ਲੱਖਾਂ ਦੀ ਲੁੱਟ: ਰਸੋਈਆ ਹੀ ਨਿਕਲਿਆ ਸਰਗਨਾ
ਪਟਿਆਲਾ (ਸਰਬਜੀਤ ਸਿੰਘ ਭੰਗੂ): ਇਥੋਂ ਨੇੜਲੇ ਕਸਬਾ ਘੱਗਾ ਵਿੱਚ ਹਥਿਆਰਬੰਦ ਨਕਾਬਪੋਸ਼ਾਂ ਵੱਲੋਂ ਲੰਘੀ 4 ਫਰਵਰੀ ਦੀ ਰਾਤ ਨੂੰ ਇੱਕ ਪਰਿਵਾਰ ਦੇ ਘਰ ਵੜ ਕੇ 28 ਲੱਖ ਰੁਪਏ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਅੱਜ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਦੇ ਰਸੋਈਏ ਨੇ ਆਪਣੇ ਚਾਰ ਸਾਥੀਆਂ ਨਾਲ ਰਲ ਕੇ ਇਹ ਵਾਰਦਾਤ ਕੀਤੀ ਸੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 26 ਲੱਖ ਦੀ ਨਕਦੀ ਤੇ ਵਾਰਦਾਤ ਵੇਲੇ ਵਰਤਿਆ ਨਕਲੀ ਪਿਸਤੌਲ ਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਸੋਈਆ ਜਗਦੇਵ ਸਿੰਘ ਜੱਗਾ ਵਾਸੀ ਅਤਾਲ਼ਾਂ, ਉਸ ਦੀ ਮਾਸੀ ਦਾ ਲੜਕਾ ਬੰਟੀ, ਅਮਰੀਕ ਸਿੰਘ, ਦੇਬੂ ਰਾਮ ਤੇ ਰਮੇਸ਼ ਦਾਸ ਵਾਸੀ ਘੱਗਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਸੰਜੀਵ ਸਿੰਗਲਾ ਆਪਣੇ ਪਰਿਵਾਰ ਸਮੇਤ ਦੁਕਾਨ ਦੇ ਉਪਰਲੇ ਹਿੱਸੇ ’ਚ ਰਹਿੰਦਾ ਹੈ ਤੇ ਇਹ 28 ਲੱਖ ਰੁਪਏ ਉਸ ਨੇ ਆਪਣੇ ਭਤੀਜੇ ਦੇ ਇਲਾਜ ਲਈ ਇਕੱਠੇ ਕੀਤੇ ਸਨ। ਵਾਰਦਾਤ ਵਾਲੀ ਰਾਤ ਕਿਸੇ ਵੱਲੋਂ ਖਿੜਕੀ ’ਤੇ ਪੱਥਰ ਮਾਰਨ ਮਗਰੋਂ ਜਦੋਂ ਸੰਜੀਵ ਨੇ ਦਰਵਾਜ਼ਾ ਖੋਲ੍ਹ ਕੇ ਵੇਖਣਾ ਚਾਹਿਆ ਤਾਂ ਪਿਸਤੌਲ ਤਾਣੀ ਮੁਲਜ਼ਮ ਜਬਰੀ ਘਰ ਅੰਦਰ ਵੜ ਆਏ ਤੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਅਲਮਾਰੀ ਵਿੱਚ ਰੱਖੇ 28 ਲੱਖ ਰੁਪਏ ਲੁੱਟ ਕੇ ਲੈ ਗਏ। ਇਸ ਬਾਰੇ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।