ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਭੂਮਿਕਾ ਨਿਭਾਈ: ਰਾਹੁਲ
ਬੰਗਲੁਰੂ, 11 ਨਵੰਬਰ
ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਅੱਜ ਇੱਥੇ ਮੰਨਿਆ ਕਿ ਵਿਸ਼ਵ ਕੱਪ ’ਚ ਭਾਰਤ ਦੀ ਅੱਠ ਮੈਚਾਂ ਦੀ ਜਿੱਤ ਦੀ ਲੈਅ ਵਿੱਚ ਰੋਹਿਤ ਸ਼ਰਮਾ ਦਾ ਟੀਮ ਦੇ ਕਪਤਾਨ ਤੇ ਸਲਾਮੀ ਬੱਲੇਬਾਜ਼ ਵਜੋਂ ਸ਼ਾਨਦਾਰ ਦੋਹਰੀ ਭੂਮਿਕਾ ਰਹੀ ਹੈ। ਰੋਹਿਤ ਨੇ ਸ਼ਾਨਦਾਰ ਢੰਗ ਨਾਲ ਭਾਰਤੀ ਟੀਮ ਦੀ ਅਗਵਾਈ ਕਰਨ ਤੋਂ ਇਲਾਵਾ ਸਲਾਮੀ ਬੱਲੇਬਾਜ਼ ਵਜੋਂ ਆਪਣੀ ਨੂੰ ਹਮਲਾਵਰ ਸ਼ੁਰੂਆਤ ਵੀ ਦਿਵਾਈ। ਉਸ ਨੇ ਅੱਠ ਮੈਚਾਂ ਵਿੱਚ 122 ਦੀ ਸਟ੍ਰਾਈਕ ਰੇਟ ਨਾਲ 443 ਦੌੜਾਂ ਬਣਾਈਆਂ ਹਨ।
ਦ੍ਰਾਵਿੜ ਨੇ ਨੈਦਰਲੈਂਡਜ਼ ਖ਼ਿਲਾਫ਼ ਭਾਰਤ ਦੇ ਆਖਰੀ ਲੀਗ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਰੋਹਿਤ ਲਾਜ਼ਮੀ ਤੌਰ ’ਤੇ ਇੱਕ ਲੀਡਰ ਰਿਹਾ ਹੈ। ਮੈਨੂੰ ਲਗਦਾ ਹੈ ਕਿ ਉਸ ਨੇ ਮੈਦਾਨ ਅੰਦਰ ਤੇ ਬਾਹਰ ਦੋਵੇਂ ਪਾਸੇ ਮਿਸਾਲ ਪੇਸ਼ ਕੀਤੀ ਹੈ।’ ਉਨ੍ਹਾਂ ਕਿਹਾ, ‘ਅਜਿਹੇ ਵੀ ਕੁਝ ਮੈਚ ਰਹੇ ਹਨ ਜੋ ਸਾਡੇ ਲਈ ਮੁਸ਼ਕਿਲ ਹੋ ਸਕਦੇ ਸਨ ਪਰ ਸੱਚ ਇਹ ਹੈ ਕਿ ਉਹ ਸਾਨੂੰ ਉਸੇ ਤਰ੍ਹਾਂ ਦੀ ਸ਼ੁਰੂਆਤ ਦਿਵਾਉਣ ’ਚ ਕਾਮਯਾਬ ਰਿਹਾ ਜਿਸ ਨਾਲ ਮੈਚ ਸਾਡੇ ਲਈ ਚੰਗਾ ਰਿਹਾ ਹੈ।’ ਉਨ੍ਹਾਂ ਕਿਹਾ, ‘ਅਸਲ ਵਿੱਚ ਇਸ ਨਾਲ ਮੈਚ ਸਾਡੇ ਲਈ ਸੌਖਾ ਦਿਖਾਈ ਦਿੰਦਾ ਹੈ ਅਤੇ ਯਕੀਨੀ ਤੌਰ ’ਤੇ ਉਨ੍ਹਾਂ ਖਿਡਾਰੀਆਂ ਲਈ ਅਸਾਨ ਹੋ ਗਿਆ ਜੋ ਬੱਲੇਬਾਜ਼ੀ ਲਈ ਉਸ ਤੋਂ ਬਾਅਦ ਮੈਦਾਨ ਵਿੱਚ ਆਏ।’ ਉਨ੍ਹਾਂ ਕਿਹਾ ਕਿ ਰੋਹਿਤ ਨੇ ਟੀਮ ਦੀਆਂ ਲੋੜਾਂ ਅਨੁਸਾਰ ਖੇਡ ਕੇ ਦੂਜਿਆਂ ਸਾਹਮਣੇ ਮਿਸਾਲ ਪੇਸ਼ ਕੀਤੀ ਹੈ ਅਤੇ ਇਸ ਨਾਲ ਭਾਰਤੀ ਡਰੈਸਿੰਗ ਰੂਮ ’ਚ ਕਾਫੀ ਵੱਡਾ ਅਸਰ ਪਿਆ ਹੈ। ਰੋਹਿਤ ਨੇ ਇਸ ਵਿਸ਼ਵ ਕੱਪ ’ਚ ਹੁਣ ਤੱਕ ਜਿਸ ਹਮਲਾਵਰ ਢੰਗ ਨਾਲ ਪਾਰੀ ਦਾ ਆਗਾਜ਼ ਕੀਤਾ ਹੈ, ਉਹ ਹੋਰਨਾਂ ਲਈ ਪ੍ਰੇਰਨਾ ਦਾ ਕੰਮ ਕਰਦਾ ਰਿਹਾ ਹੈ। ਸ੍ਰੀਲੰਕਾ ਦੇ ਐਂਜਲੋ ਮੈਥਿਊਜ਼ ਨੂੰ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਮੈਚ ਵਿੱਚ ਟਾਈਮ ਆਊਟ ਦਿੱਤੇ ਜਾਣ ਮਗਰੋਂ ਛਿੜੀ ਬਹਿਸ ਬਾਰੇ ਦ੍ਰਾਵਿੜ ਨੇ ਕਿਹਾ, ‘ਜੇਕਰ ਕੋਈ ਨਿਯਮਾਂ ਦਾ ਪਾਲਣ ਕਰਨਾ ਚਾਹੁੰਦਾ ਹੈ ਤਾਂ ਮੈਨੂੰ ਨਹੀਂ ਲਗਦਾ ਕਿ ਉਸ ਨੂੰ ਲੈ ਕੇ ਕਿਸੇ ਨੂੰ ਸ਼ਿਕਾਇਤ ਹੋਣੀ ਚਾਹੀਦੀ ਹੈ ਕਿਉਂਕਿ ਇਮਾਨਦਾਰੀ ਨਾਲ ਕਹਾਂ ਤਾਂ ਉਹ ਸਿਰਫ਼ ਨਿਯਮਾਂ ਦਾ ਪਾਲਣ ਕਰ ਰਿਹਾ ਹੈ।’ -ਪੀਟੀਆਈ
ਭਾਰਤ ਤੇ ਨੈਦਰਲੈਂਡਜ਼ ਅੱਜ ਹੋਣਗੇ ਆਹਮੋ-ਸਾਹਮਣੇ

ਬੰਗਲੂਰੂ: ਭਾਰਤ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦਾ ਆਪਣਾ ਆਖ਼ਰੀ ਮੈਚ ਖੇਡਣ ਲਈ ਭਲਕੇ ਨੈਦਰਲੈਂਡਜ਼ ਖ਼ਿਲਾਫ਼ ਉਤਰੇਗਾ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ’ਤੇ ਹੋਣਗੀਆਂ। ਉਸ ਕੋਲ ਆਪਣਾ ਇੱਕ ਰੋਜ਼ਾ ਸੈਂਕੜੇ ਦਾ ਰਿਕਾਰਡ ਬਣਾ ਕੇ ਦੇਸ਼ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦਾ ਸੁਨਹਿਰਾ ਮੌਕਾ ਹੈ। ਭਾਰਤੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ, ਜਦਕਿ ਨੈਦਰਲੈਂਡਜ਼ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਉਸ ਦਾ ਇਹ ਆਖ਼ਰੀ ਮੈਚ ਹੈ। ਕੋਹਲੀ ਨੇ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਵਿੱਚ ਸਚਿਨ ਤੇਂਦੁਲਕਰ ਦੇ 49 ਇੱਕ ਰੋਜ਼ਾ ਰਿਕਾਰਡ ਸੈਂਕੜਿਆਂ ਦੀ ਬਰਾਬਰੀ ਕੀਤੀ ਸੀ। ਹੁਣ ਉਹ ਆਪਣਾ 50ਵਾਂ ਸੈਂਕੜਾ ਬਣਾਉਣ ਦੇ ਕਰੀਬ ਹੈ। -ਪੀਟੀਆਈ