ਰੋਮਾਣਾ ਨੇ ਜੇਲ੍ਹਾਂ ਵਿੱਚ ਚੱਲ ਰਹੇ ਸਿਆਸਤਦਾਨਾਂ-ਪੁਲੀਸ-ਗੈਂਗਸਟਰ ਗੱਠਜੋੜ ਦੀ ਜਾਂਚ ਮੰਗੀ
ਪੱਤਰ ਪ੍ਰੇਰਕ
ਫ਼ਰੀਦਕੋਟ, 13 ਨਵੰਬਰ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਇਸ ਦੀਆਂ ਜੇਲ੍ਹਾਂ ਵਿੱਚ ਚੱਲ ਰਹੇ ਸਿਆਸਤਦਾਨ-ਪੁਲੀਸ-ਗੈਂਗਸਟਰ ਗੱਠਜੋੜ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਉੱਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ।
ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਗੈਂਗਸਟਰ ਆਪਣੇ ਰੈਕਟ ਚਲਾਉਣ ਲਈ ਪੰਜਾਬ ਦੀਆਂ ਜੇਲ੍ਹਾਂ ਨੂੰ ਸੁਰੱਖਿਅਤ ਪਨਾਹਗਾਹਾਂ ਵਜੋਂ ਵਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਨੇ 18 ਅਕਤੂਬਰ 2023 ਨੂੰ ਵਾਪਰੀ ਘਟਨਾ ਦਾ ਨੋਟਿਸ 6 ਨਵੰਬਰ 2023 ਨੂੰ ਲਿਆ ਤੇ ਦੱਸਿਆ ਕਿ ਗੈਂਗਸਟਰ ਦੀਪਕ ਟੀਨੂੰ ਨੇ ਕਿਵੇਂ ਇਕ ਵਿਅਕਤੀ ਨੂੰ ਫਿਰੌਤੀ ਹਾਸਲ ਕਰਨ ਵਾਸਤੇ ਫੋਨ ਕੀਤਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਾਨਫਰੰਸ ਕਾਲ ’ਤੇ ਲਿਆ। ਉਨ੍ਹਾਂ ਦੱਸਿਆ ਕਿ ਇਸੇ ਤਰੀਕੇ 9 ਨਵੰਬਰ 2023 ਨੂੰ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਨੇ 14 ਅਤੇ 17 ਮਾਰਚ 2023 ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਟੀ ਵੀ ਚੈਨਲ ’ਤੇ ਚੱਲੀ ਇੰਟਰਵਿਊ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਦੋ ਮੈਂਬਰੀ ਟੀਮ ਪਿਛਲੇ 18 ਮਹੀਨਿਆਂ ਤੋਂ ਕੰਮ ਕਰ ਰਹੀ ਹੈ ਪਰ ਹੁਣ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਜਦੋਂ ਕਿ ਗੈਂਗਸਟਰ ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਜੇਲ੍ਹ ’ਚ ਬੰਦ ਸੀ ਤੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।
ਸ੍ਰੀ ਰੋਮਾਣਾ ਨੇ ਕਿਹਾ ਕਿ ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਨੇ ਇੰਟਰਵਿਊ ਕਰਵਾਈ, ਉਨ੍ਹਾਂ ਦੀ ਪਛਾਣ ਹੋਣੀ ਚਾਹੀਦੀਹੈ ਤੇ ਅਜਿਹੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।