ਰੋਹਿਤ ਨੂੰ ਸਾਲ ਦੀ ਸਰਬੋਤਮ ਟੀ-20 ਟੀਮ ਦਾ ਕਪਤਾਨ ਐਲਾਨਿਆ
ਦੁਬਈ, 25 ਜਨਵਰੀ
ਪਿਛਲੇ ਸਾਲ ਜੂਨ ਵਿੱਚ ਭਾਰਤੀ ਟੀਮ ਨੂੰ ਦੂਜਾ ਆਈਸੀਸੀ ਟੀ-20 ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੂੰ ‘ਆਈਸੀਸੀ ਪੁਰਸ਼ ਟੀ-20 ਕੌਮਾਂਤਰੀ ਟੀਮ ਆਫ ਦਿ ਈਅਰ 2024’ ਦਾ ਕਪਤਾਨ ਚੁਣਿਆ ਗਿਆ ਹੈ। ਭਾਰਤ ਦੇ ਦਬਦਬੇ ਵਾਲੀ ‘ਆਲ ਸਟਾਰ ਇਲੈਵਨ’ ਵਿੱਚ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਲ-ਨਾਲ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਿਆ ਵੀ ਸ਼ਾਮਲ ਹੈ। ਭਾਰਤੀ ਖਿਡਾਰੀਆਂ ਤੋਂ ਇਲਾਵਾ ਟੀਮ ਵਿੱਚ ਆਸਟਰੇਲੀਆ ਦਾ ਟਰੈਵਿਸ ਹੈੱਡ, ਇੰਗਲੈਂਡ ਦਾ ਫਿਲ ਸਾਲਟ, ਪਾਕਿਸਤਾਨ ਦਾ ਬਾਬਰ ਆਜ਼ਮ, ਵੈਸਟ ਇੰਡੀਜ਼ ਦਾ ਨਿਕੋਲਸ ਪੂਰਨ, ਜ਼ਿੰਬਾਬਵੇ ਦਾ ਸਿਕੰਦਰ ਰਜ਼ਾ, ਅਫਗਾਨਿਸਤਾਨ ਦਾ ਰਾਸ਼ਿਦ ਖਾਨ ਅਤੇ ਸ੍ਰੀਲੰਕਾ ਦਾ ਵਾਨਿੰਦੂ ਹਸਾਰੰਗਾ ਵੀ ਸ਼ਾਮਲ ਹੈ। -ਪੀਟੀਆਈ
ਮੰਧਾਨਾ, ਰਿਚਾ ਘੋਸ਼ ਤੇ ਦੀਪਤੀ ਨੂੰ ਸਰਬੋਤਮ ਮਹਿਲਾ ਟੀਮ ’ਚ ਮਿਲੀ ਜਗ੍ਹਾ
ਦੁਬਈ:
ਤਜਰਬੇਕਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਵਿਕਟਕੀਪਰ ਰਿਚਾ ਘੋਸ਼ ਅਤੇ ਹਰਫਨਮੌਲਾ ਦੀਪਤੀ ਸ਼ਰਮਾ ਨੂੰ ਅੱਜ ਭਾਰਤੀ ਖਿਡਾਰੀਆਂ ਦੇ ਦਬਦਬੇ ਵਾਲੀ ‘ਆਈਸੀਸੀ ਮਹਿਲਾ ਟੀ-20 ਕੌਮਾਂਤਰੀ ਟੀਮ ਆਫ ਦਿ ਈਅਰ 2024’ ਵਿੱਚ ਸ਼ਾਮਲ ਕੀਤਾ ਗਿਆ ਹੈ। ਤਿੰਨ ਭਾਰਤੀਆਂ ਤੋਂ ਇਲਾਵਾ ਇਸ ਟੀਮ ਵਿੱਚ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਦੇ ਦੋ-ਦੋ ਜਦਕਿ ਇੰਗਲੈਂਡ, ਵੈਸਟਇੰਡੀਜ਼, ਆਸਟਰੇਲੀਆ, ਆਇਰਲੈਂਡ ਅਤੇ ਪਾਕਿਸਤਾਨ ਦਾ ਇੱਕ-ਇੱਕ ਖਿਡਾਰੀ ਸ਼ਾਮਲ ਹੈ। ਮੰਧਾਨਾ ਅਤੇ ਦੀਪਤੀ ਨੂੰ ਆਈਸੀਸੀ ਦੀ ਇੱਕ ਰੋਜ਼ਾ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। -ਪੀਟੀਆਈ