For the best experience, open
https://m.punjabitribuneonline.com
on your mobile browser.
Advertisement

ਮੁਕੇਰੀਆਂ ਵਿੱਚ ਨਮੀ ਦੇ ਨਾਮ ’ਤੇ ਕੱਟ ਲਾ ਕੇ ਕਿਸਾਨਾਂ ਦੀ ਲੁੱਟ

08:56 AM Oct 21, 2024 IST
ਮੁਕੇਰੀਆਂ ਵਿੱਚ ਨਮੀ ਦੇ ਨਾਮ ’ਤੇ ਕੱਟ ਲਾ ਕੇ ਕਿਸਾਨਾਂ ਦੀ ਲੁੱਟ
ਮੁਕੇਰੀਆਂ ਦੀ ਦਾਣਾ ਮੰਡੀ ਵਿੱਚ ਲੱਗੇ ਝੋਨੇ ਦੇ ਅੰਬਾਰ।
Advertisement

ਜਗਜੀਤ ਸਿੰਘ
ਮੁਕੇਰੀਆਂ, 20 ਅਕਤੂਬਰ
ਆਪਣੀ ਜਿਣਸ ਮੰਡੀ ਵਿੱਚ ਵੇਚਣ ਆਏ ਕਿਸਾਨਾਂ ਨੇ ਸ਼ਹਿਰ ਦੀ ਮੁਕੇਰੀਆਂ ਮੰਡੀ ਦੇ ਕੁਝ ਆੜ੍ਹਤੀਆਂ ਉੱਤੇ ਨਮੀ ਦੇ ਨਾਮ ’ਤੇ 5 ਤੋਂ 10 ਕਿਲੋ ਤੱਕ ਪ੍ਰਤੀ ਕੁਇੰਟਲ ਕੱਟ ਲਗਾਉਣ ਦੇ ਦੋਸ਼ ਲਾਏ ਹਨ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਇਸ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਜੱਗੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜਿਨ੍ਹਾਂ ਆੜ੍ਹਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਸ਼ੈਲਰ ਹਨ, ਉਨ੍ਹਾਂ ਵੱਲੋਂ ਕਿਸਾਨਾਂ ਦੀ ਫ਼ਸਲ ਕਥਿਤ ਤੌਰ ’ਤੇ 2000-2200 ਰੁਪਏ ਪ੍ਰਤੀ ਕੁਇੰਟਲ ਅਤੇ 5 ਤੋਂ 10 ਕਿਲੋ ਪ੍ਰਤੀ ਕੁਇੰਟਲ ਨਮੀ ਦਾ ਕੱਟ ਲਗਾ ਕੇ ਖਰੀਦੀ ਜਾ ਰਹੀ ਹੈ।
ਮੁਕੇਰੀਆਂ ਮੰਡੀ ’ਚ ਯੂਥ ਕਾਂਗਰਸੀ ਆਗੂ ਨਵਲ ਔਲ ਨੇ ਦੱਸਿਆ ਕਿ ਮੰਡੀ ਵਿੱਚ ਉਨ੍ਹਾਂ ਨੂੰ ਤੈਅ ਨਮੀ ਹੋਣ ਦੇ ਬਾਵਜੂਦ 5 ਕਿਲੋ ਕੱਟ ਦੇ ਕੇ ਭਰਾਈ ਕਰਾਉਣੀ ਪਈ ਹੈ। ਉਨ੍ਹਾਂ ਕਰੀਬ 40 ਏਕੜ ਝੋਨਾ ਲਗਾਇਆ ਹੈ ਅਤੇ ਜੇਕਰ ਔਸਤਨ ਪ੍ਰਤੀ ਏਕੜ 30 ਕੁਇੰਟਲ ਵੀ ਝਾੜ ਨਿਕਲੇ ਤਾਂ ਸਿੱਧੇ ਤੌਰ ’ਤੇ ਕਰੀਬ 6 ਕੁਇੰਟਲ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਮੀ ਦੇ ਨਾਮ ’ਤੇ ਕੱਟ ਲਗਾ ਕੇ ਖਰੀਦਣ ਵਾਲੇ ਜ਼ਿਆਦਾਤਰ ਆੜ੍ਹਤੀਏ ਸ਼ੈਲਰ ਯੂਨੀਅਨ ਦੇ ਅਹੁਦੇਦਾਰ ਹੀ ਹਨ। ਕਿਸਾਨ ਆਗੂ ਗੁਰਜਿੰਦਰ ਸਿੰਘ ਚੱਕ ਨੇ ਦੱਸਿਆ ਕਿ ਮੰਡੀ ਵਿੱਚ ਕੋਈ ਵੀ ਮੰਡੀ ਅਧਿਕਾਰੀ ਦੇਖਣ ਨੂੰ ਨਹੀਂ ਮਿਲਦਾ ਅਤੇ ਸਰਕਾਰੀ ਰੇਟ 2320 ਰੁਪਏ ਹੋਣ ਦੇ ਬਾਵਜੂਦ ਕਿਸਾਨਾਂ ਕੋਲੋਂ 1750 ਤੋਂ 2200 ਰੁਪਏ ਪ੍ਰਤੀ ਕੁਇੰਟਲ ਫਸਲ ਖਰੀਦੀ ਜਾ ਰਹੀ ਹੈ। ਉਸਨੇ ਦੱਸਿਆ ਕਿ 17 ਫੀਸਦੀ ਨਮੀ ਵਾਲੇ ਨੂੰ 5 ਕਿਲੋ ਪ੍ਰਤੀ ਕੁਇੰਟਲ ਅਤੇ ਇਸ ਤੋਂ ਉਪਰਲੀ ਨਮੀ ਵਾਲੇ ਕੋਲੋਂ 10 ਤੋਂ 15 ਕਿਲੋ ਕੱਟ ਲਗਾ ਕੇ ਫਸਲ ਖਰੀਦੀ ਜਾ ਰਹੀ ਹੈ। ਖਰੀਦੀ ਫਸਲ ਦਾ ਮੌਕੇ ’ਤੇ ਕੋਈ ਪੱਕਾ ਬਿੱਲ ਨਹੀਂ ਦਿੱਤਾ ਜਾਂਦਾ, ਕੇਵਲ ਇੱਕ ਸਾਦੀ ਪਰਚੀ ਉੱਤੇ ਬੋਰੀਆਂ ਦੀ ਗਿਣਤੀ ਲਿਖ ਦਿੱਤੀ ਜਾਂਦੀ ਹੈ।

Advertisement

ਸ਼ੈਲਕ ਮਾਲਕ ਐਸੋਸੀਏਸ਼ਨ ਨੇ ਦੋਸ਼ ਨਕਾਰੇ

ਸ਼ੈਲਰ ਮਾਲਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੋਈ ਆੜ੍ਹਤੀ ਜਾਂ ਸ਼ੈਲਰ ਮਾਲਕ ਨਮੀ ਦੇ ਨਾਮ ’ਤੇ ਕੱਟ ਨਹੀਂ ਲਗਾ ਰਿਹਾ ਅਤੇ ਨਾ ਹੀ ਹਾਲੇ ਸਹੀ ਤਰੀਕੇ ਨਾਲ ਖਰੀਦ ਸ਼ੁਰੂ ਹੋਈ ਹੈ। ਅਜਿਹੇ ਵਿੱਚ ਕੱਟ ਲਗਾ ਕੇ ਖਰੀਦ ਕਰਨਾ ਸੰਭਵ ਹੀ ਨਹੀਂ ਹੈ।

Advertisement

ਜ਼ਿੰਮੇਵਾਰ ਆੜ੍ਹਤੀਏ ਖਿਲਾਫ਼ ਕਾਰਵਾਈ ਕਰਾਂਗੇ: ਮਾਰਕੀਟ ਸਕੱਤਰ

ਮਾਰਕੀਟ ਕਮੇਟੀ ਦੇ ਸਕੱਤਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਤਿੰਨ ਮੰਡੀਆਂ ਦਾ ਚਾਰਜ ਹੋਣ ਕਾਰਨ ਉਹ ਹਰ ਮੰਡੀ ਵਿੱਚ ਪਹੁੰਚ ਨਹੀਂ ਬਣਾ ਸਕਦੇ, ਪਰ ਉਹ ਮੰਡੀਆਂ ਵਿੱਚ ਤਾਇਨਾਤ ਮੰਡੀ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਬਣਦੀ ਹਦਾਇਤ ਕਰਨਗੇ ਅਤੇ ਜਾਂਚ ਉਪਰੰਤ ਦੋਸ਼ੀ ਮਿਲਣ ਵਾਲੇ ਆੜ੍ਹਤੀਏ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement
Author Image

sukhwinder singh

View all posts

Advertisement