ਗੁਰਦੁਆਰਾ ਹੇਮਕੁੰਟ ਸਾਹਿਬ ਦੀ ਰੋਪਵੇਅ ਯੋਜਨਾ ਲਟਕੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਕਤੂਬਰ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਤਿਆਰ ਹੋਣ ਵਾਲੇ ਰੋਪਵੇਅ ਲਈ ਸਰਕਾਰ ਵੱਲੋਂ ਮੁੜ ਟੈਂਡਰ ਕੀਤੇ ਜਾਣਗੇ। ਇਹ ਖੁਲਾਸਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕੀਤਾ ਹੈ। ਉਹ ਕੱਲ੍ਹ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਮਿਲ ਕੇ ਆਏ ਸਨ। ਸ੍ਰੀ ਬਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਹਨ ਅਤੇ ਇਸ ਪ੍ਰਾਜੈਕਟ ਦੇ ਮੁੜ ਟੈਂਡਰ ਲਈ ਚਰਚਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਾਗਤ ਖਰਚੇ ਵਧਣ ਕਰਕੇ ਮੁੜ ਟੈਂਡਰ ਕਰਨ ਦੀ ਲੋੜ ਪਈ ਹੈ। ਪਹਿਲਾਂ ਇਹ ਯੋਜਨਾ 2026 ਵਿੱਚ ਮੁਕੰਮਲ ਕਰਨ ਦਾ ਟੀਚਾ ਸੀ ਪਰ ਹੁਣ ਮੁੜ ਟੈਂਡਰ ਜਾਰੀ ਕੀਤੇ ਜਾਣ ਕਾਰਨ ਇਸ ਦੇ ਮੁਕੰਮਲ ਹੋਣ ਦੀ ਮਿਆਦ ਵੀ ਵੱਧ ਜਾਵੇਗੀ। ਸ੍ਰੀ ਬਿੰਦਰਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਹਰ ਸਾਲ ਚਾਰ ਧਾਮ ਯਾਤਰਾ ਬਾਰੇ ਹੋਣ ਵਾਲੀ ਮੀਟਿੰਗ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੂੰ ਵੀ ਸੱਦਿਆ ਜਾਵੇ। ਮੁੱਖ ਮੰਤਰੀ ਵੱਲੋਂ ਇਸ ਸਬੰਧ ਵਿੱਚ ਪ੍ਰਸ਼ਾਸਨ ਨੂੰ ਤੁਰੰਤ ਦਿਸ਼ਾ ਨਿਰਦੇਸ਼ ਦਿੱਤੇ ਗਏ। ਪ੍ਰਧਾਨ ਮੰਤਰੀ ਵੱਲੋਂ ਅਕਤੂਬਰ 2022 ਵਿੱਚ ਸ੍ਰੀ ਹੇਮਕੁੰਟ ਸਾਹਿਬ ਅਤੇ ਕੇਦਾਰਨਾਥ ਧਾਮ ਲਈ ਰੋਪਵੇਅ ਮਾਰਗ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਯੋਜਨਾ ਲਗਪਗ 2400 ਕਰੋੜ ਰੁਪਏ ਦੀ ਸੀ।