ਦਾਤਾਰਪੁਰ ਮੰਡੀ ’ਚ ਝੋਨੇ ਦੀ ਵੱਧ ਤੁਲਾਈ ਨਾਲ ਕਿਸਾਨਾਂ ਦੀ ਲੁੱਟ
ਜਗਜੀਤ ਸਿੰਘ
ਮੁਕੇਰੀਆਂ, 25 ਅਕਤੂਬਰ
ਮੁਕੇਰੀਆਂ ਦੀ ਦਾਤਾਰਪੁਰ ਮੰਡੀ ਵਿੱਚ ਨਿਰਧਾਰਿਤ ਸਮਰੱਥਾ ਤੋਂ ਕਥਿਤ ਭਰਾਈ ਪ੍ਰਤੀ ਬੋਰੀ 400 ਤੋਂ 500 ਗ੍ਰਾਮ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ ਹਾਲਾਂਕਿ ਵੱਧ ਤੋਲਣ ਦੇ ਇਸ ਮਾਮਲੇ ਤੋਂ ਮਾਰਕੀਟ ਕਮੇਟੀ ਤੇ ਖਰੀਦ ਏਜੰਸੀ ਦੇ ਅਧਿਕਾਰੀ ਅਣਜਾਣ ਬਣੇ ਹੋਏ ਹਨ। ਕਿਸਾਨਾਂ ਦੇ ਬੈਠਣ ਲਈ ਬਣਾਈ ਸ਼ੈੱਡ ਵਿੱਚ ਵੀ ਆੜ੍ਹਤੀ ਯੂਨੀਅਨ ਦੇ ਆਗੂ ਵਲੋਂ ਬੋਰੀਆਂ ਦੀਆਂ ਧਾਂਕਾ ਲਾਈਆਂ ਹੋਈਆਂ ਹਨ।
ਦਾਤਾਰਪੁਰ ਮੰਡੀ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਕੁਝ ਆੜ੍ਹਤੀਆਂ ਵਲੋਂ ਬੋਰੀ ਦੀ ਤੁਲਾਈ ਵੀ ਪ੍ਰਤੀ ਬੋਰੀ 400-500 ਗ੍ਰਾਮ ਵੱਧ ਕੀਤੀ ਜਾ ਰਹੀ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਦੀ ਆੜ੍ਹਤ ਤੋਂ ਚੌਧਰੀ ਦੇ ਬਾਗ ਦੇ ਕਿਸਾਨ ਅਨਿਲ ਕੁਮਾਰ ਦਾ ਪੱਖੇ ਨਾਲ ਸਾਫ਼ ਕੀਤਾ ਝੋਨਾ ਨਮੀ ਦੀ ਮਾਤਰਾ ਵੱਧ ਹੋਣ ਬਾਰੇ ਆਖ ਕੇ ਵਾਪਸ ਭੇਜ ਦਿੱਤਾ ਗਿਆ। ਇਹ ਨਮੀ ਆੜ੍ਹਤੀਏ ਦੇ ਕਰਿੰਦਿਆਂ ਨੇ ਜਾਂਚੀ ਸੀ ਅਤੇ ਜਾਂਚ ਵੇਲੇ ਖਰੀਦ ਏਜੰਸੀ ਜਾਂ ਮਾਰਕੀਟ ਕਮੇਟੀ ਦਾ ਕੋਈ ਨੁਮਾਇੰਦਾ ਹਾਜ਼ਰ ਨਹੀਂ ਸੀ। ਕਿਸਾਨਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਮਾਰਕੀਟ ਕਮੇਟੀ ਅਤੇ ਖਰੀਦ ਏਜੰਸੀਆਂ ਦੀ ਸ਼ਹਿ ’ਤੇ ਨਮੀ ਦੇ ਬਹਾਨੇ ਆੜ੍ਹਤੀਏ ਕਥਿਤ ਤੌਰ ’ਤੇ ਢਾਈ ਤੋਂ 8 ਕਿਲੋ ਤੱਕ ਕੱਟ ਲਗਾ ਕੇ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਆੜ੍ਹਤੀਏ ਕਿਸਾਨਾਂ ਨੂੰ ਖਰੀਦੀ ਜਿਣਸ ਦੀ ਦਿੱਤੀ ਜਾ ਰਹੀ ਕੱਚੀ ਪਰਚੀ ’ਤੇ ਜਿਣਸ ਦਾ ਵਜ਼ਨ ਲਿਖਣ ਦੀ ਥਾਂ ਕੇਵਲ ਬੋਰੀਆਂ ਦੀ ਗਿਣਤੀ ਲਿਖੀ ਹੁੰਦੀ ਹੈ। ਇਸੇ ਪਰਚੀ ਨੂੰ ਆਨਲਾਈਨ ਕਰਨ ਵੇਲੇ ਕੱਟ ਲਗਾ ਕੇ ਕਿਸਾਨ ਦੀ ਫਸਲ ਦੀ ਤੁਲਾਈ ਦਰਜ ਕੀਤੀ ਜਾਂਦੀ ਹੈ। ਦੁਪਹਿਰੇ ਵੱਧ ਨਮੀ ਦਿਖਾਉਣ ਵਾਲੀ ਝੋਨੇ ਦੀ ਜਿਣਸ ਸ਼ਾਮ ਹੁੰਦਿਆਂ ਹੀ ਕੱਟ ਬਾਰੇ ਸਹਿਮਤੀ ਬਣ ਜਾਣ ਉਪਰੰਤ ਭਰ ਲਈ ਜਾਂਦੀ ਹੈ, ਜਦੋਂ ਕਿ ਸ਼ਾਮ ਕਰੀਬ 5.30 ਵਜੇ ਤੋਂ ਮੌਸਮ ਵਿੱਚ ਨਮੀ ਦੀ ਮਾਤਰਾ ਕਰੀਬ ਦੁੱਗਣੀ ਹੋ ਜਾਂਦੀ ਹੈ। ਮੰਡੀ ਵਿੱਚ ਮਾਰਕੀਟ ਕਮੇਟੀ ਜਾਂ ਖਰੀਦ ਏਜੰਸੀ ਦੇ ਨੁਮਾਇੰਦੇ ਕਦੇ ਕਦਾਈਂ ਹੀ ਨਜ਼ਰ ਆਉਂਦੇ ਹਨ ਅਤੇ ਨਮੀ ਦੀ ਮਾਤਰਾ ਸਮੇਤ ਤੁਲਾਈ ਵਾਲਾ ਕੰਡੇ ਸੈਟ ਤੁਲਾਈ ਵਿੱਚ ਲੱਗੇ ਮਜ਼ਦੂਰ ਆਪਣੀ ਮਰ਼ਜੀ ਨਾਲ ਕਰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਬੋਰੀ ਦਾ ਵਜ਼ਨ 350 ਤੋਂ 500 ਗ੍ਰਾਮ ਤੱਕ ਮਿਥਿਆ ਜਾਂਦਾ ਹੈ, ਪਰ ਮੰਡੀ ਵਿੱਚ ਸਾਢੇ 37 ਕਿਲੋ ਦੀ ਭਰਤੀ ਸਮੇਤ ਸਾਢੇ 38 ਕਿੱਲੋ ਫਸਲ ਭਰੀ ਜਾ ਰਹੀ ਹੈ।
ਪ੍ਰਧਾਨ ਨੇ ਦੋਸ਼ ਨਕਾਰੇ
ਆੜ੍ਹਤੀ ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ ਨੇ ਵਧ ਤੁਲਾਈ ਅਤੇ ਨਮੀ ਦੇ ਨਾਮ ’ਤੇ ਕੱਟ ਲਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼ੈੱਡ ’ਚੋਂ ਬੋਰੀਆਂ ਚੁਕਾ ਦਿੱਤੀਆਂ ਹਨ ਅਤੇ ਭਰਾਈ ਨਿਯਮਾਂ ਅਨੁਸਾਰ ਕੀਤੀ ਗਈ ਹੈ। ਮੰਡੀ ਵਿੱਚ ਸਾਫ ਕੀਤੀ ਪਿੰਡ ਚੌਧਰੀ ਦਾ ਬਾਗ ਦੇ ਕਿਸਾਨ ਦੀ ਫਸਲ ਵਾਪਸ ਭੇਜਣ ‘ਤੇ ਉਨ੍ਹਾਂ ਕਿਹਾ ਕਿ ਨਮੀ ਦੀ ਮਾਤਰਾ ਵੱਧ ਹੋਣ ਅਤੇ ਜਗ੍ਹਾ ਦੀ ਘਾਟ ਕਾਰਨ ਉਨ੍ਹਾਂ ਅੱਜ ਦੋ ਟਰਾਲੀਆਂ ਵਾਪਸ ਭੇਜੀਆਂ ਹਨ।
ਮਾਮਲੇ ਬਾਰੇ ਪਤਾ ਨਹੀਂ: ਸਕੱਤਰ
ਮਾਰਕੀਟ ਕਮੇਟੀ ਦੇ ਸਕੱਤਰ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਅਣਜਾਣ ਹਨ ਅਤੇ ਭਲਕੇ ਖੁਦ ਮੰਡੀਆਂ ਦਾ ਦੌਰਾ ਕਰਕੇ ਜਾਂਚ ਕਰਨਗੇ। ਉਨ੍ਹਾਂ ਮੰਡੀ ਵਿੱਚ ਖਰੀਦ ਏਜੰਸੀ ਜਾਂ ਮਾਰਕੀਟ ਕਮੇਟੀ ਦਾ ਨੁਮਾਇੰਦਾ ਨਮੀ ਚੈੱਕ ਕਰਨ ਵੇਲੇ ਹਾਜ਼ਰ ਨਾ ਹੋਣ ਬਾਰੇ ਆਖਿਆ ਕਿ ਸਟਾਫ ਦੀ ਘਾਟ ਕਾਰਨ ਅਜਿਹਾ ਹੋਇਆ ਹੈ।