ਬੱਸ ਸਟੈਂਡ ’ਤੇ ਤਾਇਨਾਤ ਰੋਡਵੇਜ਼ ਕਰਮਚਾਰੀ ਦੀ ਹੱਤਿਆ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਨਵੰਬਰ
ਦੀਵਾਲੀ ਵਾਲੀ ਰਾਤ ਅੰਬਾਲਾ ਕੈਂਟ ਬੱਸ ਸਟੈਂਡ ’ਤੇ ਤਾਇਨਾਤ ਰੋਡਵੇਜ਼ ਦੇ ਕਰਮਚਾਰੀ ਦੀ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਕਰਮਚਾਰੀ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਸੋਨੀਪਤ ਦੇ ਪਟੇਲ ਨਗਰ ਦਾ ਵਸਨੀਕ ਰਾਜਵੀਰ (51) ਪੁੱਤਰ ਓਮ ਪ੍ਰਕਾਸ਼ ਰੋਡਵੇਜ਼ ਵਿੱਚ ਡਰਾਈਵਰ ਸੀ। ਲੰਘੀ ਰਾਤ ਉਸ ਦੀ ਡਿਊਟੀ ਅੰਬਾਲਾ ਕੈਂਟ ਬੱਸ ਸਟੈਂਡ ’ਤੇ ਪਾਰਕਿੰਗ ਦੀ ਲੱਗੀ ਹੋਈ ਸੀ। ਦੇਰ ਰਾਤ ਕਰੀਬ 2 ਵਜੇ ਇਕ ਡਸਟਰ ਗੱਡੀ (ਐੱਚਆਰ-19ਜੀ-8118) ਵਿੱਚ ਆਏ ਚਾਰ-ਪੰਜ ਵਿਅਕਤੀਆਂ ਨੇ ਪਹਿਲਾਂ ਰਾਜਵੀਰ ਨਾਲ ਬਹਿਸ ਕੀਤੀ ਅਤੇ ਫਿਰ ਉਸ ’ਤੇ ਹਮਲਾ ਬੋਲ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿੱਚ ਰਾਜਵੀਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਸੂਚਨਾ ਮਿਲਣ ’ਤੇ ਲਾਲ ਕੁੜਤੀ ਚੌਕੀ ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।