ਜੜ੍ਹੀ ਜਿਨ੍ਹਾਂ ਦੀ ਜੀਵੇ ਹੂ
ਜਗਜੀਤ ਸਿੰਘ ਲੋਹਟਬੱਦੀ
ਅੱਸੂ ਦਾ ਪਿਛਲਾ ਪੱਖ ਚੱਲ ਰਿਹਾ ਸੀ। ਅੰਬਰ ’ਚ ਗੁਬਾਰ ਜਿਹਾ ਚੜ੍ਹਿਆ ਹੋਇਆ। ਧੁਆਂਖੀ ਧੁੰਦ ਵਿੱਚ ਦੂਰ ਤੱਕ ਦੇਖਣਾ ਅਤੇ ਸਾਹ ਲੈਣਾ ਦੁੱਭਰ ਹੋਇਆ ਪਿਆ ਸੀ। ਦੋਪਹੀਆ ਵਾਹਨਾਂ ਵਾਲੇ ਜ਼ਿਆਦਾ ਪ੍ਰੇਸ਼ਾਨ ਸਨ। ਕੋਈ ਸਾਫੇ ਦਾ ਲੜ ਮੂੰਹ ਉੱਤੇ ਲਪੇਟ ਕੇ ਅਤੇ ਕੋਈ ਜਾਲੀਦਾਰ ਜਿਹੇ ਪਰਨੇ ਨਾਲ ਅੱਖਾਂ ਢੱਕ ਕੇ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਕਾਹਲ਼ਾ ਸੀ।
ਨਿਰਮਲ ਵੀ ਰਾਜਗੜ੍ਹ ਤੋਂ ਬਜ਼ੁਰਗ ਮਾਂ ਪਿਉ ਨੂੰ ਮਿਲ ਕੇ ਸ਼ਹਿਰ ਵੱਲ ਸਕੂਟਰ ਭਜਾਈ ਆਉਂਦਾ ਸੀ। ਇਸ ਵਾਰ ਕੰਮਾਂ ਕਾਰਾਂ ਦੇ ਰੁਝੇਵਿਆਂ ਕਰ ਕੇ ਪਿੰਡ ਦਾ ਚੱਕਰ ਦੇਰ ਬਾਅਦ ਲੱਗਿਆ ਸੀ, ਪਰ ਮਨ ਵਿਚਲੀ ਬੇਚੈਨੀ ਦਾ ਆਲਮ ਪਹਿਲਾਂ ਨਾਲੋਂ ਵੱਧ ਸੀ। ਖੇਤ ਦੀ ਵੱਟ ’ਤੇ ਲੱਗਿਆ ਬੋਹੜ ਦਾ ਦਰੱਖ਼ਤ ਵੀ ਬਾਪੂ ਦੇ ਚਿਹਰੇ ਵਾਂਗ ਉਦਾਸ ਲੱਗਿਆ। ਉਸ ਦਾ ਦਿਲ ਕਰਦਾ ਸੀ ਕਿ ਘੜੀ ਪਲ ਉਸ ਦੇ ਥੱਲੇ ਬੈਠ ਉਸ ਨਾਲ ਗੱਲਾਂ ਕਰੇ, ਉਸ ਦੀ ਠੰਢਕ ਨੂੰ ਮਹਿਸੂਸ ਕਰੇ। ਬਾਪੂ ਦੱਸਦਾ ਹੁੰਦਾ ਸੀ ਕਿ ਉਸ ਦੇ ਬਾਪ ਅਤੇ ਭਜਨੇ ਦੇ ਦਾਦੇ ਨੇ ਇਹ ਦਰਵੇਸ਼ ਰੁੱਖ ਬਹੁਤ ਸਾਲ ਪਹਿਲਾਂ ਬੀਜਿਆ ਸੀ। ਹੁਣ ਵੀ ਤਿੱਖੜ ਦੁਪਹਿਰੇ ਇਹ ’ਕੱਲੀ ਛਾਂ ਹੀ ਨਹੀਂ ਦਿੰਦਾ, ਸਗੋਂ ਖੇਤਾਂ ਦੀ ਮਿੱਟੀ ਨੂੰ ਖੁਰਨ ਤੋਂ ਵੀ ਬਚਾਉਂਦੈ... ਸਾਡੇ ਦੁੱਖਾਂ ਸੁੱਖਾਂ ਦਾ ਸਾਂਝੀਵਾਲ ਐ...।
ਨਿਰਮਲ ਦੇ ਘਰ ਪਹੁੰਚਣ ਤੱਕ ਮੂੰਹ ਹਨੇਰਾ ਪਸਰ ਗਿਆ ਸੀ। ਉਸ ਨੇ ਸਕੂਟਰ ਨੂੰ ਸਟੈਂਡ ’ਤੇ ਲਾ ਕੇ ਮੋਢੇ ’ਤੇ ਰੱਖੇ ਪਰਨੇ ਨਾਲ ਕੱਪੜਿਆਂ ਤੋਂ ਗਰਦ ਝਾੜੀ। ਕਰਮਜੀਤ ਤੋਂ ਲੈ ਕੇ ਪਾਣੀ ਦਾ ਗਲਾਸ ਪੀਤਾ। ਰਤਨਦੀਪ ਕਲਾਸ ਲਾਉਣ ਤੋਂ ਬਾਅਦ ਦੋਸਤਾਂ ਨਾਲ ਗੇੜੀ ’ਤੇ ਨਿਕਲਿਆ ਹੋਇਆ ਸੀ। ਤਿੰਨੇ ਹੀ ਜੀਅ ਸਨ ਘਰ ਵਿੱਚ।
“ਦੇਖ ਲੈ ਮੁੰਡੇ ਦੇ ਲੱਛਣ... ਤੇਰੇ ਪਿੰਡ ਜਾਣ ਵੇਲੇ ਤੋਂ ਹੀ ਕੌਲੇ ਕੱਛਦਾ ਫਿਰਦੈ... ਆਹ ਟੈਮ ਹੋ ਗਿਐ...” ਕਰਮਜੀਤ ਨੂੰ ਚਿੰਤਾ ਨੇ ਘੇਰਿਆ ਹੋਇਆ ਸੀ।
“ਕੋਈ ਨਾ... ਮੈਂ ਕਰਦਾਂ ਘਰ ਆਏ ਨਾਲ ਗੱਲ... ਜ਼ਮਾਨਾ ਖਰਾਬ ਐ, ਕਰਮਜੀਤ... ਬਹੁਤੀ ਟੋਕ-ਟਕਾਈ ਵੀ ਨ੍ਹੀਂ ਕਰ ਸਕਦੇ...” ਨਿਰਮਲ ਦੇ ਅੰਦਰ ਵੀ ਕੋਈ ਡਰ ਛੁਪਿਆ ਹੋਇਆ ਸੀ।
ਉਹ ਸੋਚ ਰਿਹਾ ਸੀ ਕਿ ਕੁੜੀਆਂ ਮੁੰਡਿਆਂ ਵਿੱਚ ਇਹੀ ਫ਼ਰਕ ਹੁੰਦਾ ਹੈ। ਗੁਆਂਢੀ ਭਜਨਾ ਦੱਸ ਰਿਹਾ ਸੀ ਕਿ ਉਸ ਦੀ ਬੇਟੀ ਹਰਮਨ ਵੀ ਰਤਨ ਦੇ ਹਾਣ ਦੀ ਹੈ ਅਤੇ ਉਸ ਨੇ ਕਦੇ ਕਿਸੇ ਕਿਸਮ ਦੀ ਚਿੰਤਾ ਨਹੀਂ ਦਿੱਤੀ। ਘਰੋਂ ਸਕੂਲ ਕਾਲਜ ਤੇ ਵਾਪਸ ਸਿੱਧਾ ਘਰ! ਵਧੀਆ ਨੰਬਰ ਲੈ ਕੇ ਕੈਨੇਡਾ ਦੀ ਯੂਨੀਵਰਸਿਟੀ ਤੋਂ ਵਜ਼ੀਫ਼ਾ ਲੈ ਕੇ ਪੜ੍ਹਾਈ ਕਰ ਰਹੀ ਹੈ, ਪਰ ਰਤਨ ਦੇ ਕਾਰਨਾਮਿਆਂ ਨੇ ਮਨ ਕਦੇ ਗ਼ਮਾਂ ਤੋਂ ਸੁਰਖ਼ਰੂ ਹੀ ਨਹੀਂ ਹੋਣ ਦਿੱਤਾ।
ਕਰਮਜੀਤ ਨੇ ਮੂਹਰੇ ਰੋਟੀ ਦੀ ਥਾਲ਼ੀ ਲਿਆ ਧਰੀ, ਪਰ ਨਿਰਮਲ ਦੀ ਭੁੱਖ ਉਡਾਰੀ ਮਾਰ ਚੁੱਕੀ ਸੀ। ਉਸ ਨੇ ਵਿਸਕੀ ਦੀ ਬੋਤਲ ਖੋਲ੍ਹੀ ਤੇ ਦੋ ਤਿੰਨ ਹਾੜੇ ਅੰਦਰ ਸੁੱਟ ਲਏ। ਉਹ ਅਕਸਰ ਹੀ ਜਦੋਂ ਕਿਸੇ ਟੈਂਸ਼ਨ ਵਿੱਚ ਹੁੰਦਾ ਤਾਂ ਸੋਮਰਸ ਦਾ ਸਹਾਰਾ ਲੈਂਦਾ। ਅਣਮੰਨੇ ਜਿਹੇ ਦਿਲ ਨਾਲ ਦੋ ਚਾਰ ਗਰਾਹੀਆਂ ਮੂੰਹ ਵਿੱਚ ਪਾਈਆਂ ਤੇ ਥਾਲ਼ੀ ਪਰ੍ਹਾਂ ਕਰ ਦਿੱਤੀ। ਸੌਣ ਦੀ ਕੋਸ਼ਿਸ਼ ਕੀਤੀ, ਪਰ ਨੀਂਦ ਕੋਹਾਂ ਦੂਰ ਭੱਜ ਰਹੀ ਸੀ।
“ਕੀ ਗੱਲ... ਕੋਈ ਫ਼ਿਕਰ ਐ...?” ਕਰਮਜੀਤ ਨੇ ਉੱਸਲਵੱਟੇ ਲੈਂਦੇ ਨਿਰਮਲ ਨੂੰ ਹਲੂਣਿਆ।
“ਭਾਗਵਾਨੇ... ਪਿੰਡ ਜਾ ਕੇ ਮੈਨੂੰ ਲੱਗਿਆ ਕਿ ਬਾਪੂ ਹੋਰਾਂ ਦੇ ਬੁੜ੍ਹੇ ਹੱਡਾਂ ਨੂੰ ਹੁਣ ਸਹਾਰੇ ਦੀ ਲੋੜ ਐ...” ਨਿਰਮਲ ਨੇ ਪਹਿਲੀ ਵਾਰੀ ਅੰਦਰਲਾ ਦਰਦ ਫਰੋਲਿਆ ਸੀ।
“ਮੈਂ ਤਾਂ ਤੈਨੂੰ ਕਿੰਨੀ ਵਾਰ ਕਿਹਾ, ਰਤਨ ਦੇ ਬਾਪੂ... ਹੁਣ ਉਨ੍ਹਾਂ ਦੀ ਹੱਥ ਫੂਕਣ ਦੀ ਉਮਰ ਨ੍ਹੀਂ... ਆਪਣੇ ਤੋਂ ਬਿਨਾਂ ਉਨ੍ਹਾਂ ਦਾ ਹੈ ਵੀ ਕੌਣ... ਐਥੇ ਲੈ ਆਈਏ... ਆਪਣੇ ਕੋਲ ਕਿਸੇ ਚੀਜ਼ ਦੀ ਕਮੀ ਆ ਭਲਾ...” ਕਰਮਜੀਤ ਮੁੱਢੋਂ ਦਰਿਆ-ਦਿਲ ਔਰਤ ਸੀ, ਜਿਹਦੇ ਸੰਸਕਾਰਾਂ ਵਿੱਚ ਸੱਸ ਸਹੁਰੇ ਦਾ ਦਰਜਾ ਮਾਂ ਪਿਉ ਵਾਲਾ ਸੀ।
ਤੀਜੇ ਪਹਿਰ ਨਿਰਮਲ ਦੀ ਅੱਖ ਲੱਗਣ ਸਾਰ ਹੀ ਉਹ ਅਤੀਤ ਦੇ ਪਲਾਂ ਵਿੱਚ ਪਹੁੰਚ ਗਿਆ। ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਰ ਕੇ ਕਿਸੇ ਕਿਸਮ ਦੀ ਰੋਕ ਟੋਕ ਦਾ ਸਵਾਲ ਹੀ ਨਹੀਂ ਸੀ। ਕਿਹੜਾ ਐਬ ਸੀ, ਜਿਹੜਾ ਸਕੂਲ ਦੇ ਦਿਨਾਂ ਵਿੱਚ ਉਸਨੂੰ ਨਹੀਂ ਸੀ ਚਿੰਬੜਿਆ? ਮਾੜੀ ਸੰਗਤ, ਰੋਜ਼ ਉਲਾਂਭਾ। ਬਾਪੂ ਸਰਵਣ ਸਿੰਹੁ ਆਪ ਭਾਵੇਂ ਅਨਪੜ੍ਹ ਸੀ, ਪਰ ਉਸ ਨੂੰ ਪੜ੍ਹਾਈ ਦੀ ਕਦਰ ਸੀ। ਖ਼ਰਚਿਆਂ ਨੂੰ ਦਰਕਿਨਾਰ ਕਰ ਉਸ ਨੇ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਨਾਂ ਕਟਵਾ ਨਿਰਮਲ ਨੂੰ ਸ਼ਹਿਰ ਦੇ ਸਿਰਕੱਢ ਸਕੂਲ ਵਿੱਚ ਦਾਖਲ ਕਰਵਾ ਦਿੱਤਾ, ਜਿੱਥੇ ਹੋਸਟਲ ਦੀ ਸਹੂਲਤ ਵੀ ਸੀ। ਸਕੂਲ ਦਾ ਅਨੁਸ਼ਾਸਨ ਵੀ ਚੰਗਾ ਸੀ ਤੇ ਪੜ੍ਹਾਈ ਵੀ। ਪਰ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ! ਸਕੂਲ ਵਿੱਚੋਂ ਕੋਈ ਨਾ ਕੋਈ ਸ਼ਿਕਾਇਤ ਘਰ ਪਹੁੰਚ ਹੀ ਜਾਂਦੀ। ਅਧਿਆਪਕ ਵੀ ਰੋਜ਼ ਦੀਆਂ ਆਦਤਾਂ ਤੋਂ ਤੰਗ ਆ ਚੁੱਕੇ ਸਨ। ਮਾਹੌਲ ਹੋਰ ਖਰਾਬ ਹੋਣ ਦੇ ਡਰੋਂ ਪ੍ਰਿੰਸੀਪਲ ਨੇ ਸਰਵਣ ਸਿੰਘ ਨੂੰ ਬੁਲਾ ਕੇ ਨਿਰਮਲ ਦਾ ਸਰਟੀਫਿਕੇਟ ਕੱਟ ਘਰ ਤੋਰ ਦਿੱਤਾ। ਬਾਪੂ ਨੇ ਭਰੇ ਮਨ ਨਾਲ ਇਹ ਸਾਰਾ ਕੁਝ ਸਹਿ ਲਿਆ ਤੇ ਉਸ ਨੂੰ ਫਿਰ ਪਿੰਡ ਦੇ ਸਰਕਾਰੀ ਸਕੂਲ ਬਿਠਾ ਦਿੱਤਾ।
ਰੁਲ-ਖੁਲ ਕੇ ਬਾਰ੍ਹਵੀਂ ਪਾਸ ਕਰ ਚੁੱਕੇ ਨਿਰਮਲ ਨੂੰ ਕਿਸੇ ਆਹਰੇ ਲਾਉਣ ਦੀ ਚਿੰਤਾ ਸਰਵਣ ਸਿੰਹੁ ਨੂੰ ਦਿਨ ਰਾਤ ਸਤਾਉਂਦੀ ਰਹਿੰਦੀ। ਅਖੀਰ ਕਾਫ਼ੀ ਸੋਚ ਵਿਚਾਰ ਕਰਕੇ ਉਸ ਨੇ ਖੇਤ ਵਿੱਚ ਹੀ, ਘਰ ਦੇ ਨੇੜੇ ਪੋਲਟਰੀ ਫਾਰਮ ਖੋਲ੍ਹ ਦਿੱਤਾ। ਆਲੇ-ਦੁਆਲੇ ਹੋਰ ਕੋਈ ਫਾਰਮ ਵੀ ਨਹੀਂ ਸੀ ਤੇ ਆਮਦਨ ਵੀ ਚੰਗੀ ਸੀ। ਕੰਮ ਮਿਹਨਤ ਮੰਗਦਾ ਸੀ, ਪਰ ਨਿਰਮਲ ਤੇ ਮਿਹਨਤ ਦਾ ਮੇਲ ਕਦੇ ਬਣਿਆ ਹੀ ਨਹੀਂ ਸੀ।
“ਬਾਪੂ, ਮੈਂ ਨ੍ਹੀਂ ਇਹ ਕੰਮ ਕਰ ਸਕਦਾ... ਮੁਰਗੀਖਾਨੇ ’ਚੋਂ ਸਾਰਾ ਦਿਨ ਮੁਸ਼ਕ ਮਾਰਦਾ ਰਹਿੰਦੈ... ਤੇ ਜਾਨਵਰਾਂ ਦੀ ਕੁਕ-ਕੁਕ ਅੱਡ ਕੰਨ ਪਾੜਦੀ ਰਹਿੰਦੀ ਐ...।” ਨਿਰਮਲ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ।
“ਪੁੱਤ, ਤੇਰੇ ਕਰ ਕੇ ਤਾਂ ਇਹ ਕੰਮ ਸ਼ੁਰੂ ਕੀਤਾ ਸੀ... ਤੇਰੇ ਕੋਲ ਕੋਈ ਨੌਕਰੀ ਵੀ ਤਾਂ ਨ੍ਹੀਂ... ਤੇ ਇਹਨੂੰ ਵੇਚਣ ਨਾਲ ਘਾਟਾ ਵੀ ਮੋਟਾ ਪਊਗਾ...।” ਬਾਪੂ ਬੇਵੱਸ ਸੀ।
“ਮੈਂ ਕੇਸਰ ਨਾਲ ਸਲਾਹ ਕੀਤੀ ਐ... ਮੁਰਗੀਖ਼ਾਨਾ ਵੇਚ ਕੇ ਆਪਾਂ ਗਿਆਸਪੁਰੇ ਪਲਾਟ ਲੈ ਕੇ ਮਜ਼ਦੂਰਾਂ ਵਾਸਤੇ ਕਮਰੇ ਬਣਾਵਾਂਗੇ... ਕਿਰਾਇਆ ਵੀ ਚੰਗਾ ਤੇ ਵਿਹਲੇ ਦੇ ਵਿਹਲੇ...।”
“ਜਿਵੇਂ ਤੇਰੀ ਮਰਜ਼ੀ ਪੁੱਤਰਾ... ਕੰਮ ਕੋਈ ਵੀ ਮਾੜਾ ਚੰਗਾ ਨ੍ਹੀਂ ਹੁੰਦਾ...।” ਸਰਵਣ ਸਿੰਹੁ ਨੇ ਲਾਚਾਰੀ ਜ਼ਾਹਰ ਕੀਤੀ।
ਨਿਰਮਲ ਨੂੰ ਰਤਨਦੀਪ ਵਿੱਚ ਹੂ-ਬ-ਹੂ ਆਪਣਾ ਅਕਸ ਦਿਸਦਾ। ‘ਪਿਤਾ ’ਤੇ ਪੂਤ, ਨਸਲ ’ਤੇ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ।’ ਉਹੀ ਚਾਲੇ! ਉਹ ਸੋਚ ਰਿਹਾ ਸੀ ਕਿ ਉਸ ਨੇ ਆਪ ਕਦੇ ਬਾਪੂ ਦੀ ਗੱਲ ਨੂੰ ਗੌਲਿਆ ਨਹੀਂ ਸੀ। ਹੁਣ ਪੁੱਤ ਦੀ ਵੀ ਉਹੀ ਲੀਹ ਸੀ।
ਰਾਤ ਅੱਧੀ ਬੀਤ ਚੁੱਕੀ ਸੀ। ਅਚਾਨਕ ਗੇਟ ਖੜਕਿਆ। ਕਰਮਜੀਤ ਖੋਲ੍ਹਣ ਗਈ। “ਕਿਉਂ ਦਰਵਾਜ਼ੇ ਭੇੜੇ ਨੇ... ਚੋਰ ਪੈਂਦੇ ਨੇ... ਸਾਰੀ ਦੁਨੀਆ ਬਾਹਰ ਤੁਰੀ ਫਿਰਦੀ ਐ ਤੇ ਤੁਸੀਂ... ਬੱਤੀਆਂ ਬੰਦ ਕਰਕੇ ਕੁੰਡੇ ਜਿੰਦੇ ਲਾਈ ਫਿਰਦੇ ਓ...।” ਰਤਨਦੀਪ ਨਸ਼ੇ ਦੀ ਲੋਰ ਵਿੱਚ ਸੀ। ਬਾਹਰ ਕੋਈ ਦੋਸਤ ਬੁਲੇਟ ਮੋਟਰਸਾਈਕਲ ਤੋਂ ਉਤਾਰ ਅੱਗੇ ਲੰਘ ਗਿਆ ਸੀ।
ਨਿਰਮਲ ਦੀ ਅੱਖ ਖੁੱਲ੍ਹ ਗਈ। ਰਤਨ ਨੂੰ ਪਲੋਸ ਕੇ ਮੰਜੇ ’ਤੇ ਪਾਇਆ। ਕੱਪੜੇ ਫਟੇ ਹੋਏ, ਮੱਥੇ ’ਤੇ ਸੱਟ ਦੇ ਨਿਸ਼ਾਨ। ਨਿਰਮਲ ਤੇ ਕਰਮਜੀਤ ਜ਼ਖ਼ਮ ਦੇਖ ਕੇ ਭਮੱਤਰ ਗਏ। ਸੋਚਿਆ, ਇਸ ਵੇਲੇ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ, ਹਾਲਾਤ ਹੋਰ ਵਿਗੜਨਗੇ।
ਨਿਰਮਲ ਨੂੰ ਬਾਕੀ ਰਾਤ ਨੀਂਦ ਨਾ ਆਈ। ਉਹ ਮੂੰਹ ਹਨੇਰੇ ਉੱਠ ਕੇ ਸੈਰ ਕਰਨ ਚਲਾ ਗਿਆ, ਪਰ ਸੋਚਾਂ ਨੇ ਖਹਿੜਾ ਨਾ ਛੱਡਿਆ। ‘ਕਿਵੇਂ ਸਮਝਾਈਏ... ਜਵਾਨ ਖ਼ੂਨ ਐ... ਗੁੱਸੇ ਵਿੱਚ ਕੋਈ ਅਣਹੋਣੀ ਨਾ ਵਾਪਰ ਜਾਵੇ... ਵਕਤ ਮਾੜਾ ਚੱਲ ਰਿਹੈ...।’ ਸੋਚਾਂ ਦੀ ਲੜੀ ਉਦੋਂ ਟੁੱਟੀ, ਜਦੋਂ ਸੈਰ ਕਰਦੇ ਕੇਸਰ ਨੇ ਆਵਾਜ਼ ਮਾਰੀ, “ਨਿੰਮਿਆ, ਆ ਜਾ ਐਧਰ... ਕਿਹੜੇ ਫ਼ਿਕਰਾਂ ਨੇ ਘੇਰਿਆ ਹੋਇਐਂ?” ਕੇਸਰ ਸਹਿਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ। ਨਾਲ ਦੇ ਪਿੰਡ ਤੋਂ ਸੀ। ਔਖੇ ਸੌਖੇ ਵੇਲੇ ਕੇਸਰ ਦੀ ਸਲਾਹ ਮਨ ਨੂੰ ਠਰ੍ਹੰਮਾ ਦਿੰਦੀ ਸੀ।
“ਕਾਹਦਾ ਬਾਈ, ਮੁੰਡੇ ਨੇ ਸੁੱਕਣੇ ਪਾਏ ਹੋਏ ਆਂ... ਸੰਗਤ ਮਾੜੀ ਐ... ਮੈਂ ਸੋਚਦਾ ਸੀ ਜ਼ਮੀਨ ਗੁਜ਼ਾਰੇ ਜੋਗੀ ਹੈਗੀ... ਕਿਰਾਏ ਤੋਂ ਵੀ ਚਾਰ ਪੈਸੇ ਆ ਜਾਂਦੇ ਨੇ...।”
“ਮਿੱਤਰਾ, ਅੱਜਕੱਲ੍ਹ ਦੀ ਮੁੰਡ੍ਹੀਰ ਨੂੰ ਇਨ੍ਹਾਂ ਚੀਜ਼ਾਂ ਦੀ ਕੋਈ ਕਦਰ ਨ੍ਹੀਂ... ਖਾਣ ਪੀਣ... ਐਸ਼ਪ੍ਰਸਤੀ... ਨਸ਼ਾ ਪੱਤਾ... ਬੱਸ ਰੱਬ ਬਚਾਵੇ...।” ਕੇਸਰ ਨੇ ਵਿੱਚੋਂ ਟੋਕਿਆ।
“ਮੈਂ ਸੋਚਦਾ ਸੀ ਕਿ ਘਰ ਦਾ ਕੰਮ ਸੰਭਾਲ ਲਵੇ... ਪਰ ਉਹਦੇ ਦਿਮਾਗ਼ ’ਚ ਬਾਹਰਲੇ ਮੁਲਕ ਵਾਲਾ ਕੀੜਾ ਵੜਿਆ ਹੋਇਐ...ਹਾਰ ਹੰਭ ਕੇ ਮੈਂ ਵੀ ਹਾਂ ਕਰਤੀ...।” ਨਿਰਮਲ ਬੇਵੱਸੀ ਜ਼ਾਹਰ ਕਰ ਰਿਹਾ ਸੀ।
“ਬਾਹਰ ਚਲਿਆ ਜਾਊਗਾ ਤਾਂ ਚੰਗਾ ਰਹੂਗਾ... ਏਥੇ ਤਾਂ ਰੋਜ਼ ਦਾ ਨਵਾਂ ਸਿੜੀ ਸਿਆਪਾ... ਨਸ਼ਿਆਂ ਤੇ ਗੁੰਡਾਗਰਦੀ ਨੇ ਜਿਉਣਾ ਦੁੱਭਰ ਕੀਤਾ ਹੋਇਐ... ਰਹਿੰਦੀ-ਖੂੰਹਦੀ ਕਸਰ ਆਹ ਚਿੱਟ-ਕੱਪੜੀਏ ਲੀਡਰਾਂ ਨੇ ਕੱਢੀ ਹੋਈ ਐ... ਪਹਿਲਾਂ ਮਛੋਹਰਾਂ ਨੂੰ ਵਰਤਦੇ ਨੇ, ਪਿੱਛੋਂ ਪੈਰ ਖਿੱਚ ਲੈਂਦੇ ਨੇ... ਅਖੇ, ਇਹ ਤਾਂ ਗੈਂਗਸਟਰ ਨੇ...।” ਕੇਸਰ ਦੇ ਬੋਲਾਂ ਵਿੱਚ ਨਸੀਹਤ ਸੀ।
“ਹੋਰ ਸੁਣਾ, ਗਿਆਸਪੁਰੇ ਵਾਲੇ ਕੁਆਰਟਰਾਂ ਦਾ ਸਹੀ ਚੱਲੀ ਜਾਂਦੈ... ਵੇਲੇ ਸਿਰ ਮਿਲੀ ਜਾਂਦੈ ਕਿਰਾਇਆ?” ਕੇਸਰ ਨੇ ਅਗਲੀ ਗੱਲ ਤੋਰੀ।
“ਹਾਂ, ਠੀਕ ਐ... ਤੀਹ ਪੈਂਤੀ ਕਮਰੇ ਨੇ... ਰਾਮ ਕਿਸ਼ੋਰ ਯਾਦਵ ਨੂੰ ਪਲਾਟ ਵਿੱਚ ਇੱਕ ਦੁਕਾਨ ਬਣਾ ਕੇ ਦੇ ਦਿੱਤੀ ਸੀ। ਉਹੀ ਕਿਰਾਇਆ ’ਕੱਠਾ ਕਰਦੈ।’’
“ਚੰਗੀ ਗੱਲ ਐ। ਆਪਾਂ ਤੋਂ ਇਹ ਸਿਰਦਰਦੀ ਕਿੱਥੇ ਲਈ ਜਾਣੀ ਸੀ।”
“ਕਿੰਨੇ ਪਰਵਾਸੀ ਮਜ਼ਦੂਰ ਨਵੇਂ ਆਏ, ਕਿੰਨੇ ਛੱਡ ਕੇ ਚਲੇ ਗਏ... ਉਹੀ ਜਾਣੇ... ਆਪਾਂ ਚੜ੍ਹੇ ਮਹੀਨੇ ਬੱਝਵੇਂ ਪੈਸੇ ਫੜ ਲਿਆਈਦੇ ਐ।”
“ਚਲੋ, ਇਹ ਜੂਆ ਖੇਡਿਆ ਤਾਂ ਰਾਸ ਆ ਗਿਆ। ਪੋਲਟਰੀ ਤਾਂ ਘਾਟੇ ਵਾਲਾ ਸੌਦਾ ਹੋ ਗਿਆ ਹੁਣ। ਸਾਡੇ ਨਿਆਈਂ ਵਾਲੇ ਕਿੱਲੇ ਵਿੱਚੋਂ ਸੜਕ ਨਿਕਲ ਰਹੀ ਐ.... ਮੁਆਵਜ਼ਾ ਮਿਲਣ ਵਾਲਾ... ਮੈਂ ਵੀ ਕੋਈ ਪਲਾਟ ਲੈ ਕੇ ਇਹੀ ਜੁਗਾੜ ਬਣਾਉਣ ਦਾ ਸੋਚਦਾਂ...।” ਕੇਸਰ ਨੂੰ ਵੀ ਇਹ ਕੰਮ ਭਾਇਆ ਸੀ।
ਨਿਰਮਲ ਦੇ ਘਰ ਵਾਪਸ ਆਉਣ ਤੱਕ ਰਤਨਦੀਪ ਸੁੱਤਾ ਹੋਇਆ ਸੀ: ‘ਸ਼ਾਇਦ ਰਾਤ ਦਾ ਨਸ਼ਾ ਹਾਲੇ ਤੱਕ ਨਾ ਉਤਰਿਆ ਹੋਵੇ।’
“ਕਰਮਜੀਤ, ਕਿਵੇਂ ਸਮਝਾਈਏ ਰਤਨ ਨੂੰ?” ਨਿਰਮਲ ਨੂੰ ਕੋਈ ਰਾਹ ਨਹੀਂ ਸੀ ਸੁੱਝ ਰਿਹਾ।
“ਮੈਂ ਸਹਿਜ ਸੁਭਾਅ ਗੱਲ ਕਰੂੰਗੀ... ਤੂੰ ਨਾ ਤੱਤਾ ਹੋਈਂ... ਵੇਲਾ ਹੱਥ ਨ੍ਹੀਂ ਆਉਂਦਾ...।” ਕਰਮਜੀਤ ਹਕੀਕਤ ਦੇ ਜ਼ਿਆਦਾ ਨੇੜੇ ਸੀ।
“ਮੈਂ ਕਾਹਨੂੰ ਬੋਲਣੈ... ਆਈਲੈਟਸ ਕਰ ਲਵੇ ’ਕੇਰਾਂ... ਹਰਮਨ ਨੂੰ ਕਹਾਂਗੇ, ਆਪੇ ਧਿਆਨ ਰੱਖੂਗੀ... ਸਿਆਣੀ ਧੀ ਐ...।”
“ਤੂੰ ਨਾਸ਼ਤਾ ਕਰ ਲੈ... ਫੇਰ ਪਿੰਡ ਜਾ ਕੇ ਬੇਬੇ ਬਾਪੂ ਨੂੰ ਲੈ ਆਵਾਂਗੇ... ਘਰ ਦਾ ਜਿੰਦਰਾ ਹੁੰਦੇ ਨੇ ਵਡੇਰੇ...” ਕਰਮਜੀਤ ਦੀ ਸਿਆਣਪ ਨੇ ਨਿਰਮਲ ਨੂੰ ਕਾਇਲ ਕਰ ਦਿੱਤਾ ਸੀ।
ਫੋਨ ਦੀ ਘੰਟੀ ਵੱਜੀ। ਨੰਬਰ ਰਾਮ ਕਿਸ਼ੋਰ ਯਾਦਵ ਦਾ ਸੀ। ਨਿਰਮਲ ਦਾ ਮੱਥਾ ਠਣਕਿਆ: ‘ਮਹੀਨੇ ਦਾ ਅੱਧ ਚੱਲ ਰਿਹੈ... ਪਹਿਲਾਂ ਕਦੇ ਕਾਲ ਨ੍ਹੀਂ ਕੀਤੀ ਉਹਨੇ... ਸੁੱਖ ਹੋਵੇ।’
“ਸਰਦਾਰ ਜੀ, ਆਪ ਆ ਜਾਓ ਇੱਧਰ... ਪੁਲੀਸ ਨੇ ਰੇਡ ਕੀਤੀ ਐ... ਕੁਆਰਟਰ ਪੇ...” ਉਧਰੋਂ ਆਵਾਜ਼ ਸੀ।
“ਕਿਆ ਬਾਤ ਹੋਗੀ... ਚਲੋ ਮੈਂ ਆ ਰਹਾ ਹੂੰ।” ਅਣਕਿਆਸੀ ਚਿੰਤਾ ਅੱਗੇ ਆ ਖੜ੍ਹੀ ਸੀ।
“ਬਤਾ ਕੁਛ ਨਹੀਂ ਰਹੇ... ਗਾਲੀ ਪੇ ਗਾਲੀ ਨਿਕਾਲ ਰਹੇ ਹੈਂ ਪੁਲੀਸ ਵਾਲੇ... ਚਿੱਲਾ ਰਹਾ ਹੈ, ਮਾਲਕ ਕੋ ਬੁਲਾਓ।”
ਨਿਰਮਲ ਨੇ ਇਕੱਲੇ ਜਾਣਾ ਠੀਕ ਨਾ ਸਮਝਿਆ, ਮਤੇ ਕੋਈ ਅੜਬ ਥਾਣੇਦਾਰ ਬੇਇੱਜ਼ਤ ਕਰ ਦੇਵੇ। ਕੇਸਰ ਨੂੰ ਫੋਨ ਕੀਤਾ। ਉਹ ਕਿਤੇ ਵਾਂਢੇ ਚਲਾ ਗਿਆ ਸੀ। ਕੌਂਸਲਰ ਯਾਦਵਿੰਦਰ ਨੂੰ ਨਾਲ ਲਿਆ ਤੇ ਗਿਆਸਪੁਰੇ ਪਹੁੰਚ ਗਏ।
“ਸਰਦਾਰਾ! ਇਹ ਕਮਰੇ ਤੇਰੇ ਨੇ?” ਥਾਣੇਦਾਰ ਕੜਕਿਆ।
“ਹਾਂ ਜੀ, ਕਿਰਾਏ ਵਾਸਤੇ ਬਣਾਏ ਨੇ...” ਨਿਰਮਲ ਹੱਥ ਜੋੜੀ ਖੜ੍ਹਾ ਸੀ।
“ਕਿੰਨੇ ਬੰਦੇ ਰਹਿੰਦੇ ਨੇ ਏਥੇ?”
“ਰਾਮ ਕਿਸ਼ੋਰ, ਕਿੰਨੇ ਕੁ ਕਿਰਾਏਦਾਰ ਨੇ?” ਨਿਰਮਲ ਅਣਜਾਣ ਸੀ। ਰਾਮ ਕਿਸ਼ੋਰ ਚੁੱਪ।
“ਤੈਨੂੰ ਪਤਾ, ਏਥੇ ਕੀ ਕੀ ਕੰਮ ਹੁੰਦੇ ਨੇ... ਪਸ਼ੂਆਂ ਵਾਂਗੂੰ ਲੋਕ ਤੂੜੇ ਪਏ ਨੇ ਕਮਰਿਆਂ ਵਿੱਚ... ਨਾ ਕੋਈ ਸੁੱਖ, ਨਾ ਸਹੂਲਤ... ਇੱਕ ਟੂਟੀ, ਦੋ ਗੁਸਲਖਾਨੇ... ਬੱਸ... ਮੁਰਗੀਖ਼ਾਨਾ ਖੋਲ੍ਹਿਆ ਹੋਇਐ,” ਥਾਣੇਦਾਰ ਲਗਾਤਾਰ ਬੋਲੀ ਜਾ ਰਿਹਾ ਸੀ।
“ਸਰ, ਅੱਗੇ ਤੋਂ ਧਿਆਨ ਰੱਖਾਂਗੇ...” ਨਿਰਮਲ ਨੇ ਅਰਜ਼ੋਈ ਕੀਤੀ।
“ਕਿਰਾਇਆ ਜੇਬ ’ਚ ਪਾਓ ਤੇ ਗੱਲ ਖ਼ਤਮ। ਤੈਨੂੰ ਤਾਂ ਇਹ ਵੀ ਨ੍ਹੀਂ ਪਤਾ ਹੋਣਾ ਕਿ ਕੁਆਰਟਰਾਂ ’ਚ ਚਕਲਾ ਚੱਲਦੈ...” ਪੁਲਸੀਏ ਨੇ ਡੰਡਾ ਧਰਤੀ ’ਤੇ ਮਾਰਿਆ।
‘ਮੁਰਗੀਖਾਨੇ’ ਦਾ ਨਾਂ ਸੁਣ ਕੇ ਨਿਰਮਲ ਦੇ ਦਿਲੋ-ਦਿਮਾਗ਼ ’ਤੇ ਗਹਿਰ ਜਿਹੀ ਚੜ੍ਹ ਗਈ... ਬਦਬੂ... ਸੜ੍ਹਾਂਦ...। ਥਾਣੇਦਾਰ ਦੀ ਮਨਸ਼ਾ ਸਾਫ਼ ਸੀ। ਨਿਰਮਲ ਨੇ ਯਾਦਵਿੰਦਰ ਨੂੰ ਇਸ਼ਾਰਾ ਕੀਤਾ। ਨਵੇਂ ਨਵੇਂ ਨੇਤਾ ਬਣੇ ਕੌਂਸਲਰ ਨੇ ਰਾਜਨੀਤੀ ਦੀਆਂ ਸ਼ਤਰੰਜ ਚਾਲਾਂ ਸਿੱਖ ਲਈਆਂ ਸਨ।
“ਸੰਧੂ ਸਾਹਿਬ, ਐਧਰ ਆ ਜਾਓ... ਗੱਲ ਕਰਦੇ ਆਂ...” ਯਾਦਵਿੰਦਰ ਨੇ ਇੰਸਪੈਕਟਰ ਨੂੰ ਬੁਰਕੀ ਪਾਈ।
“ਕਾਹਦੀ ਗੱਲ ਕਰਨੀ ਐ... ਆਹ ਜਿਹੜੇ ਫੜੇ ਗਏ ਨੇ ਅੰਦਰੋਂ... ਇਨ੍ਹਾਂ ’ਤੇ ਤਾਂ ਕੇਸ ਪਊ ਹੀ ਪਊ... ਬੜੀਆਂ ਸ਼ਿਕਾਇਤਾਂ ਆਈਆਂ ਸਾਨੂੰ ਮੁਹੱਲੇ ’ਚੋਂ... ਬਈ ਇਹ ਬਦਚਲਣੀ ਦਾ ਅੱਡਾ ਬਣਿਆ ਹੋਇਐ...” ਥਾਣੇਦਾਰ ਕੋਈ ਲਿਹਾਜ਼ ਕਰਨ ਨੂੰ ਤਿਆਰ ਨਹੀਂ ਸੀ।
“ਸਰ, ਹਰ ਮਸਲੇ ਦਾ ਹੱਲ ਹੁੰਦੈ... ਮੈਂ ਥੋਡੀ ਐਮ.ਐਲ.ਏ. ਸਾਹਿਬ ਨਾਲ ਵੀ ਗੱਲ ਕਰਾ ਦਿੰਨਾ... ਆ ਜੋ, ਅੰਦਰ ਬੈਠਦੇ ਆਂ...।” ਅਗਲੀ ਚਾਲ ਨੇ ਅਸਰ ਦਿਖਾਇਆ। ਐਮ.ਐਲ.ਏ. ਦੇ ਨਾਂ ’ਤੇ ਪੁਲੀਸ ਵਾਲੇ ਦੇ ਤੇਵਰ ਕੁਝ ਨਰਮ ਪੈ ਗਏ ਸਨ। ਸੌਦਾ ਤੈਅ ਹੋ ਗਿਆ ਤੇ ਮਾਮਲਾ ਰਫ਼ਾ ਦਫ਼ਾ!
ਨਿਰਮਲ ਨੂੰ ਰਾਤ ਨੂੰ ਅੱਚਵੀ ਜਿਹੀ ਲੱਗੀ ਰਹੀ। ਉਸ ਨੂੰ ਪਛਤਾਵਾ ਵੀ ਹੋਇਆ ਅਤੇ ਆਪਣੇ ਆਪ ’ਤੇ ਗੁੱਸਾ ਵੀ ਆਇਆ ਕਿ ਪੋਲਟਰੀ ਫਾਰਮ ਵੇਚਣ ਵੇਲੇ ਬਾਪੂ ਨੇ ਨਵੇਂ ਕੰਮ ਤੋਂ ਵਰਜਿਆ ਸੀ, “ਪੁੱਤ ਇਹ ਕੰਮ ਆਪਣੇ ਵੱਸ ਨ੍ਹੀਂ... ਬਹੁਤ ਖ਼ਜਾਲਤ ਹੈ ਇਹਦੇ ਵਿੱਚ... ਆਪਾਂ ਨੂੰ ਆਪਣੇ ਕੰਮ ਹੀ ਸੋਂਹਦੇ ਐ...।” ਪੋਲਟਰੀ ਫਾਰਮ ਖ਼ਰੀਦਣ ਵਾਲਾ ਹੁਣ ਵੀ ਇਸ ਵਿੱਚੋਂ ਚੰਗੀ ਕਮਾਈ ਕਰ ਰਿਹਾ ਸੀ। ਸੋਚਦੇ ਸੋਚਦੇ ਬੇਬੇ ਬਾਪੂ ਦਾ ਫਿਰ ਖਿਆਲ ਆਇਆ ਤੇ ਕੱਲ੍ਹ ਸਵੇਰੇ ਹੀ ਉਨ੍ਹਾਂ ਨੂੰ ਘਰ ਲਿਆਉਣ ਦੀ ਠਾਣ ਲਈ। ‘ਗੁਰੂ ਘਰ ਵਾਲੇ ਕਥਾਵਾਚਕ ਵੀ ਦੱਸਦੇ ਹੁੰਦੇ ਨੇ ਕਿ ਪੁਰਖਿਆਂ ਦਾ ਸਿਰ ’ਤੇ ਹੱਥ ਰੱਖਣ ਨਾਲ ਕਈ ਬਲਾਵਾਂ ਟਲ਼ ਜਾਂਦੀਆਂ ਨੇ।’ ਸੁਵਿਚਾਰ ਨੇ ਥੋੜ੍ਹਾ ਠਰ੍ਹੰਮਾ ਦਿੱਤਾ ਤੇ ਗਹਿਰੀ ਨੀਂਦ ਆ ਗਈ।
ਰਤਨਦੀਪ ਦਾ ਆਇਲਜ਼ ਪਾਸ ਹੋ ਗਿਆ ਸੀ। ਉਹ ਖ਼ੁਸ਼ੀ ਵਿੱਚ ਨੱਚਦਾ ਫਿਰਦਾ ਸੀ, “ਹੁਣ ਕੈਨੇਡਾ ਦੇ ਨਜ਼ਾਰੇ ਲਵਾਂਗੇ... ਮੌਜਾਂ ਹੀ ਮੌਜਾਂ...।” ਨਿਰਮਲ ਨੇ ਭਜਨੇ ਨੂੰ ਕਹਿ ਕੇ ਹਰਮਨ ਨੂੰ ਫ਼ੋਨ ਕਰਕੇ ਰਤਨ ਦੇ ਉਸ ਕੋਲ ਪਹੁੰਚਣ ਦਾ ਸੁਨੇਹਾ ਲਾ ਦਿੱਤਾ। ਆਮ ਤੌਰ ’ਤੇ ਹਰਮਨ ਨੇ ਪਰਿਵਾਰ ਦਾ ਫੋਨ ਉਠਾਉਣਾ ਤਕਰੀਬਨ ਬੰਦ ਹੀ ਕਰ ਦਿੱਤਾ ਸੀ। ਜਦੋਂ ਵੀ ਉਸ ਨੂੰ ਕਾਲ ਕਰਨੀ ਤਾਂ ਜਵਾਬ ਮਿਲਣਾ, “ਮੈਂ ਸੁੱਤੀ ਹੋਈ ਸੀ... ਮੈਂ ਜੌਬ ’ਤੇ ਪਹੁੰਚ ਕੇ ਹੀ ਗੱਲ ਕਰ ਸਕਦੀ ਹਾਂ।” ਬਹੁਤੀ ਵਾਰੀ ਟਾਲਾ ਮਾਰਨ ਦੀ ਕੋਸ਼ਿਸ਼ ਕਰਨੀ। ਵੀਡੀਉ ਕਾਲ ਤਾਂ ਉਸ ਨੇ ਮਨ੍ਹਾ ਹੀ ਕਰ ਦਿੱਤੀ ਹੋਈ ਸੀ। ਭਜਨੇ ਦੇ ਟੱਬਰ ਵਾਸਤੇ ਇਹ ਨਵੀਂ ਚਿੰਤਾ ਉੱਭਰਨ ਲੱਗੀ ਸੀ। ‘ਐਨੀ ਰੁੱਝ ਗਈ ਕੰਮ ਵਿੱਚ? ... ਪੜ੍ਹਾਈ ਔਖੀ ਤਾਂ ਨਹੀਂ? ਕੋਈ ਗੱਲ ਲੁਕਾ ਤਾਂ ਨਹੀਂ ਰਹੀ?’ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਪਨਪਦੇ। ਨਾਲ ਹੀ ਥੋੜ੍ਹੀ ਤਸੱਲੀ ਹੁੰਦੀ ਕਿ ਰਤਨ ਅਤੇ ਉਸ ਦੇ ਇਕੱਠੇ ਰਹਿਣ ਨਾਲ ਇੱਕ ਦੂਜੇ ਦਾ ਸਹਾਰਾ ਬਣਿਆ ਰਹੇਗਾ।
ਨਿਰਮਲ ਅਤੇ ਕਰਮਜੀਤ ਭਰੇ ਮਨ ਨਾਲ ਰਤਨ ਨੂੰ ਦਿੱਲੀ ਹਵਾਈ ਅੱਡੇ ’ਤੇ ਛੱਡਣ ਗਏ। ਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ ਤੇ ਸ਼ੰਕਾਵਾਂ ਨੇ ਮਨ ਬੋਝਲ ਕੀਤਾ ਹੋਇਆ ਸੀ। ਰਤਨਦੀਪ ਵੀ ਸ਼ਾਇਦ ਕੁਝ ਅਗਾਊਂ ਦੇਖ ਰਿਹਾ ਸੀ, ਜਿੱਥੇ ਮਾਂ ਪਿਉ ਦੀ ਟੋਕ-ਟਕਾਈ ਜਾਂ ਨਸੀਹਤ ਨਹੀਂ ਸੀ ਲੱਭਣੀ। ਅਸਲੀਅਤ ਦਾ ਸਾਹਮਣਾ ਕਰਨਾ ਹੀ ਪੈਣਾ ਸੀ। ਇੱਕ ਨਵੀਂ ਜ਼ਿੰਮੇਵਾਰੀ ਦਾ ਅਹਿਸਾਸ- ਪੜ੍ਹਾਈ, ਕੰਮ, ਲੱਖਾਂ ਰੁਪਏ ਖਰਚ ਹੋਣ, ਨਵਾਂ ਮਾਹੌਲ- ਮਨ ਮਸਤਕ ਵਿੱਚ ਦਸਤਕ ਦੇ ਰਹੇ ਸਨ। ਦਿਲ ਵਿੱਚ ਆਇਆ ਕਿ ਕਹਿ ਦੇਵੇ “ਮੈਂ ਨਹੀਂ ਜਾਣਾ ਕੈਨੇਡਾ”। ਪਰ ਬੀਤਿਆ ਸਮਾਂ ਹੱਥ ਨਹੀਂ ਆਉਂਦਾ। ਜਦੋਂ ਤੱਕ ਸਮਝ ਆਉਂਦੀ ਹੈ, ਬਹੁਤ ਕੁਝ ਪਿੱਛੇ ਛੁੱਟ ਚੁੱਕਿਆ ਹੁੰਦਾ ਹੈ। ਬਾਏ ਬਾਏ ਕੀਤੀ। ਹੋਰਨਾਂ ਸੈਂਕੜੇ ਪਾੜ੍ਹਿਆਂ ਵਾਂਗ ਟਰਾਲੀ ’ਤੇ ਸਾਮਾਨ ਰੱਖਿਆ, ਐਂਟਰੀ ਲਈ ਤੇ ਚਿਹਰੇ ਅੱਖੋਂ ਓਝਲ ਹੁੰਦੇ ਗਏ।
ਹਰਮਨ ਟੋਰਾਂਟੋ ਏਅਰਪੋਰਟ ’ਤੇ ਰਤਨ ਨੂੰ ਲੈਣ ਆਈ ਹੋਈ ਸੀ। ਰਾਤ ਦੇ ਹਨੇਰੇ ਨੂੰ ਚੀਰਦੀਆਂ ਚਕਾਚੌਂਧ ਰੌਸ਼ਨੀਆਂ ਵਿੱਚ ਟੈਕਸੀ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ। ਘੰਟੇ ਕੁ ਪਿੱਛੋਂ ਗੱਡੀ ਇੱਕ ਵੱਡੀ ਰਿਹਾਇਸ਼ੀ ਇਮਾਰਤ ਅੱਗੇ ਰੁਕੀ। ਸਾਮਾਨ ਉਤਾਰਿਆ ਅਤੇ ਦੋ ਤਿੰਨ ਲੜਕਿਆਂ ਨੇ ਬੇਸਮੈਂਟ ਵਿੱਚ ਟਿਕਾ ਦਿੱਤਾ। ਦੋਵੇਂ ਰਾਤੀਂ ਕਾਫ਼ੀ ਦੇਰ ਤੱਕ ਗੱਲਾਂ ਕਰਦੇ ਰਹੇ। ਰਤਨ ਨੂੰ ਹਰਮਨ ਕੁਝ ਬਦਲੀ ਜਿਹੀ ਲੱਗੀ। ਪਹਿਲਾਂ ਵਰਗਾ ਨਿੱਘ ਕਿਤੇ ਗੁਆਚਾ ਹੋਇਆ। ਸਵੇਰੇ ਦੇਰ ਨਾਲ ਨੀਂਦ ਖੁੱਲ੍ਹੀ। ਦੇਖਿਆ ਕਿ ਹਰਮਨ ਦਾ ਛੋਟੇ ਜਿਹੇ ਕਾਗਜ਼ ਦੇ ਟੁਕੜੇ ’ਤੇ ਲਿਖਿਆ ਮੈਸੇਜ ਉਸ ਦੇ ਸਿਰਹਾਣੇ ਪਿਆ ਸੀ, ‘ਨਾਸ਼ਤਾ ਬਣਾ ਕੇ ਫ਼ਰਿੱਜ ਵਿੱਚ ਰੱਖ ਦਿੱਤਾ ਹੈ, ਖਾ ਲੈਣਾ... ਕੰਮ ’ਤੇ ਜਾਣਾ ਜ਼ਰੂਰੀ ਹੈ।’ ਸਿਰਫ਼ ਰਤਨ ਹੀ ਕਮਰੇ ਵਿੱਚ ਸੀ। ਬਾਕੀ ਜਣੇ ਚਲੇ ਗਏ ਸਨ। ਬਿਸਤਰੇ ਖਿੰਡੇ ਪੁੰਡੇ, ਰਸੋਈ ਵਿੱਚ ਜੂਠੇ ਬਰਤਨਾਂ ਦਾ ਢੇਰ, ਇੱਕ ਕੋਨੇ ਵਿੱਚ ਦਾਰੂ ਦੀਆਂ ਖਾਲੀ ਬੋਤਲਾਂ...।
ਹਫ਼ਤੇ ਕੁ ਬਾਅਦ ਸਵੇਰੇ ਰਤਨ ਅਤੇ ਇੱਕ ਪੜ੍ਹਾਕੂ ਮੁੰਡਾ ਗੋਮਾ ਹੀ ਕਮਰੇ ਵਿੱਚ ਸਨ। ਗੋਮੇ ਦੀ ਅੱਜ ਕਲਾਸ ਨਹੀਂ ਸੀ। ਉਸ ਨੂੰ ਅਜੇ ਤੱਕ ਕੋਈ ਨੌਕਰੀ ਵੀ ਨਹੀਂ ਮਿਲੀ ਸੀ। ਗੱਲਾਂ ਦਾ ਝਾਕਾ ਖੁੱਲ੍ਹ ਗਿਆ।
“ਯਾਰ, ਤੂੰ ਪਿਛਲੇ ਪੰਜ ਛੇ ਮਹੀਨੇ ਤੋਂ ਇੱਥੇ ਦੇਖ ਰਿਹੈਂ... ਮਾਹੌਲ ਕਿਵੇਂ ਲੱਗਿਆ?” ਰਤਨ ਲਈ ਸਭ ਓਪਰਾ ਸੀ।
“ਤੇਰੇ ਸਾਹਮਣੇ ਆ ਬਾਈ... ਜਗ੍ਹਾ ਤਾਂ ਇੱਥੇ ਚਾਰ ਜਣਿਆਂ ਦੀ ਐ, ਪਰ ਅੱਠ ਰਹਿਨੇ ਆਂ... ਚਾਰ ਜਣੇ ਰਹਿਣ ਨਾਲ ਤਾਂ ਕਿਰਾਇਆ ਵੀ ਨਹੀਂ ਦੇ ਹੋਣਾ... ਕੰਮਾਂ ਦੀ ਤੰਗੀ ਐ...” ਗੋਮੇ ਨੇ ਅਸਲੀਅਤ ਸਾਹਮਣੇ ਲਿਆ ਧਰੀ।
“ਮੈਂ ਵੀ ਦੇਖ ਰਿਹਾਂ... ਭੁੰਜੇ ਗੱਦੇ ਲਾਏ ਹੋਏ... ਨਾ ਚੱਜ ਦਾ ਖਾਣਾ ਪੀਣਾ, ਨਾ ਰਹਿਣਾ... ਮੁੰਡੇ ਕੁੜੀਆਂ ’ਕੱਠੇ... ਦਾਰੂ...ਨਸ਼ਾ” ਰਤਨ ਦਾ ਮਨ ਦਹਿਲ ਗਿਆ ਸੀ।
“ਭਰਾਵਾ, ਸਾਰੇ ਤਾਂ ਇਸ ਤਰ੍ਹਾਂ ਦੇ ਨਹੀਂ ਹੁੰਦੇ, ਪਰ ਘਰ ਵਰਗੀ ਮੌਜ ਨ੍ਹੀਂ ਲੱਭਦੀ ਏਥੇ। ਘਰਦਿਆਂ ਨੂੰ ਦੱਸੀਦਾ ਬਈ ਸੌਖੇ ਆਂ... ਮਿੱਠੀ ਜੇਲ੍ਹ ਐ... ਵਾਪਸ ਜਾਣ ਨੂੰ ਦਿਲ ਤਾਂ ਬਥੇਰਾ ਕਰਦੈ, ਪਰ ਮੁੜੀਏ ਕਿਹੜੇ ਹੌਸਲੇ... ਲੱਖਾਂ ਦੇ ਕਰਜ਼ੇ ਲੈ ਕੇ ਤਾਂ ਆਏ ਹਾਂ।” ਗੋਮੇ ਦਾ ਮਨ ਵੀ ਓਦਰ ਗਿਆ ਸੀ।
“ਸੱਚੀਂ, ਮੈਨੂੰ ਤਾਂ ਇਹ ਬੇਸਮੈਂਟ ਮੁਰਗੀਖ਼ਾਨਾ ਈ ਲੱਗਿਆ... ਦਮ ਘੁੱਟਦੈ...।”
“ਵੀਰੇ, ਹੁਣ ਤਾਂ ਏਸੇ ਨੂੰ ਫਾਈਵ ਸਟਾਰ ਸਮਝ... ਹੌਲ਼ੀ ਹੌਲ਼ੀ ਆਦਤ ਬਣ ਜੂ ਗੀ...।”
ਰਤਨ ਦਾ ਮਨ ਬੁਝਿਆ ਹੋਇਆ ਸੀ। ਰਹਿ ਰਹਿ ਕੇ ਬਾਪੂ ਦੀਆਂ ਗੱਲਾਂ ਯਾਦ ਆ ਰਹੀਆਂ ਸਨ, “ਪੁੱਤ, ਆਪਣਾ ਇੱਥੇ ਹੀ ਕਨੇਡਾ, ਅਮਰੀਕਾ... ਉੱਥੇ ਵੀ ਮਿਹਨਤ ਮਜੂਰੀ ਕਰਨੀ ਪੈਂਦੀ ਐ... ਬੇਬੇ ਦੀਆਂ ਪੱਕੀਆਂ ਨ੍ਹੀਂ ਮਿਲਦੀਆਂ... ਬਰਗਰ ਪੀਜੇ ਵੀ ਪੰਜ ਸੱਤ ਦਿਨ ਹੀ ਚੰਗੇ ਲੱਗਦੇ ਨੇ... ਅਸੀਂ ਵੀ ਪਤਾ ਨ੍ਹੀਂ ਕਿੰਨੇ ਕੁ ਦਿਨ ਦੇ ਮਹਿਮਾਨ ਆਂ...।” ਰਾਤ ਨੂੰ ਨੀਂਦ ਨਾ ਆਈ। ਜੇ ਘੜੀ ਅੱਖ ਲੱਗੀ ਵੀ ਤਾਂ ਦਾਦਾ ਦਾਦੀ ਦੀਆਂ ਕੰਬਦੀਆਂ ਕਲਾਈਆਂ, ਝੁਰੜੀਆਂ ਭਰੇ ਚਿਹਰੇ ਹੀ ਨਜ਼ਰੀਂ ਪਏ... ਸਬਰ, ਸੰਤੋਖ ਦੀ ਮੂਰਤ।
ਸੋਚਾਂ ਵਿੱਚ ਡੁੱਬੇ ਰਤਨਦੀਪ ਨੂੰ ਘਰ ਦੀ ਸਰਦਾਰੀ ਛੱਡ ਕੇ ਇੱਥੋਂ ਦੀ ਜ਼ਿੰਦਗੀ ਹੰਢਾਉਣ ਦੇ ਖ਼ਿਆਲ ਨੇ ਰਾਤੋ ਰਾਤ ਸੂਝਵਾਨ ਬਣਾ ਦਿੱਤਾ। ਮਨ ਵਿੱਚ ਪੱਕੀ ਧਾਰ ਲਈ ‘ਵਾਪਸ ਹੀ ਜਾਣਾ’ ਹੈ। ਲੋਕਾਂ ਦੇ ਤਾਅਨਿਆਂ ਮਿਹਣਿਆਂ ਦਾ ਜਵਾਬ ਦੇਣ ਲਈ ‘ਨਵਾਂ’ ਰਤਨਦੀਪ ਜਨਮ ਲਵੇਗਾ। ਉੱਧਰ ਘਰ ਸੁੰਨਾ ਹੋਣ ਕਰ ਕੇ ਨਿਰਮਲ ਤੇ ਕਰਮਜੀਤ ਨੇ ਬੇਬੇ ਬਾਪੂ ਨੂੰ ਸ਼ਹਿਰ ਲੈ ਆਂਦਾ। ਬਹੁਤ ਸਾਲਾਂ ਪਿੱਛੋਂ ਮਨ ਅੰਦਰੂਨੀ ਤ੍ਰਿਪਤੀ ਨਾਲ ਲਬਰੇਜ਼ ਹੋਇਆ ਸੀ ਜਿਵੇਂ ਸਿਰ ’ਤੇ ਕੋਈ ਘਣਾ ਪ੍ਰਛਾਵਾਂ ਛਾ ਗਿਆ ਹੋਵੇ।
ਸਰਘੀ ਵੇਲੇ ਦਰਵਾਜ਼ੇ ’ਤੇ ਠੱਕ ਠੱਕ ਹੋਈ। ਬਾਪੂ ਸਰਵਣ ਸਿਹੁੰ ਦੀ ਗੁਰਦੁਆਰੇ ਭਾਈ ਜੀ ਦੇ ਵਾਕ ਲੈਣ ਨਾਲ ਹੀ ਨੀਂਦ ਖੁੱਲ੍ਹ ਗਈ ਸੀ। ‘ਐਸ ਵੇਲੇ ਕੌਣ ਹੋ ਸਕਦੈ?’ ਪਰਵਰਦਿਗਾਰ ਤੋਂ ਸੁਖ-ਸ਼ਾਂਤੀ ਦੀ ਦੁਆ ਮੰਗੀ। ਗੇਟ ਖੋਲ੍ਹਿਆ ਤਾਂ ਖ਼ੁਸ਼ੀ ਅਤੇ ਚਿੰਤਾ ਦੇ ਰਲਵੇਂ ਪ੍ਰਛਾਵਿਆਂ ਨੇ ਮੱਥੇ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਕਰ ਦਿੱਤੀਆਂ। ਨਿਰਮਲ ਅਤੇ ਕਰਮਜੀਤ ਵੀ ਕਿਸੇ ਅਚੰਭੇ ਵੱਸ ਰਤਨਦੀਪ ਵੱਲ ਬਿੱਟ ਬਿੱਟ ਵੇਖ ਰਹੇ ਸਨ। ਮੂੰਹੋਂ ਸ਼ਬਦ ਨਹੀਂ ਸਨ ਨਿਕਲ ਰਹੇ। ਕਰਮਜੀਤ ਨੇ ਲਾਡਲੇ ਨੂੰ ਛਾਤੀ ਨਾਲ ਘੁੱਟਿਆ, “ਮੇਰਾ ਪੁੱਤ!” ਸੁਣਨ ਦੀ ਦੇਰ ਸੀ ਕਿ ਰਤਨ ਦੀਆਂ ਅੱਖਾਂ ਨੇ ਹੰਝੂਆਂ ਦੀ ਝੜੀ ਲਗਾ ਦਿੱਤੀ।
“ਮੈਂ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਰਹਿ ਸਕਿਆ... ਮੈਨੂੰ ਮਾਫ਼...” ਰਤਨਦੀਪ ਦਾ ਗੱਚ ਭਰਿਆ ਹੋਇਆ ਸੀ।
“ਤੂੰ ਸਾਡਾ ਸੁਪਨਾ ਏਂ, ਪੁੱਤਰਾ... ਸਾਡੇ ਕੱਲ੍ਹ ਦਾ ਵਾਰਸ...” ਨਿਰਮਲ ਭਾਵਨਾ ਵਿੱਚ ਵਹਿ ਗਿਆ।
“ਮੇਰਾ ਇੱਥੇ ਹੀ ਕੈਨੇਡਾ ਐ... ਹੁਣ ਮੈਂ ਇੱਥੇ ਰਹਿ ਕੇ ਹੀ ਕੰਮ ਕਰੂੰਗਾ।”
“ਕੀ ਕੰਮ ਕਰੇਂਗਾ... ਮੁਰਗੀਖਾਨੇ ਦਾ...?” ਸਰਵਣ ਸਿਹੁੰ ਨੇ ਹੱਥਾਂ ਵਿੱਚ ਰਤਨਦੀਪ ਦਾ ਚਿਹਰਾ ਲੈਂਦਿਆਂ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
“ਨਾ...ਨਾ...ਨਾ... ਮੁਰਗੀਖਾਨਾ ਨ੍ਹੀਂ... ਪੋਲਟਰੀ ਫਾਰਮ...।” ਰਤਨਦੀਪ ਦੀਆਂ ਵਾਛਾਂ ਖਿੜੀਆਂ ਹੋਈਆਂ ਸਨ।
ਨਿਰਮਲ ਨੂੰ ਜਾਪਿਆ ਜਿਵੇਂ ਬਾਪੂ ਖੇਤ ਵਾਲਾ ਸੰਘਣਾ ਬੋਹੜ ਹੋਵੇ... ਜੜ੍ਹਾਂ ਦੂਰ ਤੱਕ ਫੈਲੀਆਂ ਹੋਈਆਂ... ਰਿਸ਼ਤਿਆਂ ਦੀ ਮਿੱਟੀ ਨੂੰ ਖੁਰਨੋਂ ਬਚਾਉਂਦੀਆਂ...!
ਸੰਪਰਕ: 89684-33500