਾਤ ਰਹਿ ਕੇ ਉਸ ਦਾ ਨਾਵਲ ‘ਜੇਕਰ’ ਪੜ੍ਹਨ ਦਾ ਪ੍ਰੋਗਰਾਮ ਬਣ ਗਿਆ। ਅਗਲੇ ਦਿਨ ਸ਼ਾਮ ਨੂੰ ਬੇਦੀ ਕਹਿਣ ਲੱਗਾ, ‘‘ਆ ਤੈਨੂੰ ਡਾ. ਜਗਤਾਰ ਨਾਲ ਮਿਲਾ ਕੇ ਲਿਆਵਾਂ।’’
ਅਸੀਂ ਗਏ ਤਾਂ ਆਥਣ ਹੋ ਚੁੱਕੀ ਸੀ। ਸਰਦੀ ਦੇ ਦਿਨ ਸਨ। ਇੱਕ ਤਰ੍ਹਾਂ ਦਾ ਘੁਸ-ਮੁਸਾ ਜਿਹਾ ਸੀ। ਉਹ ਕੋਠੀ ਤੋਂ ਬਾਹਰ ਖੁੱਲ੍ਹੀ ਥਾਂ ’ਚ ਬੈਠਾ ਸੀ। ਆਲੇ-ਦੁਆਲੇ ਉਸ ਦੀ ਸ਼ਾਇਰੀ ਵਿਚਲਾ ਅਜੀਬ ਸੰਨਾਟਾ ਸੀ। ਜਦੋਂ ਪਹਿਲਾਂ ਹੀ ਖੁੱਲ੍ਹੇ ਬਾਰ ਰਾਹੀਂ ਅੰਦਰ ਗਏ ਤਾਂ ਸਾਨੂੰ ਵੇਖ ਕੇ ਆਪਣੀ ਆਦਤ ਅਨੁਸਾਰ ਹਲਕਾ ਜਿਹਾ ਹੱਸਿਆ ਤੇ ਮੈਨੂੰ ਪੁੱਛਣ ਲੱਗਾ, ‘‘ਏਧਰ ਕਿੱਧਰ ਫਿਰਦੈਂ ਅੱਜ?’’
ਮੈਂ ਸਿਰਫ਼ ਹੱਸਿਆ। ਮੇਰੀ ਬਜਾਏ ਬੇਦੀ ਨੇ ਹੀ ਗੱਲ ਦੱਸ ਦਿੱਤੀ। ਫਿਰ ਉਹ ਬੇਦੀ ਨੂੰ ਕਹਿਣ ਲੱਗਾ, ‘‘ਇੱਕ ਦਿਨ ਤੂੰ ਮੈਨੂੰ ਪੈਸੇ ਭੇਜੇ ਸੀ। ਉਹ ਕਾਹਦੇ ਸੀ? ਮੈਂ ਤਾਂ ਕਦੇ ਤੈਨੂੰ ਕੋਈ ਰਚਨਾ ਛਪਣ ਲਈ ਨਹੀਂ ਭੇਜੀ?’’
ਬੇਦੀ ਗੁੱਝਾ-ਗੁੱਝਾ ਹੱਸਣ ਲੱਗਾ। ਕਿਹਾ, ‘‘ਲੈ ਲੈਣੇ ਸੀ। ਢਾਈ ਸੌ ਰੁਪਏ ਸੀ।’’
‘‘ਪਰ ਮੈਨੂੰ ਪਤਾ ਤਾਂ ਲੱਗੇ ਭੇਜੇ ਕਾਹਦੇ ਸੀ?’’
‘‘ਅਸੀਂ ਤੁਹਾਡਾ ਬੂਟਾ ਸਿੰਘ ਚੌਹਾਨ ਦੀ ਪੁਸਤਕ ਵਾਲਾ ਮੁੱਖਬੰਦ ਛਾਪਿਆ ਸੀ।’’
‘‘ਪਰ ਮੈਂ ਤਾਂ ਉਹ ਕਿਤਾਬ ਲਈ ਲਿਖਿਆ ਸੀ। ਅਖ਼ਬਾਰ ਲਈ ਥੋੜ੍ਹਾ ਲਿਖਿਆ ਸੀ। ਮੈਂ ਪੈਸੇ ਕਾਹਦੇ ਲੈ ਲੈਂਦਾ?’’
ਮੈਨੂੰ ਬੇਦੀ ਨੇ ਦੱਸਿਆ ਸੀ ਕਿ ਅਸੀਂ ਮਨੀ-ਆਰਡਰ ਭੇਜਿਆ ਸੀ, ਡਾ. ਜਗਤਾਰ ਨੇ ਵਾਪਸ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਕਦੇ ਕਿਸੇ ਅਖ਼ਬਾਰ ਨੂੰ ਆਪਣੀ ਰਚਨਾ ਨਹੀਂ ਭੇਜੀ।
ਇੱਕ ਵਾਰ ਮੈਂ ਡਾ. ਬਰਜਿੰਦਰ ਸਿੰਘ ਕੋਲ ਗਿਆ। ਉੱਥੇ ਸਤਨਾਮ ਸਿੰਘ ਮਾਣਕ ਵੀ ਬੈਠਾ ਸੀ। ਸਤਨਾਮ ਸਿੰਘ ਮਾਣਕ ਡਾ. ਹਮਦਰਦ ਨੂੰ ਦੱਸ ਰਿਹਾ ਸੀ, ‘‘ਡਾ. ਜਗਤਾਰ ਅੱਜਕੱਲ੍ਹ ਬਹੁਤ ਬਿਮਾਰ ਹੈ, ਉਨ੍ਹਾਂ ਬਾਰੇ ਕੋਈ ਪ੍ਰੋਗਰਾਮ ਕੀਤਾ ਜਾਵੇ ਤਾਂ ਚੰਗਾ ਹੈ।’’
ਇਹਦਾ ਜਵਾਬ ਦੇਣ ਦੀ ਬਜਾਏ ਡਾ. ਬਰਜਿੰਦਰ ਸਿੰਘ ਨੇ ਕਿਹਾ, ‘‘ਉਹ ਸ਼ਾਇਰ ਵੀ ਬਹੁਤ ਵੱਡੈ ਪਰ ਜ਼ਿੱਦੀ ਵੀ ਬਹੁਤ ਐ।’’
ਮੈਂ ਹਲਕਾ ਜਿਹਾ ਹੱਸਿਆ। ਡਾ. ਹਮਦਰਦ ਨੇ ਕਿਹਾ, ‘‘ਹਾਂ ਦੱਸ, ਤੂੰ ਕੁਝ ਕਹਿਣਾ ਚਾਹੁੰਨੈ?’’
ਮੈਂ ਹੱਸਣ ਲੱਗਿਆ ਤਾਂ ਡਾ. ਹਮਦਰਦ ਨੇ ਘੂਰ ਕੇ ਕਿਹਾ, ‘‘ਗੱਲ ਦੱਸ।’’
ਮੈਂ ਕਿਹਾ, ‘‘ਜਲੰਧਰ ਦੇ ਸਾਰੇ ਵੱਡੇ ਬੰਦੇ ਹੀ ਡਾ. ਜਗਤਾਰ ਵਰਗੇ ਨੇ।’’
‘‘ਇਹਦਾ ਮਤਲਬ ਮੈਂ ਵੀ ਜਗਤਾਰ ਵਰਗਾ ਜ਼ਿੱਦੀ ਆਂ?’’
‘‘ਹੁਣ ਮੈਂ ਤਾਂ ਇਹਦੇ ਬਾਰੇ ਕੀ ਕਹਿ ਸਕਦਾਂ।’’
‘‘ਕਹਿ ਤਾਂ ਦਿੱਤਾ, ਹੋਰ ਕਿਵੇਂ ਕਹੇਂਗਾ?’’
ਡਾ. ਜਗਤਾਰ ਦਾ ਸੁਭਾਅ ਆਪਣੀ ਕਿਸਮ ਦਾ ਸੀ। ਉਸ ਨੇ ਜਿਹੜੇ ਵੱਖ-ਵੱਖ ਕਾਲਜਾਂ ’ਚ ਪੜ੍ਹਾਇਆ, ਉੱਥੇ ਦੋਸਤਾਂ ਦਾ ਵੀ ਅੰਤ ਨਹੀਂ ਸੀ, ਵਿਰੋਧੀ ਵੀ ਬਹੁਤ ਸਨ। ਡਾ. ਜਗਤਾਰ ਦਾ ਕਿਰਦਾਰ ਬਹੁਤ ਵੱਡਾ ਸੀ। ਉਸ ਅੰਦਰ ਇੱਕ ਖਲਾਅ ਸੀ, ਜਿਹੜਾ ਉਸ ਦੇ ਜੀਵਨ ’ਚ ਆਏ ਅਣਚਾਹੇ ਵਰਤਾਰਿਆਂ ’ਚੋਂ ਉਪਜਿਆ ਸੀ। ਉਹ ਇਸ ਖਲਾਅ ’ਚ ਆਪਣੇ ਰੰਗ ਭਰਦਾ ਸੀ। ਨਿਰੰਤਰ ਰੰਗ ਭਰਨ ਦੀ ਜੱਦੋਜਹਿਦ ਕਾਰਨ ਹੀ ਉਸ ਦੀ ਰਚਨਾ ਸਾਡੇ ਕੋਲ ਭਰਵੇਂ ਰੂਪ ’ਚ ਆਈ ਹੈ। ਉਹ ਪੰਜਾਬੀ ’ਚ ਬਹੁ-ਪਰਤੀ ਸ਼ਾਇਰੀ ਦੇ ਮੋਢੀਆਂ ’ਚੋਂ ਸੀ। ਪ੍ਰਿੰਸੀਪਲ ਤਖ਼ਤ ਸਿੰਘ ਦਾ ਪ੍ਰਭਾਵ ਵੀ ਉਸ ’ਤੇ ਸੀ, ਪਰ ਇਹ ਪ੍ਰਭਾਵ ਨਵੀਨ ਭਾਵਾਂ ਵਾਲੇ ਸ਼ਿਅਰ ਕਹਿਣ ਤੱਕ ਸੀ। ਰੰਗ ਉਸ ਦਾ ਆਪਣਾ ਸੀ।
ਡਾ. ਜਗਤਾਰ ਦਾ ਇੱਕ ਗ਼ਜ਼ਲ ਸੰਗ੍ਰਹਿ ਹੈ ‘ਮੋਮ ਦੇ ਆਦਮੀ’। ਇਹ ‘ਮੋਮ ਦੇ ਆਦਮੀ’ ਦੇ ਸ਼ਬਦ ਭਾਵੇਂ ਤਿੰਨ ਹਨ ਪਰ ਇਸ ’ਚ ਭਾਰਤ ਦਾ ਸਮੁੱਚਾ ਮਨੁੱਖ ਸਮੋਇਆ ਹੋਇਆ ਹੈ। ਅੱਜ ਤੱਕ ਮੈਂ ਇੰਨਾ ਵਿਆਪਕ ਤੇ ਸਮੁੱਚੇ ਭਾਰਤ ਨੂੰ ਕਲ਼ਾਵੇ ’ਚ ਲੈਣ ਵਾਲਾ ਕੋਈ ਬਿੰਬ ਨਹੀਂ ਸੁਣਿਆ। ‘ਮੋਮ ਦੇ ਆਦਮੀ’ ਭਾਰਤੀ ਮਨੁੱਖ ਦੇ ਉਸ ਕਿਰਦਾਰ ਨੂੰ ਬੇਪਰਦ ਕਰਦਾ ਹੈ, ਜਿਹੜਾ ਪੈਸੇ ਲਈ ਵਿਕਦਾ ਹੈ। ਜਿਹੜਾ ਪੈਸੇ ਲਈ ਉਸੇ ਬੇੜੀ ’ਚ ਛੇਕ ਕਰ ਸਕਦਾ ਹੈ, ਜਿਸ ’ਚ ਬੈਠਾ ਹੁੰਦਾ ਹੈ। ਮੋਮ ਨੂੰ ਅੱਗ ਦੇ ਕਿਸੇ ਵੀ ਸਾਂਚੇ ’ਚ ਪਾ ਕੇ ਢਾਲ਼ਿਆ ਜਾ ਸਕਦਾ ਹੈ। ਮੋਮ ਦੀ ਹਸਤੀ ਨਹੀਂ ਹੁੰਦੀ ਕਿ ਉਹ ਜੋ ਚਾਹੇ, ਉਹ ਕੁਝ ਆਪ ਬਣ ਸਕੇ। ਉਸ ਨੂੰ ਕੋਈ ਹੋਰ ਆਦਮੀ ਆਕਾਰ ਦਿੰਦਾ ਹੈ। ਅੱਗ ਅੱਗੇ ਉਹਦੀ ਕੋਈ ਹੋਂਦ ਨਹੀਂ ਹੁੰਦੀ। ਮੋਮ ਦੀ ਇਸ ਢਲ਼ਣ ਦੀ ਕਮਜ਼ੋਰੀ ’ਚੋਂ ਹੀ ਇਹ ਬਿੰਬ ਉਪਜਿਆ ਹੈ ਤੇ ਇਸ ’ਚ ਦਰਜਾ-ਬ-ਦਰਜਾ ਉਹ ਅਧਿਕਾਰ ਰੱਖਣ ਵਾਲੇ ਲੋਕ ਸਮਾ ਗਏ ਹਨ, ਜਿਹੜੇ ਸਾਡੀ ਕਿਸਮਤ ਦੇ ਰਾਖੇ ਅਖਵਾਉਂਦੇ ਹਨ ਤੇ ਸਾਡੇ ਹਿਤਾਂ ਨੂੰ ਵਰਤ ਕੇ ਖ਼ੁਦ ਨੂੰ ਬਿਹਤਰ ਤੋਂ ਬਿਹਤਰ ਆਕਾਰ ਦਿਵਾਉਣ ਦੀ ਰੁਚੀ ਰੱਖਦੇ ਹਨ। ਇਸੇ ਬਿੰਬ ’ਚੋਂ ਹੀ ਸਾਡੇ ਦੁੱਖਾਂ ਦਾ ਜਨਮ ਹੁੰਦਾ ਹੈ। ਇਸੇ ਬਿੰਬ ’ਚੋਂ ਹੀ ਸਾਡੇ ਜੀਵਨ ਦੀਆਂ ਖ਼ੁਸ਼ੀਆਂ ਇੱਕ-ਇੱਕ ਕਰਕੇ ਸੰਤਾਪ ਦੀ ਬਲੀ ਚੜ੍ਹਦੀਆਂ ਹਨ। ਅਜੋਕੇ ਸਮੇਂ ਦੀ ਹਕੀਕਤ ਇਹ ਹੈ ਕਿ ਇੱਕ ਪਾਸੇ ਅੱਜ ਮੋਮ ਦੇ ਆਦਮੀ ਹਨ। ਇਨ੍ਹਾਂ ਦੇ ਖ਼ਿਲਾਫ਼ ਵੀ ਅੱਜ ਭਾਰਤ ਦੀ ਅਣਖ਼ ਤੇ ਸੱਚ ਲੜ ਰਿਹਾ ਹੈ। ਇਸ ਧਰਤੀ ’ਤੇ ਜੇ ਕਦੇ ਬਿਰਲੇ-ਟਾਟਿਆਂ ਦਾ ਯੁੱਗ ਸੀ, ਹੁਣ ਅੰਬਾਨੀਆਂ ਦਾ ਯੁੱਗ ਹੈ ਤਾਂ ਅਜਿਹੇ ਮੋਮ ਦੇ ਆਦਮੀਆਂ ਕਰਕੇ ਹੀ ਹੈ। ਅਸੀਂ ਜਿਨ੍ਹਾਂ ਨੂੰ ਉਦੋਂ ਵੀ ਬਰਦਾਸ਼ਤ ਕੀਤਾ ਸੀ ਤੇ ਹੁਣ ਵੀ ਬਰਦਾਸ਼ਤ ਕਰ ਰਹੇ ਹਾਂ, ਪਰ ਡਾ. ਜਗਤਾਰ ਦਾ ਸਿਰਜਿਆ ਬਿੰਬ ‘ਮੋਮ ਦੇ ਆਦਮੀ’ ਉਦੋਂ ਵੀ ਇੱਕ ਵੰਗਾਰ ਸੀ, ਅੱਜ ਵੀ ਵੰਗਾਰ ਹੈ।
ਮੰਜ਼ਿਲ ’ਤੇ ਜੋ ਨਾ ਪਹੁੰਚੇ
ਪਰਤੇ ਨਾ ਜੋ ਘਰਾਂ ਨੂੰ
ਰਾਹਾਂ ਨੇ ਖਾ ਲਿਆ ਹੈ
ਓਨ੍ਹਾਂ ਮੁਸਾਫ਼ਰਾਂ ਨੂੰ
ਉਕਤ ਸ਼ਿਅਰ ਤੁਹਾਡੇ ਸਾਹਮਣੇ ਹੈ। ਭਲਾ ਨਜ਼ਰ ਮਾਰ ਕੇ ਵੇਖੋ, ਇਸ ਤਰ੍ਹਾਂ ਦੇ ਕਿੰਨੇ ਕੁ ਸ਼ਿਅਰ ਪੰਜਾਬੀ ’ਚ ਹੁਣ ਤੱਕ ਰਚੇ ਗਏ ਨੇ। ਇਸ ਸ਼ਿਅਰ ਦੇ ਪਿੱਛੇ ਪੰਜਾਬ ’ਚ ਸਮੇਂ-ਸਮੇਂ ਸਿਰ ਚੱਲੀਆਂ ਨਕਸਲਬਾੜੀ ਤੇ ਖਾੜਕੂਵਾਦ ਦੀਆਂ ਲਹਿਰਾਂ ਹਨ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤਾਂ ਨੂੰ ਖਾ ਲਿਆ ਹੈ। ਉਹ ਜਿਹੜੇ ਘਰੋਂ ਗਏ ਮੁੜ ਕੇ ਨਹੀਂ ਆਏ। ਅਸੀਂ ਜਦੋਂ ਆਲੇ-ਦੁਆਲੇ ਝਾਤੀ ਮਾਰਦੇ ਹਾਂ ਤਾਂ ਸਾਨੂੰ ਇਸ ਸ਼ਿਅਰ ਵਿਚਲਾ ਸੱਚ ਆਪਣੇ ਵੱਲ ਖਿੱਚਦਾ ਹੈ। ਅਸੀਂ ਕਿਸੇ ਨਾ ਕਿਸੇ ਘਰ ਦੀ ਮਨੋ-ਮਨੀ ਸ਼ਨਾਖ਼ਤ ਕਰਦੇ ਹਾਂ ਤੇ ਸ਼ਨਾਖ਼ਤ ਕਰਨ ਪਿੱਛੋਂ ਕਿਸੇ ਬਾਪ, ਕਿਸੇ ਮਾਂ, ਕਿਸੇ ਪਤਨੀ, ਕਿਸੇ ਬੱਚੇ ਦਾ ਚਿਹਰਾ ਸਾਡੀਆਂ ਨਜ਼ਰਾਂ ਅੱਗੇ ਆਉਂਦਾ ਹੈ, ਜਿਨ੍ਹਾਂ ਦੀਆਂ ਅੱਖਾਂ ’ਚ ਘਰੋਂ ਗਏ ਦੇ ਮੁੜਨ ਦੀ ਆਸ ਖੰਡਰ ਹੋ ਚੁੱਕੀ ਹੁੰਦੀ ਹੈ।
ਡਾ. ਜਗਤਾਰ ਬੜਾ ਗੰਭੀਰ ਰਹਿੰਦਾ ਸੀ। ਹੱਸਦਾ ਬਹੁਤ ਘੱਟ ਸੀ। ਮਾਨਸਿਕ ਤੌਰ ’ਤੇ ਖੁੱਲ੍ਹਦੇ ਵੀ ਬਹੁਤਾ ਨਹੀਂ ਸੀ। ਉਹ ਮਾਨਸਿਕ ਤੌਰ ’ਤੇ ਖੁੱਲ੍ਹਣ, ਇਸ ਲਈ ਨਿਰੰਤਰ ਮਿਲਣਾ ਪੈਂਦਾ ਸੀ। ਉਸ ਦੀ ਮਾਨਸਿਕ ਕਸਵੱਟੀ ’ਤੇ ਖ਼ਰੇ ਉਤਰਨਾ ਪੈਂਦਾ ਸੀ। ਘੰਟਿਆਂ-ਬੱਧੀ ਉਸ ਦੀਆਂ ਗੱਲਾਂ ਦਾ ਹੁੰਗਾਰਾ ਭਰਨਾ ਪੈਂਦਾ ਸੀ। ਮੈਨੂੰ ਭਾਵੇਂ ਇਹ ਮੌਕਾ ਨਹੀਂ ਮਿਲਿਆ, ਦੁੱਗਾਂ ਪਿੰਡ ਦੇ ਸੁਖਵਿੰਦਰ ਪੱਪੀ ਰਾਹੀਂ ਵੀ ਮੈਂ ਉਸ ਨੂੰ ਕੁਝ ਨਾ ਕੁਝ ਜਾਣਿਆ ਹੈ ਪਰ ਉਸ ਦੀ ਸ਼ਾਇਰੀ ਉਸ ਦੀ ਵੱਡੀ ਪਛਾਣ ਹੈ। ਉਸ ਦੀ ਕਿਸੇ ਗ਼ਜ਼ਲ ਦੇ ਦੋ ਸ਼ਿਅਰ ਪੜ੍ਹੇ ਨਹੀਂ, ਆਦਮੀ ਆਪਣੇ ਅੰਦਰ ਝਾਤੀ ਮਾਰਨ ਲੱਗਿਆ ਨਹੀਂ। ਉਸ ਦੀ ਇਸੇ ਵਿਸ਼ੇਸ਼ਤਾ ’ਚ ਉਸ ਦਾ ਸਾਹਿਤਕ ਕੱਦ ਬਿਰਾਜਮਾਨ ਹੈ।
ਆਪਣੇ ਬਹੁਤ ਸਾਰੇ ਮਿੱਤਰਾਂ ਨਾਲ ਉਸ ਦੀਆਂ ਦੋਸਤੀਆਂ ਦਹਾਕਿਆਂ ਤੱਕ ਚੱਲੀਆਂ। ਰਾਮ ਸਰੂਪ ਅਣਖੀ ਕੋਲ ਉਹ ਬਰਨਾਲੇ ਮਸਾਂ ਇੱਕ-ਅੱਧੀ ਵਾਰ ਆਇਆ ਹੋਵੇਗਾ, ਪਰ ਦੋਸਤੀ ਇੱਟ ਵਰਗੀ ਪੱਕੀ ਸੀ। ਸੁਖਵਿੰਦਰ ਪੱਪੀ ਨੇ ਉਸ ਦਾ ਇੱਕ ਰੂ-ਬ-ਰੂ ਸੰਗਰੂਰ ਕਰਵਾਇਆ, ਇੱਕ ਲੌਂਗੋਵਾਲ। ਉਸ ਨੇ ਕਿਹਾ ਸੀ ਕਿ ਅਣਖੀ ਨੂੰ ਵੀ ਪ੍ਰੋਗਰਾਮ ’ਚ ਜ਼ਰੂਰ ਬੁਲਾਇਉ, ਪਰ ਅਖ਼ੀਰਲੇ ਸਮੇਂ ’ਚ ਅਣਖੀ ਦੀਆਂ ਆਪਣੀਆਂ ਸਮੱਸਿਆਵਾਂ ਸਨ ਜਾਂ ਰੁਝੇਵੇਂ। ਉਹ ਇੱਕ ਨਾਵਲ ਲਿਖ ਕੇ ਹਟਦਾ ਤਾਂ ਪ੍ਰਕਾਸ਼ਕ ਅਗਲਾ ਨਾਵਲ ਮੰਗ ਲੈਂਦਾ। ਖ਼ੈਰ, ਸੰਗਰੂਰ ਪਿੱਛੋਂ ਲੌਂਗੋਵਾਲ ਵੀ ਜਦੋਂ ਅਣਖੀ ਨਾ ਗਿਆ ਤਾਂ ਡਾ. ਜਗਤਾਰ ਨੇ ਬੜੇ ਦੁੱਖ ਨਾਲ ਕਿਹਾ, ‘‘ਇੱਥੇ ਵੀ ਨ੍ਹੀਂ ਆਇਆ ਅਣਖੀ?’’
ਉਸ ਦੇ ਸ਼ਬਦਾਂ ਵਿਚਲੀ ਹੂਕ ਉਨ੍ਹਾਂ ਦੀ ਸਾਂਝ ਦਾ ਪ੍ਰਪੱਕ ਸਬੂਤ ਸੀ ਤੇ ਦਿਲ ’ਚ ਪੈਂਦੀ ਖੋਹ ਦਾ ਪ੍ਰਤੀਕ ਵੀ।
ਇਨ੍ਹਾਂ ਦੋਵਾਂ ਪ੍ਰੋਗਰਾਮਾਂ ’ਚ ਜਗਤਾਰ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ। ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਨੂੰ ਸਮਝਣ ਵਾਲੇ ਲੋਕ ਨਾਂ-ਮਾਤਰ ਹੋਣਗੇ, ਪਰ ਉਹ ਦੋਸਤੀ ਵੇਖਦਾ ਸੀ। ਉਹ ਰੂ-ਬ-ਰੂ ਪ੍ਰੋਗਰਾਮਾਂ ਕਰਕੇ ਨਹੀਂ ਸੀ ਆਇਆ, ਸਗੋਂ ਸੁਖਵਿੰਦਰ ਪੱਪੀ ਦੀ ਦੋਸਤੀ ਦੀ ਪਰਿਕਰਮਾ ਕਰਨ ਆਇਆ ਸੀ। ਉਹ ਜਿਸ ਕਿਸੇ ਨਾਲ ਖੁੱਲ੍ਹ ਜਾਂਦਾ, ਉਹਦਾ ਦਿਲ ਨਹੀਂ ਸੀ ਤੋੜਦਾ।
ਉਸ ਲਈ ਅਦਬ ਦੇ ਬਹੁਤ ਵੱਡੇ ਅਰਥ ਸਨ। ਅਦਬ ਦੇ ਉਲਟ ਜਾਣ ਦੀ ਪਹਿਲ ਉਹ ਨਹੀਂ ਸੀ ਕਰਦਾ। ਇੱਕ ਵਾਰ ਉਨ੍ਹਾਂ ਕੋਲ ਇੱਕ ਮੁਲਾਕਾਤੀ ਆਇਆ। ਉਹ ਆਪਣੇ ਨਾਲ ਛੋਟਾ ਜਿਹਾ ਕੈਮਰਾ ਵੀ ਲੈ ਕੇ ਆਇਆ ਸੀ, ਪਰ ਪਤਾ ਨਹੀਂ ਕਿਵੇਂ ਉਹ ਕੈਮਰੇ ਦੀ ਰੀਲ੍ਹ ਲਿਆਉਣੀ ਭੁੱਲ ਆਇਆ। ਅਜੇ ਡਿਜੀਟਲ ਕੈਮਰੇ ਨਹੀਂ ਸੀ ਆਏ। ਉਸ ਨੇ ਡਾ. ਜਗਤਾਰ ਨੂੰ ਕਿਹਾ ਕਿ ਉਸ ਕੋਲ ਕੈਮਰੇ ਦੀ ਕੋਈ ਰੀਲ੍ਹ ਹੈ ਤਾਂ ਦੇ ਦੇਵੇ।
ਉਹ ਹੱਸ ਕੇ ਕਹਿਣ ਲੱਗਾ, ‘‘ਰੀਲ੍ਹਾਂ ਵੀ ਹੈਗੀਆਂ, ਕੈਮਰਾ ਵੀ ਦੱਸ ਕਿਹੜਾ ਲੈਣੈ?’’
ਉਸ ਕੋਲ ਕੈਮਰਿਆਂ ਦਾ ਭੰਡਾਰ ਸੀ।
‘‘ਬੱਸ ਇੱਕ ਰੀਲ੍ਹ ਦੇ ਦਿਓ।’’ ਮੁਲਾਕਾਤੀ ਨੇ ਕਿਹਾ।
ਡਾ. ਜਗਤਾਰ ਨੇ ਇੱਕ ਰੀਲ੍ਹ ਦੇ ਦਿੱਤੀ। ਮੁਲਾਕਾਤੀ ਕਹਿਣ ਲੱਗਿਆ, ‘‘ਪੈਸੇ ਕਿੰਨੇ?’’
ਡਾ. ਜਗਤਾਰ ਨੇ ਜਵਾਬ ਨਹੀਂ ਦਿੱਤਾ। ਮੁਲਾਕਾਤੀ ਦੇ ਆਉਣ ਦੀ ਖ਼ੁਸ਼ੀ ਘੱਟ ਸੀ ਪਰ ‘ਪੈਸੇ ਕਿੰਨੇ ਨੇ’ ਕਹਿਣ ਦਾ ਦੁੱਖ ਉਸ ਨੇ ਬਹੁਤਾ ਮੰਨਿਆ ਸੀ।
ਉਸ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਬਹੁਤ ਪਛੜ ਕੇ ਮਿਲਿਆ। ਹੋਰ ਵੱਕਾਰੀ ਇਨਾਮ ਵੀ ਪਛੜ ਕੇ ਮਿਲੇ ਪਰ ਉਸ ਦੇ ਮਨ ’ਚ ਕੋਈ ਗ਼ਿਲਾ ਨਹੀਂ ਸੀ। ਆਖ਼ਰ ਇਨਾਮ ਦੇਣ ਵਾਲ਼ਿਆਂ ਨੂੰ ਹੀ ਸ਼ਰਮ ਆ ਜਾਂਦੀ ਸੀ। ਸੱਚ ਤਾਂ ਇਹ ਸੀ ਕਿ ਡਾ. ਜਗਤਾਰ ਨਜ਼ਰਅੰਦਾਜ਼ ਕਰਨ ਵਾਲੀ ਸ਼ਖ਼ਸੀਅਤ ਹੀ ਨਹੀਂ ਸੀ ਤੇ ਜੇ ਕੋਈ ਕਰਨਾ ਵੀ ਚਾਹੁੰਦਾ ਤਾਂ ਹੁੰਦਾ ਨਹੀਂ ਸੀ। ਉਸ ਦੇ ਬਹੁਤ ਸਾਰੇ ਸ਼ਿਅਰ ਮਨੁੱਖਾਂ ਵਾਂਗ ਚਲਦੇ-ਫਿਰਦੇ ਸ਼ੀਸ਼ੇ ਸਨ, ਜਿਹੜੇ ਲੇਖਕਾਂ ਦੀਆਂ ਗੱਲਾਂ-ਬਾਤਾਂ ’ਚੋਂ ਨਿੱਕਲ਼ ਕੇ ਸਾਹਮਣੇ ਆ ਜਾਂਦੇ ਨੇ।
ਡਾ. ਜਗਤਾਰ ਜਿਹੜੀਆਂ ਗੱਲਾਂ ਬਾਰੇ ਗੰਭੀਰ ਸੀ, ਉਨ੍ਹਾਂ ਬਾਰੇ ਪੂਰਾ ਗੰਭੀਰ ਸੀ। ਉਸ ਨੂੰ ਕਾਫ਼ੀ ਬਿਮਾਰੀਆਂ ਸਨ। ਸਾਹ ਦੀ ਬਿਮਾਰੀ ਵੀ ਸੀ। ਚੜ੍ਹਦਾ ਤੇ ਜਾਂਦਾ ਸਿਆਲ਼ ਉਸ ਦੇ ਸਾਹਾਂ ਨੂੰ ਦੁਸ਼ਮਣ ਵਾਂਗ ਟਿਕਣ ਨਹੀਂ ਸੀ ਦਿੰਦਾ। ਇਨ੍ਹਾਂ ਦਿਨਾਂ ’ਚ ਉਸ ਦੀ ਦਾੜ੍ਹੀ ਨੂੰ ਲਾਈ ਹੋਈ ਕਲਫ਼ ਹਲਕੀ-ਹਲਕੀ ਖੁਰਕ ਦਾ ਕਾਰਨ ਬਣਦੀ ਸੀ। ਉਹ ਸਾਹ ਦੀ ਦਵਾਈ ਦੇ ਨਾਲ-ਨਾਲ ਖੁਰਕ ਦੀ ਦਵਾਈ ਵੀ ਲੈਂਦਾ। ਗੱਲਾਂ ਕਰਦੇ-ਕਰਦੇ ਸੱਜੇ ਹੱਥ ਦੀ ਅਗਲੀ ਉਂਗਲ ਦੇ ਨਹੁੰ ਨੂੰ ਵੀ ਹਲਕਾ-ਹਲਕਾ ਦਾੜ੍ਹੀ ’ਚ ਫੇਰਦਾ ਰਹਿੰਦਾ। ਉਹ ਜਿਸ ਤਰ੍ਹਾਂ ਗ਼ਜ਼ਲ ਦੇ ਸਕਤਿਆਂ ਤੋਂ ਸਤਰਕ ਰਹਿੰਦਾ ਸੀ, ਆਪਣੀ ਦਾੜ੍ਹੀ ਦੇ ਰੰਗ ਬਾਰੇ ਵੀ ਰਹਿੰਦਾ।
ਡਾ. ਜਗਤਾਰ ਸ਼ਾਇਰਾਂ ਦਾ ਸ਼ਾਇਰ ਸੀ। ਉਸ ਦੀ ਕੀਤੀ ਹੋਈ ਸ਼ਾਇਰੀ ਛੇਤੀ-ਛੇਤੀ ਸਮੇਂ ਦੀ ਮਾਰ ਹੇਠ ਆਉਣ ਵਾਲੀ ਨਹੀਂ। ਜਦੋਂ ਤੱਕ ਧਰਤੀ ’ਤੇ ਦਿਲ ਜਲੇ ਰਹਿਣਗੇ ਤੇ ਹੱਕ-ਸੱਚ ਦੀ ਮੋਮ ਦੇ ਆਦਮੀਆਂ ਦੇ ਖ਼ਿਲਾਫ਼ ਲੜਾਈ ਜਾਰੀ ਰਹੇਗੀ, ਉਦੋਂ ਤੱਕ ਉਸ ਦੇ ਸ਼ਿਅਰ ਲੋਕ ਮਨਾਂ ਦਾ ਹਿੱਸਾ ਬਣੇ ਰਹਿਣਗੇ।
ਸੰਪਰਕ: 98143-80749

Advertisement
Advertisement