ਪੈਟਰੋਲ ਪੰਪ ’ਤੇ ਲੁੱਟ-ਖੋਹ ਕਰਨ ਵਾਲੇ ਕਾਬੂ
ਦੇਵਿੰਦਰ ਸਿੰਘ ਜੱਗੀ
ਪਾਇਲ, 30 ਅਗਸਤ
ਥਾਣਾ ਮਲੌਦ ਦੀ ਪੁਲੀਸ ਪਾਰਟੀ ਨੇ ਜੁਗੇੜਾ ਪੈਟਰੋਲ ਪੰਪ ’ਤੇ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਨੂੰ ਪੰਜ ਘੰਟਿਆਂ ਵਿੱਚ ਸਣੇ ਨਗਦੀ ਗ੍ਰਿਫ਼ਤਾਰ ਕਰ ਲਿਆ ਹੈ।
ਡੀਐੱਸਪੀ ਪਾਇਲ ਦੀਪਕ ਕੁਮਾਰ ਨੇ ਦੱਸਿਆ ਕਿ 29 ਅਗਸਤ ਨੂੰ ਗੌਤਮ ਝਾਅ ਵਾਸੀ ਉਤਮ ਕਲੋਨੀ ਨੇ ਥਾਣੇਦਾਰ ਸੁਖਦੀਪ ਸਿੰਘ ਥਾਣਾ ਮਲੌਦ ਕੋਲ ਸ਼ਿਕਾਇਤ ਕੀਤੀ ਕਿ ਉਹ ਕਪਿਲਾ ਫਿਊਲਜ਼ ਪੈਟਰੋਲ ਪੰਪ ’ਤੇ ਮੈਨੇਜਰ ਹੈ। ਕੱਲ੍ਹ ਰਾਤ ਸਵਾ 12 ਵਜੇ ਉਹ ਪੰਪ ਬੰਦ ਕਰ ਕੇ ਸੇਲਜ਼ਮੈਨ ਖੜਕ ਸਿੰਘ ਨਾਲ ਪੈਟਰੋਲ ਪੰਪ ’ਤੇ ਬਣੇ ਕਮਰੇ ਵਿੱਚ ਸੌਣ ਲੱਗਾ ਸੀ। ਕਰੀਬ 12.30 ਵਜੇ ਰਾਤ ਉਸ ਨੂੰ ਖੜਕਾ ਸੁਣਾਈ ਦਿੱਤਾ, ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਕਿ ਪ੍ਰੀਤਪਾਲ ਸਿੰਘ ਵਾਸੀ ਪਿੰਡ ਨਾਨਕਪੁਰ ਜਗੇੜਾ, ਸਤਵਿੰਦਰ ਸਿੰਘ ਵਾਸੀ ਮੰਡੀ ਅਹਿਮਦਗੜ੍ਹ ਤੇ ਅਮਨਦੀਪ ਸਿੰਘ ਵਾਸੀ ਅੰਬੇਦਕਰ ਨਗਰ ਮੰਡੀ ਅਹਿਮਦਗੜ੍ਹ ਦਫ਼ਤਰ ਦਾ ਸ਼ੀਸ਼ਾ ਤੋੜ ਰਹੇ ਸਨ। ਉਹ ਤਿੰਨੇ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਵਿਰੋਧ ਕਰਨ ’ਤੇ ਸ਼ਿਕਾਇਤਕਰਤਾ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਅਤੇ ਮੇਜ ਦਾ ਦਰਾਜ ਤੋੜ ਕੇ 40,000 ਰੁਪਏ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਐੱਸਐੱਚਓ ਮਲੌਦ ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰੀਤਪਾਲ, ਸਤਵਿੰਦਰ ਸਿੰਘ ਤੇ ਅਮਨਦੀਪ ਸਿੰਘ ਕੋਲੋਂ 23 ਹਜ਼ਾਰ ਰੁਪਏ ਨਗਦੀ, ਪ੍ਰਿਤਪਾਲ ਸਿੰਘ ਕੋਲੋਂ ਲੋਹੇ ਦਾ ਦਾਹ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ।