For the best experience, open
https://m.punjabitribuneonline.com
on your mobile browser.
Advertisement

ਪੁਲੀਸ ਦੀ ਵਰਦੀ ਵਿੱਚ ਲੁੱਟ-ਖੋਹ ਕਰਨ ਵਾਲਾ ਗਰੋਹ ਕਾਬੂ

11:02 AM May 08, 2024 IST
ਪੁਲੀਸ ਦੀ ਵਰਦੀ ਵਿੱਚ ਲੁੱਟ ਖੋਹ ਕਰਨ ਵਾਲਾ ਗਰੋਹ ਕਾਬੂ
ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਜੋਗਿੰਦਰ ਸਿੰਘ ਓਬਰਾਏ/ਗੁਰਦੀਪ ਸਿੰਘ ਟੱਕਰ
ਖੰਨਾ/ਮਾਛੀਵਾੜਾ, 7 ਮਈ
ਇੱਥੋਂ ਦੀ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ 5 ਮੈਂਬਰੀ ਗਰੋਹ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਦੀ ਵਰਦੀ, ਤਿੰਨ ਗੱਡੀਆਂ, 15 ਗ੍ਰਾਮ ਸੋਨਾ, 6 ਮੋਬਾਈਲ ਅਤੇ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਪੁਲੀਸ ਦੀ ਵਰਦੀ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਇਸ ਸਬੰਧੀ ਐੱਸਪੀ (ਆਈ) ਸੌਰਵ ਜਿੰਦਲ ਨੇ ਦੱਸਿਆ ਕਿ ਇੰਸਪੈਕਟਰ ਭਿੰਦਰ ਸਿੰਘ ਨੂੰ ਪਵਨਦੀਪ ਸਿੰਘ ਵਾਸੀ ਪਿੰਡ ਬੀਜਾ ਨੇ ਸ਼ਿਕਾਇਤ ਕੀਤੀ ਸੀ ਮਾਛੀਵਾੜਾ ਨੇੜਲੇ ਪਿੰਡ ਬੜੌਦੀ ਲਾਗੇ ਗੁਰਿੰਦਰ ਸਿੰਘ ਵਾਸੀ ਭੱਟੀਆਂ, ਅਕਾਸ਼ਦੀਪ ਸਿੰਘ, ਅਮਰਪ੍ਰੀਤ ਸਿੰਘ, ਹਰਦੀਪ ਸਿੰਘ ਲੱਕੀ ਅਤੇ ਹਰਦੀਪ ਸਿੰਘ ਗੁੱਲੂ ਵਾਸੀਆਨ ਮਾਛੀਵਾੜਾ ਉਸ ਦੀ ਕੁੱਟਮਾਰ ਕਰਕੇ 2 ਮੋਬਾਈਲ, ਪੈਨ ਕਾਰਡ, ਪਰਸ, 310 ਰੁਪਏ ਅਤੇ ਬੈਂਕ ਦਾ ਡੈਬਿਟ ਕਾਰਡ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਦੋ ਕਾਰਾਂ ਵਿੱਚ ਫਰਾਰ ਹੋ ਗਏ, ਜਿਨ੍ਹਾਂ ਦੇ ਜਾਅਲੀ ਨੰਬਰ ਲਗਾਏ ਹੋਏ ਸਨ।
ਪੁਲੀਸ ਅਨੁਸਾਰ ਮੁਲਜ਼ਮ ਜਾਅਲੀ ਨੰਬਰ ਲਗਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਸ ’ਤੇ ਪੁਲੀਸ ਨੇ ਤਕਨੀਤੀ ਢੰਗ ਨਾਲ ਤੁਰੰਤ ਕਾਰਵਾਈ ਕਰਦਿਆਂ ਗੁਰਿੰਦਰ ਸਿੰਘ ਉਰਫ਼ ਗੁਰੂ, ਅਕਾਸ਼ਦੀਪ ਸਿੰਘ ਅਤੇ ਅਮਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਪਾਸੋਂ ਵੱਖ ਵੱਖ ਵਾਰਦਾਤਾਂ ਵਿਚ ਖੋਹ ਕੀਤੇ 3 ਮੋਬਾਈਲ, ਬਰੇਜ਼ਾ ਕਾਰ ’ਚੋਂ ਪੰਜਾਬ ਪੁਲੀਸ ਦੀ ਵਰਦੀ ਦੀਆਂ ਜਾਅਲੀ ਕਮੀਜ਼ਾਂ, ਜਾਅਲੀ ਨੰਬਰ ਪਲੇਟਾਂ, ਕ੍ਰਿਪਾਨ ਅਤੇ ਕਿਰਚ ਲੋਹਾ ਬਰਾਮਦ ਹੋਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਕੋਲੋਂ ਕੀਤੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਵਿਅਕਤੀ ਖੋਹ ਕੀਤੇ ਮੋਬਾਈਲ ਹਰਦੀਪ ਸਿੰਘ ਉਰਫ਼ ਗੁੱਲੂ ਵਾਸੀ ਮਾਛੀਵਾੜਾ ਸਾਹਿਬ ਨੂੰ ਵੇਚਦੇ ਸਨ ਜਿਸ ਦੇ ਬਦਲੇ ਉਹ ਉਨ੍ਹਾਂ ਨੂੰ ਨਸ਼ਾ ਦਿੰਦਾ ਸੀ। ਇਸ ’ਤੇ ਉਕਤ ਖਿਲਾਫ਼ ਮੁਕੱਦਮਾ ਦਰਜ ਕਰਕੇ ਹਰਦੀਪ ਸਿੰਘ ਨੂੰ 1 ਮੋਬਾਈਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਨੁਸਾਰ ਉਪਰੋਕਤ ਮੁਲਜ਼ਮ ਪਿਛਲੇ 2-3 ਮਹੀਨਿਆਂ ਤੋਂ ਸਮਰਾਲਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਲਈ ਸਰਗਰਮ ਸਨ, ਜੋ ਰਾਤ ਸਮੇਂ ਪੁਲੀਸ ਦੀ ਵਰਦੀ ਪਾ ਕੇ ਕਾਰਾਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਮੋਬਾਈਲ ਅਤੇ ਨਕਦੀ ਖੋਹ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਲੋਕਾਂ ਤੋਂ ਲੁੱਟਿਆ ਗਿਆ ਸਾਮਾਨ, ਜਿਸ ਵਿਚ 15 ਗ੍ਰਾਮ ਸੋਨਾ, 6 ਮੋਬਾਈਲ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਸਮੇਤ 3 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਲਜ਼ਮਾਂ ਨੇ ਸਮਰਾਲਾ ਅਤੇ ਮਾਛੀਵਾੜਾ ਖੇਤਰ ਵਿੱਚ 9 ਅਤੇ ਲੁਧਿਆਣਾ ’ਚ 2 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ’ਤੇ ਲਿਆਂਦਾ ਗਿਆ ਹੈ ਅਤੇ ਹੋਰ ਵੀ ਪੁੱਛ-ਗਿੱਛ ਜਾਰੀ ਹੈ।

Advertisement

Advertisement
Author Image

joginder kumar

View all posts

Advertisement
Advertisement
×