For the best experience, open
https://m.punjabitribuneonline.com
on your mobile browser.
Advertisement

ਇਰਾਨ-ਪਾਕਿਸਤਾਨ ਟਕਰਾਅ ਦੇ ਮੂਲ ਕਾਰਨ

06:20 AM Feb 01, 2024 IST
ਇਰਾਨ ਪਾਕਿਸਤਾਨ ਟਕਰਾਅ ਦੇ ਮੂਲ ਕਾਰਨ
Advertisement

ਵਿਵੇਕ ਕਾਟਜੂ

Advertisement

ਪਾਕਿਸਤਾਨ ਆਧਾਰਿਤ ਇਰਾਨੀ ਬਲੋਚ ਦਹਿਸ਼ਤੀ ਗਰੁੱਪ ਜੈਸ਼ ਅਲ-ਅਦਲ ਨੇ ਬੀਤੀ 15 ਦਸੰਬਰ ਨੂੰ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਰਾਸਕ ਵਿਖੇ ਥਾਣੇ ਉਤੇ ਹਮਲਾ ਕੀਤਾ। ਇਹ ਥਾਂ ਇਰਾਨ-ਪਾਕਿਸਤਾਨ ਸਰਹੱਦ ਤੋਂ ਕਰੀਬ 60 ਕਿਲੋਮੀਟਰ ਦੂਰ ਹੈ। ਹਮਲੇ ਵਿਚ 11 ਪੁਲੀਸ ਜਵਾਨ ਮਾਰੇ ਗਏ। ਇਰਾਨੀ ਫ਼ੌਜ (ਇਰਾਨੀ ਰੈਵੋਲਿਊਸ਼ਨਰੀ ਗਾਰਡਜ਼) ਨੇ ਜਵਾਬੀ ਕਾਰਵਾਈ ਕਰਦਿਆਂ 16 ਜਨਵਰੀ ਨੂੰ ਪਾਕਿਸਤਾਨ ਸਰਹੱਦ ਦੇ ਕਰੀਬ 45 ਕਿਲੋਮੀਟਰ ਅੰਦਰ ਸਬਜ਼ ਕੋਹ ਵਿਖੇ ਜੈਸ਼ ਅਲ-ਅਦਲ ਦੇ ਦੱਸੇ ਜਾਂਦੇ ਟਿਕਾਣੇ ਉਤੇ ਡਰੋਨਾਂ ਅਤੇ ਮਿਜ਼ਾਇਲਾਂ ਨਾਲ ਹਮਲਾ ਕੀਤਾ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਸ ਹਮਲੇ ਵਿਚ ਦੋ ਬੱਚੇ ਮਾਰੇ ਗਏ ਅਤੇ ਤਿੰਨ ਜ਼ਖ਼ਮੀ ਹੋ ਗਏ। ਪਾਕਿਸਤਾਨ ਨੇ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਬਦਲੇ ਇਰਾਨ ਦੀ ਨਿਖੇਧੀ ਕਰਦਿਆਂ ਤਹਿਰਾਨ ਤੋਂ ਆਪਣਾ ਰਾਜਦੂਤ ਵਾਪਸ ਸੱਦ ਲਿਆ; ਨਾਲ ਹੀ ਚਿਤਾਵਨੀ ਦਿੱਤੀ ਕਿ ਇਰਾਨ ਦੀ ਇਸ ‘ਗ਼ੈਰ-ਕਾਨੂੰਨੀ’ ਕਾਰਵਾਈ ਦੇ ‘ਗੰਭੀਰ ਸਿੱਟੇ ਨਿਕਲਣਗੇ’।
ਇਰਾਨ ਦੇ ਹਮਲੇ ਨੇ ਇਸ ਦੇ ਗੁੰਝਲਦਾਰ ਸਿਆਸੀ ਢਾਂਚੇ ਅਤੇ ਸਫ਼ਾਰਤਕਾਰੀ ਦੇ ਵੱਖ ਵੱਖ ਪਹਿਲੂ ਜ਼ਾਹਿਰ ਕੀਤੇ ਹਨ। ਜਦੋਂ ਇਰਾਨ ਨੇ ਇਹ ਕਾਰਵਾਈ ਕੀਤੀ ਉਦੋਂ ਦੋਵਾਂ ਮੁਲਕਾਂ ਦੀਆਂ ਸਮੁੰਦਰੀ ਫ਼ੌਜਾਂ ਸਾਂਝੀਆਂ ਜੰਗੀ ਮਸ਼ਕਾਂ ਕਰ ਰਹੀਆਂ ਸਨ; ਨਾਲ ਹੀ ਪਾਕਿਸਤਾਨ ਦੇ ਉਚੇਰੀ ਸਿੱਖਿਆ ਬਾਰੇ ਕਮਿਸ਼ਨ ਦਾ ਵਫ਼ਦ ਚਾਬਹਾਰ ਵਿਚ ਸਾਂਝੇ ਤੌਰ ’ਤੇ ਸਾਇੰਸ ਤੇ ਤਕਨਾਲੋਜੀ ਪਾਰਕ ਕਾਇਮ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰਨ ਲਈ ਇਰਾਨ ਦੇ ਇਸ ਬੰਦਰਗਾਹ ਸ਼ਹਿਰ ਦੇ ਦੌਰੇ ਉਤੇ ਸੀ। ਇਹੀ ਨਹੀਂ, ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਆਮਿਰ-ਅਬਦੁੱਲਾਹਿਅਨ ਨੇ ਹਮਲੇ ਤੋਂ ਮਹਿਜ਼ ਦੋ ਘੰਟੇ ਪਹਿਲਾਂ ਪਾਕਿਸਤਾਨ ਦੇ ਕਾਇਮ ਮੁਕਾਮ ਪ੍ਰਧਾਨ ਮੰਤਰੀ ਅਨਵਾਰੁੱਲ ਹੱਕ ਕਾਕੜ ਨਾਲ ਦਾਵੋਸ ਵਿਚ ਮੁਲਾਕਾਤ ਕੀਤੀ ਸੀ। ਜੈਸ਼ ਅਲ-ਅਦਲ ਨੇ ਸਿਸਤਾਨ-ਬਲੋਚਿਸਤਾਨ ਵਿਚ ਪਹਿਲਾਂ ਵੀ ਕਈ ਵਾਰ ਹਮਲੇ ਕੀਤੇ ਹਨ। ਇਸ ਦੇ ਬਾਵਜੂਦ ਇਰਾਨ ਨੇ ਪਹਿਲੇ ਮੌਕਿਆਂ ਉਤੇ ਇਸ ਵਾਰ ਵਰਗਾ ਪ੍ਰਤੀਕਰਮ ਨਹੀਂ ਦਿੱਤਾ ਸੀ। ਰੈਵੋਲਿਊਸ਼ਨਰੀ ਗਾਰਡਜ਼ ਸਿੱਧੇ ਤੌਰ ’ਤੇ ਇਰਾਨ ਦੇ ਸਿਖਰਲੇ ਆਗੂ ਆਇਤੁੱਲਾ ਖਮੈਨੀ ਦੇ ਹੁਕਮਾਂ ਤਹਿਤ ਕੰਮ ਕਰਦੇ ਹਨ, ਇਸ ਲਈ ਇਹ ਵਿਸ਼ਵਾਸ ਕਰਨਾ ਨਾਮੁਮਕਿਨ ਹੈ ਕਿ 16 ਜਨਵਰੀ ਦੇ ਹਮਲੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕੀਤੇ ਗਏ ਹੋਣਗੇ।
ਇਰਾਨ ਨੇ ਜਦੋਂ ਸਬਜ਼ ਕੋਹ ਵਿਖੇ ਹਮਲਾ ਕੀਤਾ, ਲਗਪਗ ਉਸੇ ਹੀ ਸਮੇਂ ਉਸ ਨੇ ਸੀਰੀਆ ਅਤੇ ਇਰਾਕ ਵਿਚ ਵੀ ਵੱਖ ਵੱਖ ਟਿਕਾਣਿਆਂ ਉਤੇ ਹਮਲੇ ਕੀਤੇ। ਇਸ ਨੇ ਦਾਅਵਾ ਕੀਤਾ ਕਿ ਉਸ ਨੇ ਇਜ਼ਰਾਈਲੀ ਜਾਸੂਸੀ ਟਿਕਾਣਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ ਪਰ ਉਸ ਵੱਲੋਂ ਪਾਕਿਸਤਾਨ ਵਿਚ ਕੀਤਾ ਹਮਲਾ ਸਿਫ਼ਤੀ ਰੂਪ ਵਿਚ ਵੱਖਰਾ ਸੀ ਕਿਉਂਕਿ ਜਿਥੇ ਸੀਰੀਆ ਤੇ ਇਰਾਕ ਹਮਲਿਆਂ ਦਾ ਜਵਾਬ ਨਹੀਂ ਦੇ ਸਕਦੇ ਸਨ, ਉਥੇ ਪਾਕਿਸਤਾਨ ਅਜਿਹਾ ਕਰ ਸਕਦਾ ਸੀ ਅਤੇ ਉਸ ਨੇ ਠੀਕ ਇਹੋ ਕੁਝ ਕੀਤਾ ਵੀ। ਪਾਕਿਸਤਾਨ ਨੇ 18 ਜਨਵਰੀ ਨੂੰ ਐਲਾਨ ਕੀਤਾ ਕਿ ਉਸ ਦੀਆਂ ਫ਼ੌਜਾਂ ਨੇ ਇਰਾਨ ਵਿਚ ਦਹਿਸ਼ਤੀ ਟਿਕਾਣਿਆਂ ਖ਼ਿਲਾਫ਼ ਖ਼ੁਫ਼ੀਆ ਸੂਚਨਾਵਾਂ ਉਤੇ ਆਧਾਰਿਤ ਵਿਸ਼ੇਸ਼ ਨਿਸ਼ਾਨਿਆਂ ਉਤੇ ਹਮਲੇ ਕੀਤੇ ਹਨ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਹ ਹਮਲੇ ਬਲੋਚਿਸਤਾਨ ਲਬਿਰੇਸ਼ਨ ਆਰਮੀ (ਬੀਐੱਲਏ) ਅਤੇ ਬਲੋਚਿਸਤਾਨ ਲਬਿਰੇਸ਼ਨ ਫਰੰਟ (ਬੀਐੱਲਐੱਫ) ਦੇ ਟਿਕਾਣਿਆਂ ਉਤੇ ਕੀਤੇ ਗਏ। ਇਰਾਨ ਵਾਂਗ ਪਾਕਿਸਤਾਨ ਨੇ ਵੀ ਇਹੋ ਦਾਅਵਾ ਕੀਤਾ ਕਿ ਉਸ ਦਾ ਕਿਸੇ ਹੋਰ ਮੁਲਕ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਉਸ ਨੂੰ ਆਪਣੇ ਸੁਰੱਖਿਆ ਹਿੱਤਾਂ ਦੇ ਮੱਦੇਨਜ਼ਰ ਇਹ ਕਾਰਵਾਈ ਕਰਨੀ ਪਈ। ਇਰਾਨ ਨੇ ਆਪਣੇ ਗੁਆਂਢੀ ਦੇ ਹਮਲੇ ਉਤੇ ਵਿਰੋਧ ਜ਼ਾਹਿਰ ਕੀਤਾ ਅਤੇ ਕਿਹਾ ਕਿ ਇਸ ਕਾਰਨ ਨੌਂ ਬੰਦੇ ਮਾਰੇ ਗਏ।
ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਦੋਵਾਂ ਮੁਲਕਾਂ ਦਰਮਿਆਨ ਭਾਈਚਾਰਕ ਰਿਸ਼ਤਿਆਂ ਉਤੇ ਜ਼ੋਰ ਦਿੱਤਾ ਅਤੇ ਨਾਲ ਹੀ ਖ਼ਬਰਦਾਰ ਕੀਤਾ ਕਿ ‘ਦੁਸ਼ਮਣ’ ਉਨ੍ਹਾਂ ਦੇ ਆਪਸੀ ਸਬੰਧਾਂ ਵਿਚ ਵਿਘਨ ਨਹੀਂ ਪਾ ਸਕਦੇ। ਜ਼ਾਹਿਰ ਹੀ ਸੀ ਕਿ ਹਮਲੇ ਅਤੇ ਮੋੜਵੇਂ ਹਮਲੇ ਹੋ ਚੁੱਕੇ ਸਨ ਅਤੇ ਦੋਵੇਂ ਮੁਲਕ ਤਣਾਅ ਘਟਾਉਣਾ ਚਾਹੁੰਦੇ ਸਨ। ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਹਾਲਾਤ ਸ਼ਾਂਤ ਕਰਨ ਲਈ ਟੈਲੀਫੋਨ ਉਤੇ ਗੱਲਬਾਤ ਕੀਤੀ। ਸੱਚਮੁੱਚ, ਦੋਵੇਂ ਮੁਲਕਾਂ ਦੇ ਘਰੇਲੂ ਅਤੇ ਨਾਲ ਹੀ ਖ਼ਿੱਤੇ ਦੇ ਹਾਲਾਤ ਜਿਨ੍ਹਾਂ ਵਿਚ ਗਾਜ਼ਾ ’ਚ ਇਜ਼ਰਾਈਲ ਦੀ ਕਾਰਵਾਈ ਵੀ ਸ਼ਾਮਲ ਹੈ, ਉਨ੍ਹਾਂ ਨੂੰ ਤਣਾਅ ਵਧਾਉਣ ਦੀ ਇਜਾਜ਼ਤ ਨਹੀਂ ਸਨ ਦਿੰਦੇ। ਉਂਝ ਵੀ ਦੋਵਾਂ ਦੇ ਚੀਨ ਨਾਲ ਵੀ ਗੂੜ੍ਹੇ ਰਿਸ਼ਤੇ ਹਨ ਅਤੇ ਉਸ ਨੇ ਵੀ ਦੋਵਾਂ ਨੂੰ ਤਣਾਅ ਘਟਾਉਣ ਲਈ ਆਖਿਆ।
ਇਸ ਤੋਂ ਇਹੋ ਗੱਲ ਉੱਭਰ ਕੇ ਆਉਂਦੀ ਹੈ ਕਿ ਇਰਾਨ ਦੀ ਇਸ ਕਾਰਵਾਈ ਦੀ ਘੋਖ ਕਰਨ ਦੀ ਲੋੜ ਹੈ। ਅਜਿਹਾ ਖ਼ਾਸ ਕਰ ਕੇ ਇਸ ਕਾਰਨ ਵੀ ਹੈ ਕਿ ਇਸ ਕੋਲ ਜੈਸ਼ ਅਲ-ਅਦਲ ਦੇ 15 ਦਸੰਬਰ ਵਾਲੇ ਹਮਲੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਹੋਰ ਅਤੇ ਵਧੇਰੇ ਰਵਾਇਤੀ ਇਰਾਨੀ ਢੰਗ-ਤਰੀਕੇ ਵੀ ਸਨ। ਇਸ ਤੋਂ ਪਹਿਲਾਂ ਕਿ ਇਰਾਨੀ ਕਾਰਵਾਈ ਦੇ ਕਾਰਨਾਂ ਉਤੇ ਗ਼ੌਰ ਕੀਤੀ ਜਾਵੇ, ਸਾਡੇ ਲਈ ਇਰਾਨ ਤੇ ਪਾਕਿਸਤਾਨ ਵਿਚ ਬਲੋਚਾਂ ਦੀ ਹਾਲਤ ਦੇ ਕੁਝ ਪੱਖਾਂ ਉਤੇ ਝਾਤ ਮਾਰ ਲੈਣੀ ਬਿਹਤਰ ਹੋਵੇਗੀ, ਕਿਉਂਕਿ ਉਸ ਦਾ ਇਸ ਹਮਲੇ ਅਤੇ ਮੋੜਵੇਂ ਹਮਲੇ ਉਤੇ ਵਡੇਰੇ ਮੁੱਦੇ ਦੇ ਉਪ-ਮੁੱਦੇ ਵਜੋਂ ਪ੍ਰਭਾਵ ਹੋਵੇਗਾ।
ਜੈਸ਼ ਅਲ-ਅਦਲ ਸੁੰਨੀ ਗਰੁੱਪ ਹੈ ਜਿਹੜਾ ਇਰਾਨ ਦੀ ਸ਼ੀਆ ਹਕੂਮਤ ਵੱਲੋਂ ਗ਼ੈਰ-ਸ਼ੀਆ ਲੋਕਾਂ ਪ੍ਰਤੀ ਅਪਣਾਈ ਜਾਣ ਵਾਲੀ ਪੱਖਪਾਤੀ ਪਹੁੰਚ ਕਾਰਨ ਤਹਿਰਾਨ ਖ਼ਿਲਾਫ਼ ਮੁਹਿੰਮ ਚਲਾ ਰਿਹਾ ਹੈ। ਆਮ ਕਰ ਕੇ ਜਿਥੇ ਕੇਂਦਰੀ ਇਰਾਨ ਸ਼ੀਆ ਲੋਕਾਂ ਦੀ ਆਬਾਦੀ ਵਾਲਾ ਖ਼ਿੱਤਾ ਹੈ, ਉਥੇ ਇਸ ਦੇ ਬਾਹਰਲੇ ਘੇਰੇ (ਸਰਹੱਦੀ ਖੇਤਰਾਂ) ਵਿਚ ਸੁੰਨੀ ਲੋਕਾਂ ਦਾ ਵਸੇਬਾ ਹੈ, ਤੇ ਇਨ੍ਹਾਂ ਵਿਚ ਬਲੋਚ ਵੀ ਸ਼ਾਮਲ ਹਨ ਜੋ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਰਹਿੰਦੇ ਹਨ। ਆਮ ਸ਼ੀਆ ਇਰਾਨੀਆਂ ਅਤੇ ਬਲੋਚਾਂ ਦਰਮਿਆਨ ਜ਼ਾਹਿਰਾ ਤੌਰ ’ਤੇ ਕੁਝ ਵੀ ਸਾਂਝਾ ਨਹੀਂ ਹੈ। ਸੱਭਿਅਕ/ਸ਼ਹਿਰੀ ਸ਼ੀਆ ਇਰਾਨੀ ਲੋਕ ਬਲੋਚਾਂ ਅਤੇ ਇਸੇ ਤਰ੍ਹਾਂ ਹੋਰ ਸੁੰਨੀ ਲੋਕਾਂ ਨੂੰ ਵੀ ਇਰਾਨ ਦੇ ਸੱਤਾ ਢਾਂਚੇ ਵਿਚ ਰਤਾ ਜਿੰਨਾ ਪੈਰ ਧਰਨ ਦੀ ਵੀ ਇਜਾਜ਼ਤ ਨਹੀਂ ਦਿੰਦੇ।
ਬਲੋਚ ਰਕਬੇ ਪੱਖੋਂ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਵਿਚ ਵੀ ਰਹਿੰਦੇ ਹਨ। ਦਹਾਕਿਆਂ ਦੌਰਾਨ ਪਾਕਿਸਤਾਨੀ ਸਟੇਟ/ਰਿਆਸਤ ਬਲੋਚਾਂ ਨੂੰ ਉਨ੍ਹਾਂ ਦੇ ਆਪਣੇ ਹੀ ਸੂਬੇ ਵਿਚ ਘੱਟਗਿਣਤੀ ਬਣਾਉਣ ਵਿਚ ਕਾਮਯਾਬ ਰਹੀ ਹੈ। ਬਲੋਚਾਂ ਦਾ ਇਕ ਹਿੱਸਾ ਮੰਨਦਾ ਹੈ ਕਿ 1947 ਵਿਚ ਬਲੋਚ ਕਲਾਤ ਰਿਆਸਤ ਦਾ ਪਾਕਿਸਤਾਨ ਵਿਚ ਕੀਤਾ ਗਿਆ ਰਲੇਵਾਂ ਗ਼ੈਰ-ਕਾਨੂੰਨੀ ਸੀ ਅਤੇ ਉਹ ਇਸ ਨਾਲ ਇਤਫ਼ਾਕ ਨਹੀਂ ਰੱਖਦੇ। ਉਹ ਪਾਕਿਸਤਾਨੀ ਰਿਆਸਤ/ਸਟੇਟ ਖ਼ਿਲਾਫ਼ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ ਅਤੇ ਬੀਐੱਲਏ ਤੇ ਬੀਐੱਲਐੱਫ ਵਰਗੀਆਂ ਜਥੇਬੰਦੀਆਂ ਅਜਿਹੀ ਜੱਦੋਜਹਿਦ ਦਾ ਹਿੱਸਾ ਹਨ। ਪਾਕਿਸਤਾਨੀ ਫ਼ੌਜ ਨੇ ਬਲੋਚ ਕੌਮਪ੍ਰਸਤੀ ਦੀ ਭਾਵਨਾ, ਖ਼ਾਸਕਰ ਬੀਐੱਲਏ ਤੇ ਬੀਐੱਲਐੱਫ ਰਾਹੀਂ ਚੱਲਦੇ ਸੰਘਰਸ਼ ਨੂੰ ਦਰੜਨ ਲਈ ਸਿਰੇ ਦੇ ਜ਼ਾਲਮਾਨਾ ਢੰਗ-ਤਰੀਕੇ ਅਪਣਾਏ ਹਨ। ਲਾਪਤਾ ਬਲੋਚ ਮਰਦਾਂ ਦਾ ਮਾਮਲਾ ਪਾਕਿਸਤਾਨੀ ਸੁਪਰੀਮ ਕੋਰਟ ਤੱਕ ਪੁੱਜ ਗਿਆ ਹੈ ਪਰ ਇਸ ਦਾ ਬਲੋਚ ਨੌਜਵਾਨਾਂ ਉਤੇ ਪਾਕਿਸਤਾਨੀ ਫ਼ੌਜ ਵੱਲੋਂ ਢਾਹੇ ਜਾਣ ਵਾਲੇ ਜਬਰ ’ਤੇ ਕੋਈ ਅਸਰ ਨਹੀਂ ਪਿਆ।
ਪਾਕਿਸਤਾਨ ਵਿਚ ਬਲੋਚ ਕਦੇ ਵੀ ਪਾਕਿਸਤਾਨੀ ਸਟੇਟ ਨਾਲ ਟੱਕਰ ਲੈਣ ਲਈ ਆਪਣੀ ਏਕਤਾ ਕਾਇਮ ਕਰਨ ਦੇ ਸਮਰੱਥ ਨਹੀਂ ਹੋ ਸਕੇ। ਇਸ ਕਾਰਨ ਇਰਾਨੀ ਜਾਂ ਪਾਕਿਸਤਾਨੀ ਬਲੋਚਾਂ ਦਰਮਿਆਨ ਕਦੇ ਵੀ ਆਪਣੇ ਹਿੱਤਾਂ ਨੂੰ ਹੁਲਾਰਾ ਦੇਣ ਵਾਸਤੇ ਕਿਸੇ ਤਰ੍ਹਾਂ ਦੀ ਇਕਮੁੱਠ ਕਾਰਵਾਈ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਸਕੀ। ਇਸ ਦੇ ਉਲਟ ਬਲੋਚਾਂ ਨੂੰ ਦਬਾਉਣ ਲਈ ਇਰਾਨ ਅਤੇ ਪਾਕਿਸਤਾਨ ਦੇ ਹਿੱਤਾਂ ਵਿਚ ਇਕ ਸਾਂਝ ਜ਼ਰੂਰ ਹੈ ਪਰ ਇਥੇ ਵੀ ਦੋਵੇਂ ਮੁਲਕ ਕੋਈ ਸਾਂਝੀ ਕਾਰਵਾਈ ਕਰਨ ਦੀ ਥਾਂ ਬਲੋਚ ਗਰੁੱਪਾਂ ਨੂੰ ਇਕ-ਦੂਜੇ ਖ਼ਿਲਾਫ਼ ਹੀ ਇਸਤੇਮਾਲ ਕਰ ਰਹੇ ਹਨ। ਇਉਂ ਪਾਕਿਸਤਾਨੀ ਏਜੰਸੀਆਂ ਵੱਲੋਂ ਜੈਸ਼ ਅਲ-ਅਦਲ ਨੂੰ ਪਨਾਹ ਦਿੱਤੀ ਜਾਂਦੀ ਹੈ; ਦੂਜੇ ਪਾਸੇ ਇਰਾਨ ਨੇ ਬੀਐੱਲਏ ਤੇ ਬੀਐੱਲਐੱਫ ਨੂੰ ਆਪਣੇ ਇਲਾਕੇ ਵਿਚ ਟਿਕਾਣੇ ਬਣਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ।
ਇਰਾਨ ਮੰਨਦਾ ਹੈ ਕਿ ਪਾਕਿਸਤਾਨ ਬੁਨਿਆਦੀ ਤੌਰ ’ਤੇ ਸੁੰਨੀ ਮੁਲਕ ਹੈ ਜਿਹੜਾ ਸ਼ੀਆ ਲੋਕਾਂ ਨਾਲ ਵਿਤਕਰਾ ਕਰਦਾ ਹੈ। ਉਸ ਨੇ ਪਾਕਿਸਤਾਨੀ ਸ਼ੀਆ ਭਾਈਚਾਰੇ ਨੂੰ ਲਾਮਬੰਦ ਕਰਨ ਲਈ ਢਾਂਚਾ ਤਿਆਰ ਕੀਤਾ ਹੈ ਅਤੇ ਨਾਲ ਹੀ ਇਹ ਫ਼ਿਰਕੂ ਸੁੰਨੀ ਜਥੇਬੰਦੀਆਂ ਖ਼ਿਲਾਫ਼ ਹਿੰਸਕ ਕਾਰਵਾਈਆਂ ਕਰਨ ਲਈ ਦਹਿਸ਼ਤੀ ਸ਼ੀਆ ਜਥੇਬੰਦੀਆਂ ਨੂੰ ਹੱਲਾਸ਼ੇਰੀ ਤੇ ਸਹਿਯੋਗ ਵੀ ਦਿੰਦਾ ਹੈ। ਹੁਣ ਵੀ ਰੈਵੋਲਿਊਸ਼ਨਰੀ ਗਾਰਡਜ਼ ਅਜਿਹਾ ਹੀ ਰਵਾਇਤੀ ਰਾਹ ਅਖ਼ਤਿਆਰ ਕਰਨ ਦੀ ਸਥਿਤੀ ਵਿਚ ਸਨ, ਫਿਰ ਵੀ ਉਨ੍ਹਾਂ ਨੇ ਜੈਸ਼ ਅਲ-ਅਦਲ ਖ਼ਿਲਾਫ਼ ਡਰੋਨਾਂ ਤੇ ਮਿਜ਼ਾਇਲਾਂ ਰਾਹੀਂ ਹਮਲਾ ਕਰਨ ਦਾ ਫ਼ੈਸਲਾ ਕੀਤਾ। ਇਸ ਦਾ ਇਕੋ-ਇਕ ਮਤਲਬ ਇਹ ਹੈ ਕਿ ਉਹ ਪਾਕਿਸਤਾਨੀ ਜਰਨੈਲਾਂ ਨੂੰ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਸਖ਼ਤ ਕਾਰਵਾਈ ਕਰਨ ਦੇ ਹੱਕ ਵਿਚ ਹਨ, ਭਾਵੇਂ ਇਸ ਕਾਰਨ ਆਪਸੀ ਤਣਾਅ ਹੀ ਕਿਉਂ ਨਾ ਪੈਦਾ ਹੋ ਜਾਵੇ ਅਤੇ ਭਾਵੇਂ ਪਾਕਿਸਤਾਨ ਵੱਲੋਂ ਉਸ ਖ਼ਿਲਾਫ਼ ਮੋੜਵਾਂ ਹਮਲਾ ਹੀ ਕਿਉਂ ਨਾ ਕੀਤਾ ਜਾਵੇ। ਇਰਾਨੀਆਂ ਨੇ ਇਹ ਇਸ਼ਾਰਾ ਵੀ ਦਿੱਤਾ ਕਿ ਉਹ ਪਾਕਿਸਤਾਨ ਦੀਆਂ ਮੌਜੂਦਾ ਅੰਦਰੂਨੀ ਤੇ ਬਹਿਰੂਨੀ ਕਮਜ਼ੋਰੀਆਂ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹਨ। ਇਸ ਦੀਆਂ ਬਾਹਰੀ ਕਮਜ਼ੋਰੀਆਂ ਵਿਚ ਪਾਕਿਸਤਾਨ ਦੀਆਂ ਅਫ਼ਗਾਨ ਤਾਲਬਿਾਨ ਨਾਲ ਜਾਰੀ ਸਮੱਸਿਆਵਾਂ ਵੀ ਸ਼ਾਮਲ ਹਨ। ਜ਼ਾਹਿਰ ਹੈ ਕਿ ਪਾਕਿਸਤਾਨ ਤੇ ਇਰਾਨ ਦਾ ਤਣਾਅ ਹਾਲ ਦੀ ਘੜੀ ਭਾਵੇਂ ਖ਼ਤਮ ਹੋ ਗਿਆ ਹੈ ਪਰ ਇਸ ਦੇ ਮੂਲ ਕਾਰਨ ਅਜੇ ਵੀ ਜਿਉਂ ਦੇ ਤਿਉਂ ਹਨ।
*ਲੇਖਕ ਸਾਬਕਾ ਵਿਦੇਸ਼ ਸਕੱਤਰ ਹੈ।

Advertisement

Advertisement
Author Image

joginder kumar

View all posts

Advertisement