For the best experience, open
https://m.punjabitribuneonline.com
on your mobile browser.
Advertisement

ਗੱਡੀ ਖੋਹ ਕੇ ਭੱਜੇ ਲੁਟੇਰਿਆਂ ਦਾ ਪੁਲੀਸ ਨਾਲ ਮੁਕਾਬਲਾ

07:33 AM Nov 27, 2023 IST
ਗੱਡੀ ਖੋਹ ਕੇ ਭੱਜੇ ਲੁਟੇਰਿਆਂ ਦਾ ਪੁਲੀਸ ਨਾਲ ਮੁਕਾਬਲਾ
ਮੁਕਾਬਲੇ ਮਗਰੋਂ ਫਰਾਰ ਹੋਏ ਲੁਟੇਰਿਆਂ ਵੱਲੋਂ ਛੱਡੀ ਕਾਰ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

ਦਰਸ਼ਨ ਸਿੰਘ ਸੋਢੀ/ਜਗਤਾਰ ਸਿੰਘ ਲਾਂਬਾ
ਐਸ.ਏ.ਐਸ. ਨਗਰ (ਮੁਹਾਲੀ)/ਅੰਮ੍ਰਿਤਸਰ, 26 ਨਵੰਬਰ
ਮੁਹਾਲੀ ਵਿੱਚ ਅੱਜ ਪੰਜਾਬ ਪੁਲੀਸ ਅਤੇ ਹਥਿਆਰਬੰਦ ਲੁਟੇਰਿਆਂ ਵਿਚਲੇ ਮੁਕਾਬਲਾ ਹੋ ਗਿਆ ਜਿਸ ਮਗਰੋਂ ਲੁਟੇਰੇ ਗੱਡੀ ਛੱਡ ਕੇ ਫਰਾਰ ਹੋ ਗਏ। ਇਹ ਗੱਡੀ ਉਨ੍ਹਾਂ ਅੰਮ੍ਰਿਤਸਰ ’ਚ ਇੱਕ ਡਾਕਟਰ ਜੋੜੇ ਤੋਂ ਖੋਹੀ ਸੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੂੰ ਇਤਲਾਹ ਮਿਲੀ ਸੀ ਕਿ ਤਿੰਨ ਹਥਿਆਰਬੰਦ ਲੁਟੇਰੇ ਅੰਮ੍ਰਿਤਸਰ ’ਚੋਂ ਲਗਜ਼ਰੀ ਗੱਡੀ (ਔਡੀ) ਖੋਹ ਕੇ ਮੁਹਾਲੀ ਵੱਲ ਆ ਰਹੇ ਹਨ। ਪੁਲੀਸ ਟੀਮ ਨੇ ਮੁਹਾਲੀ-ਖਰੜ ਨੈਸ਼ਨਲ ਹਾਈਵੇਅ ’ਤੇ ਨਾਕਾ ਲਗਾ ਲਿਆ। ਮੁਲਜ਼ਮ ਜਦੋਂ ਨਾਕੇ ਤੋਂ ਭੱਜੇ ਤਾਂ ਪੁਲੀਸ ਨੇ ਪਿੱਛਾ ਕਰ ਕੇ ਉਨ੍ਹਾਂ ਨੂੰ ਜੁਝਾਰ ਨਗਰ ਨੇੜੇ ਘੇਰ ਲਿਆ। ਇਸ ਦੌਰਾਨ ਕਾਰ ਸਵਾਰਾਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਤਿੰਨੋਂ ਲੁਟੇਰੇ ਕਾਰ ਛੱਡ ਕੇ ਫ਼ਰਾਰ ਹੋ ਗਏ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇੰਸਪੈਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਚੰਡੀਗੜ੍ਹ ਵਿੱਚ ਪਨਾਹ ਲੈਣ ਦਾ ਸ਼ੱਕ ਹੈ। ਜਾਂਚ ਦੌਰਾਨ ਪੁਲੀਸ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਮਿਲੀਆਂ ਹਨ, ਜਿਨ੍ਹਾਂ ਵਿੱਚ ਤਿੰਨੋਂ ਹਮਲਾਵਰ ਪਿੰਡ ਦੀਆਂ ਗਲੀਆਂ ’ਚੋਂ ਭੱਜਦੇ ਨਜ਼ਰ ਆ ਰਹੇ ਹਨ। ਪੁਲੀਸ ਨੇ ਔਡੀ ਗੱਡੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਫੋਰੈਂਸਿਕ ਟੀਮ ਨੂੰ ਮੌਕੇ ’ਤੇ ਸੱਦਿਆ ਗਿਆ। ਤਲਾਸ਼ੀ ਦੌਰਾਨ ਕਾਰ ’ਚੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਮਜੀਠਾ ਰੋਡ ਸਥਿਤ ਕੇਡੀ ਹਸਪਤਾਲ ਨੇੜੇ ਬੀਤੀ ਰਾਤ ਇਨ੍ਹਾਂ ਲੁਟੇਰਿਆਂ ਨੇ ਡਾਕਟਰ ਜੋੜੇ ਤੋਂ ਇਹ ਕਾਰ ਖੋਹੀ ਸੀ। ਡਾਕਟਰ ਜੋੜਾ ਇੱਕ ਵਿਆਹ  ਸਮਾਗਮ ਵਿੱਚੋਂ ਪਰਤ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਤਰੁਣ ਕੁਮਾਰ ਬੇਰੀ ਨੂੰ ਹਥਿਆਰਬੰਦ ਲੁਟੇਰਿਆਂ ਨੇ ਪਹਿਲਾਂ ਗੋਲੀ ਚਲਾ ਕੇ ਡਰਾਉਣ ਦਾ ਯਤਨ ਕੀਤਾ। ਵਿਰੋਧ ਕਰਨ ’ਤੇ ਉਨ੍ਹਾਂ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਾਂ ਡਾਕਟਰ ਕਾਰ ’ਚੋਂ ਬਾਹਰ ਆ ਗਿਆ ਤੇ ਲੁਟੇਰੇ ਕਾਰ ਲੈ ਕੇ ਫ਼ਰਾਰ ਹੋ ਗਏ ਸਨ। ਦੱਸਣਯੋਗ ਹੈ ਕਿ ਡਾ. ਤਰੁਣ ਕੁਮਾਰ ਬੇਰੀ ਪੁਤਲੀਘਰ ਇਲਾਕੇ ’ਚ ਇਕ ਨਿੱਜੀ ਹਸਪਤਾਲ ਚਲਾਉਂਦਾ ਹੈ।

Advertisement

Advertisement

Advertisement
Author Image

Advertisement