ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਰੋਹਿਤ ਖੁੱਲਰ
ਆਤਿਸ਼ ਗੁਪਤਾ
ਚੰਡੀਗੜ੍ਹ, 15 ਦਸੰਬਰ
ਚੰਡੀਗੜ੍ਹ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਵਿੱਚੋਂ ਰੋਹਿਤ ਖੁੱਲਰ ਪ੍ਰਧਾਨ ਚਣੇ ਗਏ ਹਨ। ਜਿਨ੍ਹਾਂ ਨੇ 707 ਵੋਟਾਂ ਹਾਸਲ ਕਰ ਕੇ ਆਪਣੇ ਵਿਰੋਧੀ ਸਰਬਜੀਤ ਕੌਰ ਨੂੰ 51 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਜਦੋਂ ਕਿ ਪ੍ਰਧਾਨ ਲਈ ਚੋਣ ਮੈਦਾਨ ਵਿੱਚ ਉੱਤਰੇ ਸਰਬਜੀਤ ਕੌਰ ਨੂੰ 656, ਨੀ0ਰਜ ਹੰਸ ਨੂੰ 491 ਅਤੇ ਸ਼ਾਲਿਨੀ ਕੁਮਾਰੀ ਨੂੰ 17 ਵੋਟਾਂ ਪਈਆਂ ਹਨ। ਇਸੇ ਦੌਰਾਨ 9 ਜਣਿਆਂ ਨੇ ਨੋਟਾ ਦੀ ਵਰਤੋਂ ਕਰਦਿਆਂ ਸਾਰਿਆਂ ਨੂੰ ਨਾਕਾਰ ਦਿੱਤਾ ਹੈ। ਮੀਤ ਪ੍ਰਧਾਨ ਲਈ ਚੰਦ ਸ਼ਰਮਾ ਚੁਣੇ ਗਏ ਹਨ, ਜਿਨ੍ਹਾਂ ਨੂੰ 867 ਵੋਟਾਂ ਪਈਆਂ ਹਨ। ਜਿਨ੍ਹਾਂ ਨੇ ਆਪਣੇ ਵਿਰੋਧੀ ਗੁਰਦੇਵ ਸਿੰਘ ਨੂੰ 341 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਮੀਤ ਪ੍ਰਧਾਨ ਲਈ ਚੋਣ ਵਿੱਚ ਉੱਤਰੇ ਗੁਰਦੇਵ ਸਿੰਘ ਨੂੰ 526 ਅਤੇ ਵਿਕਾਸ ਕੁਮਾਰ ਨੂੰ 462 ਵੋਟਾਂ ਪਈਆਂ, ਜਦੋਂ ਕਿ 25 ਜਣਿਆਂ ਨੇ ਨੋਟਾ ਦੀ ਵਰਤੋਂ ਕੀਤੀ। ਬਾਰ ਚੋਣਾਂ ਵਿੱਚ ਸਕੱਤਰ ਵਜੋਂ ਪਰਮਿੰਦਰ ਸਿੰਘ ਜੇਤੂ ਰਹੇ ਹਨ, ਜਿਸ ਨੂੰ 902 ਵੋਟਾਂ ਪਈਆਂ ਜਦੋਂ ਕਿ ਵਿਰੋਧੀ ਉਮੀਦਵਾਰ ਦੀਪਨ ਸ਼ਰਮਾ ਨੂੰ 783 ਅਤੇ ਰਣਜੀਤ ਸਿੰਘ ਧੀਮਾਨ ਨੂੰ 176 ਵੋਟਾਂ ਪਈਆਂ ਹਨ,ਇਸੇ ਤਰ੍ਹਾਂ ਨੋਟਾ ਨੂੰ 19 ਵੋਟਾਂ ਪਈਆਂ। ਸੰਯੁਕਤ ਸਕੱਤਰ (ਔਰਤਾਂ) ਲਈ ਸਿਮਨਜੀਤ ਕੌਰ ਜੇਤੂ ਰਹੀ ਹਨ, ਜਿਸ ਨੂੰ 978 ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਪੂਜਾ ਦੀਵਾਨ ਨੂੰ 520, ਰੰਜੂ ਸੈਣੀ ਨੂੰ 341 ਅਤੇ ਨੋਟਾ ਨੂੰ 41 ਵੋਟਾਂ ਪਈਆਂ। ਖਜ਼ਾਨਚੀ ਦੀ ਚੋਣ ਵਿੱਚ ਵਿਜੈ ਕੁਮਾਰ ਅਗਰਵਾਲ ਜੇਤੂ ਰਹੇ ਹਨ, ਜਿਸ ਨੂੰ 1095 ਵੋਟਾਂ ਪਈਆਂ ਹਨ। ਜਦੋਂ ਕਿ ਵਿਰੋਧੀ ਉਮੀਦਵਾਰ ਮਨਦੀਪ ਸਿੰਘ ਕਲੇਰ ਨੂੰ 741 ਅਤੇ ਨੋਟਾ ਨੂੰ 44 ਵੋਟਾਂ ਪਈਆਂ ਹਨ। ਲਾਈਬ੍ਰੇਰੀ ਸਕੱਤਰ ਵਜੋਂ ਸੁਰਿੰਦਰ ਪਾਲ ਕੌਰ ਜੇਤੂ ਰਹੇ ਹਨ, ਜਿਨ੍ਹਾਂ ਨੂੰ 1218 ਵੋਟਾਂ ਪਈਆਂ। ਇਸੇ ਤਰ੍ਹਾਂ ਵਿਰੋਧੀ ਉਮੀਦਵਾਰ ਅਸ਼ੋਕ ਅਰੋੜਾ ਨੂੰ 598 ਅਤੇ ਨੋਟਾ ਨੂੰ 64 ਵੋਟਾਂ ਪਈਆਂ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਈਵੀਐੱਮ ਨਾਲ ਵੋਟਿੰਗ ਕਰਵਾਈ ਗਈ ਹੈ। ਇਸ ਦੌਰਾਨ ਕੁੱਲ 2358 ਵੋਟਰਾਂ ਵਿੱਚੋਂ 1880 ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਹੈ। ਈਵੀਐੱਮ ਨਾਲ ਵੋਟਿੰਗ ਕਰਵਾਉਣ ਵਿੱਚ ਵੋਟਰਾਂ ਨੂੰ ਨੋਟਾ ਦੀ ਆਪਸ਼ਨ ਵੀ ਮਿਲੀ ਹੈ। ਨੋਟਾ ਦੀ ਵਰਤੋਂ ਕਰਦਿਆਂ ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ ਹੈ। ਦੂਜੇ ਪਾਸੇ ਈਵੀਐੱਮ ਦੀ ਵਰਤੋਂ ਨਾਲ ਵੋਟਾਂ ਦੀ ਗਿਣਤੀ ਸਮੇਂ ਸਿਰ ਮੁਕੰਮਲ ਹੋ ਗਈ ਤਾਂ ਦੂਜੇ ਪਾਸੇ ਕੋਈ ਵੋਟ ਰੱਦ ਨਹੀਂ ਹੋ ਸਕੀ।
ਖਰੜ (ਸ਼ਸ਼ੀਪਾਲ ਜੈਨ): ਬਾਰ ਐਸੋਸੀਏਸ਼ਨ ਖਰੜ ਦੀ ਫਸਵੀਂ ਚੋਣ ਅੱਜ ਹੋਈ, ਜਿਸ ਵਿੱਚ ਦੀਪਕ ਸ਼ਰਮਾ 101 ਵੋਟਾਂ ਪ੍ਰਾਪਤ ਕਰ ਕੇ ਪ੍ਰਧਾਨ ਚੁਣੇ ਗਏ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ 72 ਵੋਟਾਂ ਮਿਲੀਆ। ਇੰਜ ਹੀ ਉਪ-ਪ੍ਰਧਾਨ ਲਈ ਪਰਮਿੰਦਰ ਠਾਕੁਰ 91 ਵੋਟਾਂ ਪ੍ਰਾਪਤ ਕਰ ਕੇ ਜੇਤੂ ਕਰਾਰ ਦਿੱਤੇ ਗਏ। ਸਕੱਤਰ ਦੇ ਅਹੁਦੇ ਲਈ ਸ਼ੁਸ਼ਾਂਤ ਕੌਸ਼ਿਕ 103 ਵੋਟਾਂ ਪ੍ਰਾਪਤ ਕਰ ਕੇ ਚੁਣੇ ਗਏ। ਇਹ ਚੋਣ ਰਿਟਰਨਿੰਗ ਅਫਸਰ ਸੰਜੀਵ ਕੁਮਾਰ ਦੀ ਦੇਖਰੇਖ ਵਿੱਚ ਅਮਨ ਅਮਾਨ ਨਾਲ ਸਮਾਪਤ ਹੋਈ। 2 ਉਮੀਦਵਾਰ ਸਿਮਰਨਜੀਤ ਸਿੰਘ ਟਿਵਾਣਾ ਜੁਆਇੰਟ ਸਕੱਤਰ ਅਤੇ ਦੀਪਕਾ ਸ਼ਰਮਾ ਕੈਸ਼ੀਅਰ ਪਹਿਲਾ ਹੀ ਸਰਬ ਸੰਮਤੀ ਨਾਲ ਚੁਣੇ ਜਾ ਚੁੱਕੇ ਹਨ।
ਡੇਰਾਬੱਸੀ (ਹਰਜੀਤ ਸਿੰਘ): ਬਾਰ ਐਸੋਸੀਏਸ਼ਨ ਦੀ ਚੋਣ ਦੌਰਾਨ ਐਡਵੋਕੇਟ ਹਰਸ਼ ਜੋਸ਼ੀ ਪ੍ਰਧਾਨ ਦੀ ਚੋਣ ਜਿੱਤ ਗਏ। ਉਨ੍ਹਾਂ ਨੇ ਆਪਣੇ ਵਿਰੋਧੀ ਅਤੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਨਨਵਾ ਨੂੰ 25 ਵੋਟਾਂ ਨਾਲ ਹਰਾ ਕੇ ਇਹ ਜਿੱਤ ਹਾਸਲ ਕੀਤੀ। ਕੁੱਲ 195 ਵੋਟਾਂ ਵਿੱਚੋਂ 189 ਵੋਟਾਂ ਪੋਲ ਹੋਈ। ਹਰਸ਼ ਜੋਸ਼ੀ ਨੂੰ 107 ਅਤੇ ਅਮਰਿੰਦਰ ਸਿੰਘ ਨਨਵਾ ਨੂੰ 82 ਵੋਟਾਂ ਪਈ। ਜੀਵਨ ਰਾਣਾ ਮੀਤ ਪ੍ਰਧਾਨ ਅਤੇ ਸਤੀਸ਼ ਕੁਮਾਰ ਨੇ ਖਜ਼ਾਨਚੀ ਦੀ ਚੋਣ ਜਿੱਤੀ। ਇਸ ਤੋਂ ਪਹਿਲਾਂ ਰਾਮ ਧੀਮਾਨ ਸਕੱਤਰ ਅਤੇ ਨੇਹਾ ਹਾਂਡਾ ਨੂੰ ਸਹਾਇਕ ਸਕੱਤਰ ਲਈ ਸਰਬਸੰਮਤੀ ਨਾਲ ਨਿਰਵਿਰੋਧ ਚੁਣ ਲਿਆ ਗਿਆ ਸੀ।
ਸ੍ਰੀ ਆਨੰਦਪੁਰ ਸਾਹਿਬ (ਬੀਐਸ ਚਾਨਾ): ਬਾਰ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਦੀ ਅੱਜ ਹੋਈ ਚੋਣ ਵਿੱਚ ਸੀਨੀਅਰ ਐਡਵੋਕੇਟ ਦੌਲਤ ਸਿੰਘ ਚਬਰੇਵਾਲ ਨੂੰ ਵਕੀਲਾਂ ਵੱਲੋਂ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਜਨਰਲ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਜਸਵਿੰਦਰ ਸਿੰਘ ਗੋਹਲਣੀ ਦੀ ਚੋਣ ਹੋਈ ਤੇ ਵਾਈਸ ਪ੍ਰਧਾਨ ਦੇ ਲਈ ਐਡਵੋਕੇਟ ਹਰਦੀਪ ਸਿੰਘ ਵਾਲੀਆ ਚੁਣੇ ਗਏ। ਅੱਜ ਹੋਈ ਇਸ ਚੋਣ ਵਿੱਚ ਐਡਵੋਕੇਟ ਦੌਲਤ ਸਿੰਘ ਚਬਰੇਵਾਲ ਨੂੰ 99 ਵੋਟਾਂ ਪਈਆਂਂ। ਇਸੇ ਤਰ੍ਹਾਂ ਜਰਨਲ ਸਕਤੱਰ ਦੇ ਅਹੁਦੇ ਲਈ ਐਡਵੋਕੇਟ ਜਸਵਿੰਦਰ ਸਿੰਘ ਗੋਹਲਣੀ ਜੇਤੂ ਰਹੇ।
ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਵਿਕਾਸ ਮਲਿਕ ਨੂੰ ਪ੍ਰਧਾਨ ਚੁਣਿਆ
ਚੰਡੀਗੜ੍ਹ(ਟਨਸ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵਿੱਚੋਂ ਵਿਕਾਸ ਮਲਿਕ ਪ੍ਰਧਾਣ ਚੁਣੇ ਗਏ ਹਨ। ਜਿਨ੍ਹਾਂ ਨੇ 1536 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਓਂਕਾਰ ਸਿੰਘ ਬਟਾਲਵੀ ਨੂੰ ਹਰਾ ਦਿੱਤਾ ਹੈ। ਜਾਣਕਾਰੀ ਅਨੁਸਾਰ ਓਂਕਾਰ ਸਿੰਘ ਬਟਾਵਲੀ ਨੂੰ 848, ਸਪਨ ਧੀਰ ਨੂੰ 778, ਐੱਨਕੇ ਬਾਂਕਾ ਨੂੰ 44 ਅਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੂੰ 36 ਵੋਟਾਂ ਪਈਆਂ। ਮਲਿਕ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਹਨ। ਇਸ ਤੋਂ ਪਹਿਲਾਂ ਮਲਿਕ ਇਕ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਇਕ ਵਾਰ ਮੀਤ ਪ੍ਰਧਾਨ ਰਹਿ ਚੁੱਕੇ ਹਨ। ਮੀਤ ਪ੍ਰਧਾਨ ਲਈ ਜਸਦੇਵ ਸਿੰਘ ਬਰਾੜ ਜੇਤੂ ਰਹੇ ਹਨ। ਜਿਨ੍ਹਾਂ ਨੇ 1618 ਵੋਟਾਂ ਹਾਸਿਲ ਕੀਤੀਆਂ। ਇਸੇ ਤਰ੍ਹਾਂ ਮੀਤ ਪ੍ਰਧਾਨਗੀ ਲਈ ਚੋਣ ਮੈਦਾਨ ਵਿੱਚ ਨਿੱਤਰੇ ਨਿਲੇਸ਼ ਭਾਰਦਵਾਜ ਨੂੰ 1511 ਤੇ ਗੌਤਮ ਭਾਰਦਵਾਜ ਨੂੰ 493 ਵੋਟਾਂ ਪਈਆਂ ਹਨ। ਸਕੱਤਰ ਦੇ ਅਹੁਦੇ ਲਈ ਸਵਰਨ ਸਿੰਘ ਟਿਵਾਣਾ ਜੇਤੂ ਰਹੇ। ਜਿਨ੍ਹਾਂ ਨੂੰ 2142 ਵੋਟਾਂ ਪਈਆਂ ਹਨ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਵਿਕਰਾਂਤ ਪੰਬੂ ਨੂੰ 1481 ਵੋਟਾਂ ਪਈਆਂ। ਸੰਯੁਕਤ ਸਕੱਤਰ ਲਈ ਪਰਵੀਨ ਦਹੀਆ ਦੀ ਚੋਣ ਕੀਤੀ ਗਈ ਹੈ, ਜਿਸ ਨੂੰ 1604 ਵੋਟਾਂ ਪਈਆਂ। ਇਸੇ ਤਰ੍ਹਾਂ ਵਿਰੋਧੀ ਉਮੀਦਵਾਰ ਡਾ. ਕਿਰਨਦੀਪ ਕੌਰ ਨੂੰ 913, ਭਾਗਿਆ ਸ੍ਰੀ ਸੇਤੀਆ ਨੂੰ 869 ਅਤੇ ਰੋਜ਼ੀ ਨੂੰ 236 ਵੋਟਾਂ ਪਈਆਂ ਹਨ। ਖਜ਼ਾਨਚੀ ਦੇ ਅਹੁਦੇ ਲਈ ਸੰਨੀ ਨਾਮਦੇਵ ਦੀ ਚੋਣ ਕੀਤੀ ਗਈ ਹੈ। ਜਿਸ ਨੂੰ 2673 ਵੋਟਾਂ ਪਈਆਂ। ਜਦੋਂ ਕਿ ਵਿਰੋਧੀ ਉਮੀਦਵਾਰ ਹਰਵਿੰਦਰ ਸਿੰਘ ਮਾਨ ਨੂੰ 950 ਵੋਟਾਂ ਪਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਵੀ ਪਹਿਲੀ ਵਾਰ ਈਵੀਐੱਮ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਉੱਥੇ ਕੁੱਲ 4540 ਵੋਟਰਾਂ ਵਿੱਚੋਂ 3700 ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਸੀ।