For the best experience, open
https://m.punjabitribuneonline.com
on your mobile browser.
Advertisement

ਰੋਡਵੇਜ਼ ਦੇ ਕੰਟਰੈਕਟ ਕਾਮਿਆਂ ਦੀ ਹੜਤਾਲ ਮੁਲਤਵੀ

10:21 AM Jun 28, 2023 IST
ਰੋਡਵੇਜ਼ ਦੇ ਕੰਟਰੈਕਟ ਕਾਮਿਆਂ ਦੀ ਹੜਤਾਲ ਮੁਲਤਵੀ
ਬਠਿੰਡਾ ’ਚ ਪੀਆਰਟੀਸੀ ਮੁਲਾਜ਼ਮਾਂ ਦੀ ਹਡ਼ਤਾਲ ਕਾਰਨ ਬੱਸ ਅੱਡੇ ’ਤੇ ਖੁਆਰ ਹੁੰਦੇ ਲੋਕ। -ਫੋਟੋ: ਪਵਨ ਸ਼ਰਮਾ
Advertisement

ਜੋਗਿੰਦਰ ਸਿੰਘ ਮਾਨ

Advertisement

ਮਾਨਸਾ, 27 ਜੂਨ

ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੰਟਰੈਕਟ ਕਾਮਿਆਂ ਵੱਲੋਂ ਅੱਜ ਸਵੇਰ ਤੋਂ ਦੋ ਦਿਨਾਂ ਲਈ ਹੜਤਾਲ ਆਰੰਭ ਕੀਤੀ ਗਈ ਸੀ ਅਤੇ ਸ਼ਾਮ ਨੂੰ ਮੰਗਾਂ ਮੰਨਣ ਸਬੰਧੀ ਹੋਏ ਇਕ ਸਮਝੌਤੇ ਤੋਂ ਬਾਅਦ ਬੱਸ ਸੇਵਾ ਬਹਾਲ ਕਰ ਦਿੱਤੀ ਗਈ। ਇਸੇ ਦੌਰਾਨ ਕੰਟਰੈਕਟ ਕਾਮਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਨੀਆਂ ਹੋਈਆਂ ਮੰਗਾਂ 10 ਜੁਲਾਈ ਤਕ ਲਾਗੂ ਨਾ ਹੋਈਆਂ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ।

ਹੜਤਾਲ ਕਾਰਨ ਆਮ ਲੋਕਾਂ ਨੂੰ ਦਿਨ ਭਰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਸਮਝੌਤਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਉਚ ਅਧਿਕਾਰੀਆਂ ਅਤੇ ਜਥੇਬੰਦਕ ਆਗੂਆਂ ਵਿਚਕਾਰ ਲਗਾਤਾਰ ਤਿੰਨ ਗੇੜ ਦੀਆਂ ਮੀਟਿੰਗਾਂ ਤੋਂ ਬਾਅਦ ਹੋਇਆ। ਹੜਤਾਲ ਮੁਲਤਵੀ ਕਰਨ ਸਬੰਧੀ ਅਤੇ ਬੱਸ ਸੇਵਾ ਬਹਾਲ ਕਰਨ ਬਾਰੇ ਜਾਣਕਾਰੀ ਜਥੇਬੰਦਕ ਆਗੂ ਕਮਲ ਕੁਮਾਰ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਕੁਲਵੰਤ ਸਿੰਘ ਮਨੇਸ਼ ਵੱਲੋਂ ਪ੍ਰੈੱਸ ਨੋਟ ਰਾਹੀਂ ਦਿੱਤੀ ਗਈ ਹੈ। ਇਸ ਹੜਤਾਲ ਨਾਲ ਨਜਿੱਠਣ ਲਈ ਪਨਬਸ ਅਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਪੱਕੇ ਮੁਲਾਜ਼ਮਾਂ ਅਤੇ ਹਾਲ ਹੀ ਵਿੱਚ ਬਹਾਲ ਹੋਏ ਕਾਮਿਆਂ ਰਾਹੀਂ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਸੀ ਪਰ ਜ਼ਿਆਦਾਤਰ ਬੱਸਾਂ ਦੇ ਨਾ ਚੱਲਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕੰਟਰੈਕਟ ਕਾਮੇ ਹੋਰਨਾਂ ਮੰਗਾਂ ਤੋਂ ਇਲਾਵਾ ਸੇਵਾਵਾਂ ਪੱਕੀਆਂ ਕਰਨ ਤੇ ਤਨਖਾਹਾਂ ’ਚ ਵਾਧੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਬੱਸ ਡਿਪੂਆਂ ਅੱਗੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ।

ਬਠਿੰਡਾ (ਸ਼ਗਨ ਕਟਾਰੀਆ): ਰੋਡਵੇਜ਼ ਕਾਮਿਆਂ ਦੀ ਹੜਤਾਲ ਕਾਰਨ ਇਥੇ ਸਰਕਾਰੀ ਬੱਸਾਂ ਦਾ ਪਹੀਆ ਜਾਮ ਰਿਹਾ। ਹੜਤਾਲੀ ਕਰਮਚਾਰੀਆਂ ਨੇ ਪੀਆਰਟੀਸੀ ਡਿੱਪੂ ਅੱਗੇ ਰੋਸ ਵਿਖਾਵਾ ਕਰਦਿਆਂ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਅਪਣਾਉਣ ਦਾ ਦੋਸ਼ ਲਾਇਆ। ਸਰਕਾਰੀ ਬੱਸਾਂ ਸੜਕੋਂ ਲੱਥੀਆਂ ਹੋਣ ਕਰਕੇ ਨਿੱਜੀ ਟਰਾਂਸਪੋਰਟਰਾਂ ਦੀ ਚਾਂਦੀ ਰਹੀ। ਜਿਨ੍ਹਾਂ ਰੂਟਾਂ ’ਤੇ ਸਿਰਫ ਸਰਕਾਰੀ ਬੱਸਾਂ ਦੀ ਅਜਾਰੇਦਾਰੀ ਹੈ, ਉਨ੍ਹਾਂ ਰੂਟਾਂ ’ਤੇ ਸਫ਼ਰ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।

ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ): ਰੋਡਵੇਜ਼ ਦੇ ਕੰਟਰੈਕਟ ਕਾਮਿਆਂ ਨੇ ਮੰੰਗਾਂ ਮਨਵਾਉਣ ਲਈ ਪਟਿਆਲਾ ਡਿੱਪੂ ਦੇ ਗੇਟ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਹੜਤਾਲ ਕਾਰਨ ਅੱਜ ਪੰਜਾਬ ਵਿਚ 50 ਫੀਸਦੀ ਸਰਕਾਰੀ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਇਨ੍ਹਾਂ ਬੱਸਾਂ ਦੇ ਬੰਦ ਰਹਿਣ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਘਾਟਾ ਪਿਆ। ਜਿਹੜੀਆਂ ਬੱਸਾਂ ਚੱਲ ਰਹੀਆਂ ਸਨ ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਦੌਰਾਨ ਕੱਢੇ ਗਏ ਤਿੰਨ ਸੌ ਦੇ ਕਰੀਬ ਵਰਕਰ ਚਲਾ ਰਹੇ ਸਨ ਜਿਨ੍ਹਾਂ ਨੂੰ ਕੁੱਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੜ ਕੰਮ ’ਤੇ ਵਾਪਸ ਰੱਖਿਆ ਸੀ।

ਜਲੰਧਰ (ਹਤਿੰਦਰ ਮਹਿਤਾ): ਇੱਥੇ ਅੱਜ ਹੜਤਾਲ ਦੌਰਾਨ ਰੋਡਵੇਜ਼ ਕਾਮਿਆਂ ਨੇ ਦੋਵਾਂ ਡਿੱਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ। ਇਸੇ ਦੌਰਾਨ ਪ੍ਰਾਈਵੇਟ ਬੱਸਾਂ ਵਿਚ ਭੀੜ ਦੇਖਣ ਨੂੰ ਮਿਲੀ ਤੇ ਕਈ ਰੂਟਾਂ ’ਤੇ ਸਵਾਰੀਆਂ ਬੱਸਾਂ ਦੀਆਂ ਛੱਤਾਂ ’ਤੇ ਵੀ ਸਫਰ ਕਰਦੀਆਂ ਦੇਖੀਆਂ ਗਈਆਂ। ਇਸੇ ਦੌਰਾਨ ਵਰਕਰਜ਼ ਯੂਨੀਅਨ ਅਤੇ ਸਰਕਾਰ ਵਿਚਕਾਰ ਅੱਜ ਹੋਈ ਮੀਟਿੰਗ ਵਿਚ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਤੇ 28 ਜੂਨ ਨੂੰ ਸਰਕਾਰੀ ਬੱਸਾਂ ਸੜਕਾਂ ’ਤੇ ਦੌੜਨਗੀਆਂ।

ਹੜਤਾਲ ਕਾਰਨ ਯਾਤਰੀ ਹੋਏ ਖੱਜਲ-ਖੁਆਰ

ਹੁਸ਼ਿਆਰਪੁਰ/ਫਿਰੋਜ਼ਪੁਰ/ਲੁਧਿਆਣਾ: ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟੇਸ਼ਨ ਕਾਰਪੋਰੇਸ਼ਨ ਦੇ ਕੰਟਰੈਕਟ ਕਾਮਿਆਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਹੜਤਾਲ ਕੀਤੀ। ਰੋਡਵੇਜ਼ ਕਾਮੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਤੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਇਸ ਹੜਤਾਲ ਕਾਰਨ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਯਾਤਰੀ ਸੰਗਰੂਰ, ਲੁਧਿਆਣਾ, ਮੋਗਾ, ਮੁਕਤਸਰ, ਅੰਮ੍ਰਿਤਸਰ, ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਪਟਿਆਲਾ ਦੇ ਬੱਸ ਅੱਡਿਆਂ ’ਤੇ ਫਸੇ ਰਹੇ। ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰੋਡਵੇਜ਼ ਕਾਮਿਆਂ ਨੇ ਅੱਜ ਸੂਬੇ ਦੇ 27 ਬੱਸ ਡਿਪੂਆਂ ’ਤੇ ਰੋਸ ਪ੍ਰਦਰਸ਼ਨ ਕੀਤੇ। ਇਨ੍ਹਾਂ ਕਾਮਿਆਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਜਾਣ ਤੇ ਸਾਲਾਨਾ ਤਨਖਾਹਾਂ ਵਿੱਚ ਪੰਜ ਫੀਸਦੀ ਵਾਧਾ ਕੀਤਾ ਜਾਵੇ। ਕਾਮਿਆਂ ਨੇ ਰੋਸ ਪ੍ਰਦਰਸ਼ਨ ਦੌਰਾਨ ਕਾਲੇ ਝੰਡੇ ਲਹਿਰਾਏ ਤੇ ਮੰਗਾਂ ਨਾ ਮੰਨੇ ਜਾਣ ’ਤੇ ਤਿੱਖੇ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਸੱਤ ਹਜ਼ਾਰ ਕਰਮਚਾਰੀਆਂ ਨੇ ਹੜਤਾਲ ’ਚ ਸ਼ਮੂਲੀਅਤ ਕੀਤੀ ਅਤੇ ਰੈਗੂਲਰ ਮੁਲਾਜ਼ਮ ਹੀ ਡਿਊਟੀ ’ਤੇ ਪਹੁੰਚੇ। ਪ੍ਰਦਰਸ਼ਨਕਾਰੀਆਂ ਅਨੁਸਾਰ ਹੜਤਾਲ ਕਾਰਨ ਤਿੰਨ ਹਜ਼ਾਰ ਸਰਕਾਰੀ ਬੱਸਾਂ ਸੜਕਾਂ ’ਤੇ ਨਾ ਉਤਰ ਸਕੀਆਂ। ਕਈ ਮੁਸਾਫਿਰ ਹੜਤਾਲ ਬਾਰੇ ਬੇਖ਼ਬਰ ਸਨ ਜਿਨ੍ਹਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵਧੇਰੇ ਔਰਤਾਂ ਸਰਕਾਰੀ ਬੱਸਾਂ ਵਿੱਚ ਸਫਰ ਕਰਦੀਆਂ ਹਨ ਕਿਉਂਕਿ ਸਰਕਾਰ ਨੇ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਹੋਈ ਹੈ। ਹੜਤਾਲ ਕਾਰਨ ਇਨ੍ਹਾਂ ਔਰਤਾਂ ਨੂੰ ਮਜਰੂਬ ਹੋ ਕੇ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਨਾ ਪਿਆ। ਫਿਰੋਜ਼ਪੁਰ ਵਿੱਚ 70 ਵਰ੍ਹਿਆਂ ਦੇ ਭੀਮ ਪ੍ਰਕਾਸ਼ ਤੇ ਉਸ ਦੀ 63 ਸਾਲਾਂ ਦੀ ਪਤਨੀ ਰਾਜ ਰਾਣੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੂੰ ਰੋਡਵੋਜ਼ ਕਾਮਿਆਂ ਦੀ ਹੜਤਾਲ ਬਾਰੇ ਪਤਾ ਨਹੀਂ ਸੀ। ਹੁਣ ਉਹ ਫਿਰੋਜ਼ਪੁਰ ਵਿੱਚ ਫਸ ਗਏ ਹਨ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×